For the best experience, open
https://m.punjabitribuneonline.com
on your mobile browser.
Advertisement

ਕਵਿਤਾ ਦੀ ਕਿਣਮਿਣ ਮੇਰੇ ਸ਼ਹਿਰ ਉੱਤੇ

10:51 AM Aug 20, 2023 IST
ਕਵਿਤਾ ਦੀ ਕਿਣਮਿਣ ਮੇਰੇ ਸ਼ਹਿਰ ਉੱਤੇ
ਕਵੀ ਦਰਬਾਰ ਦੀ ਇਹ ਤਸਵੀਰ ਸੰਕੇਤਕ ਰੂਪ ਵਿਚ ਵਰਤੀ ਗਈ ਹੈ।
Advertisement

ਜਸਬੀਰ ਭੁੱਲਰ

Advertisement

ਵਿਗਸਣ ਵੇਲ

Advertisement

ਉਹ ਵੇਲਾ 1955-56 ਦਾ ਸੀ।
ਮੇਰੇ ਸ਼ਹਿਰ ਤਰਨ ਤਾਰਨ ਉੱਤੇ ਕਵਿਤਾ ਦੀ ਰੁੱਤ ਉੱਤਰ ਆਈ ਸੀ। ਲੱਗਦਾ ਸੀ, ਹਰ ਕੋਈ ਕਵੀ ਹੋ ਗਿਆ ਸੀ। ਸ਼ਹਿਰ ਵਿਚ ਕਵੀ ਦਰਬਾਰ ਹੋਣ ਲੱਗ ਪਏ ਸਨ। ਸੂਚਨਾ ਹਿੱਤ ਸ਼ਹਿਰ ਦੀਆਂ ਕੰਧਾਂ ਉੱਤੇ ਇਸ਼ਤਿਹਾਰ ਚਿਪਕ ਜਾਂਦੇ ਸਨ। ਗਲੀਆਂ, ਬਾਜ਼ਾਰਾਂ ਵਿਚ ਕਵੀ ਦਰਬਾਰ ਬਾਰੇ ਢੰਡੋਰਚੀ ਢੰਡੋਰਾ ਫੇਰਨ ਲੱਗ ਪੈਂਦੇ ਸਨ।
ਸ਼ਹਿਰ ਵਿਚ ਇਕ ਖੁੱਲ੍ਹਾ ਮੈਦਾਨ ਸੀ। ਉਸ ਨੂੰ ਪੜਾਅ ਆਖਦੇ ਸਨ। ਉਹ ਪੜਾਅ ਹੀ ਇਨ੍ਹਾਂ ਕਵੀ ਦਰਬਾਰਾਂ ਦਾ ਕੇਂਦਰ ਸੀ।
ਮੈਂ ਉਦੋਂ ਅੱਠਵੀਂ ਜਾਂ ਸ਼ਾਇਦ ਨੌਵੀਂ ਵਿਚ ਪੜ੍ਹਦਾ ਸਾਂ। ਉਹ ਕਵੀ-ਦਰਬਾਰ ਮੇਰੀ ਪ੍ਰੇਰਣਾ ਹੋ ਗਏ ਸਨ। ਸਕੂਲ ਦੇ ਕੰਮ ਵਾਲੀਆਂ ਕਾਪੀਆਂ ਦੇ ਪਿਛਲੇ ਵਰਕੇ ਮੈਂ ਕਵਿਤਾਵਾਂ ਲਿਖ ਲਿਖ ਭਰਦਾ ਰਹਿੰਦਾ ਸਾਂ।
ਸ਼ਹਿਰ ਦੇ ਕਵੀਆਂ ਤੋਂ ਇਲਾਵਾ ਉਸ ਵੇਲੇ ਦੇ ਮਸ਼ਹੂਰ ਕਵੀ ਤੇ ਸਟੇਜੀ ਕਵੀ ਉਨ੍ਹਾਂ ਕਵੀ ਦਰਬਾਰਾਂ ਵਿਚ ਸ਼ਾਮਲ ਹੁੰਦੇ ਸਨ। ਕਵੀ ਦਰਬਾਰ ਢਲਦੀ ਰਾਤ ਤਕ ਜਾਰੀ ਰਹਿੰਦਾ ਸੀ। ਕਵਿਤਾ ਪ੍ਰੇਮੀਆਂ ਦੀ ਗਿਣਤੀ ਹਜ਼ਾਰ ਤੋਂ ਟੱਪ ਜਾਂਦੀ ਸੀ।
ਉਨ੍ਹੀਂ ਦਿਨੀਂ ਨੰਦ ਲਾਲ ਨੂਰਪੁਰੀ ਦੇ ਗੀਤਾਂ ਦੀ ਖ਼ੂਬ ਚਰਚਾ ਸੀ। ਲੋਕਾਂ ਦਾ ਖ਼ਿਆਲ ਸੀ ਕਿ ਉਹ ਤਰਲ ਜਿਹੇ ਗੀਤ ਨਾਲ ਉਨ੍ਹਾਂ ਦੇ ਧੁਰ ਅੰਦਰ ਘਰ ਬਣਾ ਲਵੇਗਾ। ਜਦੋਂ ਉਹਨੇ ਨਵਾਂ ਲਿਖਿਆ ਆਪਣਾ ਗੀਤ ਸੁਣਾਇਆ ਤਾਂ ਲੋਕ ਹੈਰਾਨ ਰਹਿ ਗਏ। ਨੰਦ ਲਾਲ ਨੂਰਪੁਰੀ ਦੀ ਆਵਾਜ਼ ਬੜੀ ਗੜ੍ਹਕਵੀਂ ਸੀ। ਲੱਗਦਾ ਸੀ ਜਿਵੇਂ ਬੀਰ ਰਸ ਦੀ ਕਵਿਤਾ ਸੁਣਾ ਰਿਹਾ ਹੋਵੇ। ਗੀਤ ਦੇ ਬੋਲ ਸਨ,
‘‘ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ।’’
ਇਸ ਗੀਤ ਤੋਂ ਬਾਅਦ ਵੀ ਉਹਨੇ ਅਗਲਾ ਗੀਤ ਬੀਰਰਸੀ ਰੌਂਅ ਵਿਚ ਹੀ ਸੁਣਾਇਆ।
ਵਿਧਾਤਾ ਸਿੰਘ ਤੀਰ ਅਤੇ ਕਰਤਾਰ ਸਿੰਘ ਬਲੱਗਣ ਦੀਆਂ ਕਵਿਤਾਵਾਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਸਨ। ਬਲੱਗਣ ਤਾਂ ਵਿਚ ਵਿਚਾਲੇ ਕਵਿਤਾ ਰੋਕ ਕੇ ਪੀਣ ਲਈ ਪਾਣੀ ਵੀ ਮੰਗਦਾ ਸੀ।
ਅਗਲੇ ਦਿਨ ਉਹ ਦੋਵੇਂ ਸ਼ਾਇਰ ਭਾਈ ਮੋਹਨ ਸਿੰਘ ਵੈਦ ਦੀ ਦੁਕਾਨ ਉੱਤੇ ਵਿਖਾਈ ਦਿੰਦੇ ਸਨ। ਉਹ ਸ਼ਾਇਦ ਉੱਥੋਂ ਆਪਣੇ ‘ਕਵਿਤਾ’ ਰਸਾਲੇ ਲਈ ਇਸ਼ਤਿਹਾਰ ਮੰਗਦੇ ਸਨ ਜਾਂ ਸ਼ਾਇਦ ਸਰੀਰਕ ਤੇ ਦਿਮਾਗੀ ਤਾਕਤ ਲਈ ਉੱਥੋਂ ‘ਕਸਤੂਰੀ ਆਦਿ ਬੱਟੀ’ ਦੀਆਂ ਗੋਲੀਆਂ ਲੈ ਕੇ ਜਾਂਦੇ ਸਨ।
ਬਿਸ਼ਨ ਸਿੰਘ ਉਪਾਸ਼ਕ ਤਰਨ ਤਾਰਨ ਦੇ ਕਵੀ ਦਰਬਾਰਾਂ ਵਿਚ ਬੱਸ ਕੁਝ ਕੁ ਵਾਰ ਹੀ ਆਇਆ ਸੀ। ਉਹਦੀ ਇਕ ਕਵਿਤਾ ਬਹੁਤ ਮਕਬੂਲ ਹੋਈ ਸੀ:
‘‘ਪਾਸ਼ੋ ਜਵਾਨ ਹੋ ਗਈ!
ਪਤਲੀ ਜਿਹੀ ਤਣ ਕੇ
ਵਾਂਗੂੰ ਕਮਾਨ ਹੋ ਗਈ!
ਪਾਸ਼ੋ ਜਵਾਨ ਹੋ ਗਈ।’’
ਜਵਾਨ ਹੋਣ ਪਿੱਛੋਂ ਪਾਸ਼ੋ ਨਾਲ ਹੋਰ ਕੀ-ਕੀ ਹੋਇਆ, ਸਾਰੇ ਵੇਰਵੇ ਉਸ ਕਵਿਤਾ ਵਿਚ ਸਨ।
ਈਸ਼ਰ ਸਿੰਘ ਭਾਈਆ ਕਵਿਤਾ ਸੁਣਾਉਂਦਾ ਤਾਂ ਖ਼ੂਬ ਵਾਹਵਾ ਖੱਟਦਾ। ਉਹਦੀ ਕਵਿਤਾ ਚੇਤੇ ਵਿਚ ਰਹਿ ਜਾਂਦੀ ਸੀ। ਉਹ ਆਖਦਾ;
‘‘ਕੋਈ ਜੰਮਦਾ ਏ ਘਰਾਂ ਵਿਚ
ਤੇ ਕੋਈ ਹਸਪਤਾਲਾਂ ਵਿਚ!
ਅਸੀਂ ਉਹ ਸ਼ੇਰ ਦੂਲੇ ਆਂ
ਜੋ ਰੜੇ ਮੈਦਾਨ ਜੰਮੇਂ ਆਂ।’’
ਈਸ਼ਰ ਸਿੰਘ ਭਾਈਏ ਤੋਂ ਬਾਅਦ ਬਹੁਤ ਸਾਰੀ ਦਾਦ ਖੱਟਣ ਵਾਲਾ ਸ਼ਾਇਰ ਉੱਤਮ ਸਿੰਘ ਤੇਜ ਹੁੰਦਾ ਸੀ। ਉਹਦੀ ਅੰਮ੍ਰਿਤਸਰ ਸ਼ਹਿਰ ਵਿਚ ਦੁਕਾਨ ਸੀ। ਉਹ ਭਾਰੇ ਸਰੀਰ ਵਾਲਾ, ਕੁਝ ਵਧੇਰੇ ਮੋਟਾ ਸ਼ਾਇਰ ਸੀ, ਪਰ ਉਸ ਦੀ ਕਵਿਤਾ ਦੇ ਬੋਲ ਸਨ:
‘‘ਸ਼ਾਇਰ ਦੀ ਕੋਮਲ ਦੇਹ
ਨਾ ਨੀਹਾਂ ਦੇ ਵਿਚ ਚਿਣਵਾਉਣੀ
ਮੇਰੀ ਨਾ ਕੋਈ ਮੜ੍ਹੀ ਬਣਾਉਣੀ।’’
ਇਹ ਵਸੀਅਤਨੁਮਾ ਕਵਿਤਾ ਉੱਤਮ ਸਿੰਘ ਤੇਜ ਨੇ ਬੜਾ ਭਾਵੁਕ ਹੋ ਕੇ ਸੁਣਾਈ ਸੀ, ਪਰ ਲੋਕ ਖ਼ੂਬ ਹੱਸੇ ਸਨ।
ਇਕ ਵਾਰ ਸਰੋਤਿਆਂ ਨੂੰ ਮਾਣਮੱਤਾ ਕਰਨ ਲਈ ਉਹਨੇ ਸਿੱਖ ਇਤਿਹਾਸ ਵਿਚੋਂ ਕਵਿਤਾ ਦਾ ਵਿਸ਼ਾ ਚੁਣਿਆ ਸੀ। ਉਸ ਕਵਿਤਾ ਦੇ ਪਿੱਛੇ ਕਹਾਣੀ ਕੁਝ ਇਸ ਤਰ੍ਹਾਂ ਸੀ ਕਿ ਕਿਸੇ ਨੂੰ ਕਿਧਰੇ ਪਿਆ ਹੋਇਆ ਕੁਝ ਦਿਸਦਾ ਹੈ। ਲੋਕ ਇਕੱਠੇ ਹੋ ਜਾਂਦੇ ਹਨ। ਹਰ ਕੋਈ ਆਪੋ ਆਪਣਾ ਅੰਦਾਜ਼ਾ ਲਾਉਂਦਾ ਹੈ ਕਿ ਉਹ ਕੀ ਸ਼ੈਅ ਹੈ। ਤੇਜ ਦੀ ਉਹ ਸਾਰੀ ਕਵਿਤਾ ਉਸ ‘ਸ਼ੈਅ’ ਦੀ ਸ਼ਨਾਖਤ ਦੀ ਹੀ ਸੀ। ਹੇਠਲੀਆਂ ਸਤਰਾਂ ਉਸੇ ਕਵਿਤਾ ਦੀਆਂ ਹਨ:
‘‘ਕਿਸੇ ਆਖਿਆ ਟੁੱਟੀ ਕਮਾਨ ਜਾਪੇ
ਕਿਸੇ ਆਖਿਆ, ਕੁੰਢ ਤਲਵਾਰ ਦਾ ਇਹ
ਕਿਸੇ ਨੱਸ ਕੇ ਸਭ ਨੂੰ ਆਣ ਦੱਸਿਆ-
ਉਏ! ਨਲੂਏ ਸ਼ੇਰ ਦੀ ਮੁੱਛ ਦਾ ਵਾਲ ਹੈ ਇਹ।’’
ਉਸ ਵੇਲੇ ਦੇ ਕਵੀ ਦਰਬਾਰ ਅਣਗਿਣਤ ਲੋਕਾਂ ਲਈ ਪ੍ਰੇਰਣਾ ਬਣੇ ਸਨ। ਤਰਨ ਤਾਰਨ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਪਤਾ ਨਹੀਂ ਕਿੰਨੇ ਕੁ ਲੋਕ ਕਵਿਤਾ ਲਿਖਣ ਲੱਗ ਪਏ ਸਨ। ਕਈਆਂ ਦੇ ਨਾਵਾਂ ਵਿਚ ਵਿਗਾੜ ਵੀ ਪੈਦਾ ਹੋਇਆ ਸੀ। ਵਾਣ ਦੀ ਦੁਕਾਨ ਵਾਲਾ ਤਿਲਕ ਰਾਜ ਆਪਣੇ ਨਾਂ ਦੇ ਨਾਲ ਪਰਵਾਨਾ ਲਿਖਣ ਲੱਗ ਪਿਆ ਸੀ। ਆਖਦੇ ਨੇ, ਉਹ ਵਾਣ ਖਰੀਦਣ ਆਏ ਗਾਹਕਾਂ ਨੂੰ ਰੁਬਾਈਆਂ ਸੁਣਾਉਣ ਲੱਗ ਪਿਆ ਸੀ। ਇਕ ਮੁਨਿਆਰੀ ਦੀ ਦੁਕਾਨ ਵਾਲੇ ਕਵੀ ਦਾ ਨਾਂ ਸ਼ੰਗਾਰਾ ਸਿੰਘ ਸ਼ੰਗਾਰਾ ਹੋ ਗਿਆ ਸੀ। ਚੰਗੀਆਂ ਕਵਿਤਾਵਾਂ ਲਿਖਣ ਵਾਲਿਆਂ ਵਿਚ ਸੁਖਬੀਰ ਸੰਧੂ, ਮਦਨ ਜਸਪਾਲ ਅਤੇ ਕ੍ਰਿਸ਼ਨ ਸੋਜ਼ ਉਭਰਵੇਂ ਨਾਂ ਸਨ।
ਸੁਖਬੀਰ ਸੰਧੂ ਤਰੰਨੁਮ ਛੇੜਦਾ;
‘‘ਜਾਪਦਾ ਏ ਲੰਘ ਸਕੂੰ
ਉਸ ਦੀ ਗਲੀ ’ਚੋਂ ਕੁਝ ਇਸ ਤਰ੍ਹਾਂ,
ਦੋ ਕਦਮ ਚਲਾਂਗਾ ਤੇ
ਮੁੜ ਕੇ ਠਹਿਰ ਜਾਵਾਂਗਾ ਮੈਂ।
ਲੋਕ ਵੇਖਣਗੇ ਤਮਾਸ਼ਾ,
ਜੋ ਕਦੇ ਨਾ ਵੇਖਿਆ
ਲਾਸ਼ ਆਪਣੀ ਹੀ ਉਠਾ ਕੇ
ਗੁਜ਼ਰ ਜਾਵਾਂਗਾ ਮੈਂ।’’
ਮਦਨ ਜਸਪਾਲ ਦਾ ਇਕ ਸ਼ਿਅਰ ਬਹੁਤ ਮਕਬੂਲ ਸੀ,
‘‘ਮੇਰੀਆਂ ਬਰਬਾਦੀਆਂ ਦੇ ਦਰਸ਼ਕੋ!
ਪਿਆਰ ਮੇਰੇ ਤੇ ਕਦੀ ਖੇੜੇ ਵੀ ਸਨ।’’
ਕ੍ਰਿਸ਼ਨ ਸੋਜ਼ ਦੀਆਂ ਗ਼ਜ਼ਲਾਂ ਅਨੋਖੀਆਂ ਤਸ਼ਬੀਹਾਂ ਨਾਲ ਲਬਰੇਜ਼ ਹੁੰਦੀਆਂ ਸਨ:
‘‘ਇੰਜ ਕਹਿ-ਕਹਿ ਕੇ ਤੋੜਿਆ ਮੈਨੂੰ
ਇਸ ਪੱਥਰ ’ਚ ਕਿਧਰੇ ਪਾਣੀ ਹੈ।’’
ਸ਼ਹਿਰ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਪ੍ਰਬੰਧ ਕਰਨ ਵਾਲਿਆਂ ਵਿਚ ਇਕ ਸਰਦਾਰਾ ਸਿੰਘ ਪਾਗਲ ਸੀ। ਉਹ ਕਵੀ ਬਿਰਤੀ ਵਾਲਾ ਸੀ। ਉਹ ਕਵਿਤਾ ਨਹੀਂ ਸੀ ਲਿਖਦਾ, ਪਰ ਉਹਨੂੰ ਦੂਸਰਿਆਂ ਦੇ ਸ਼ਿਅਰ ਖ਼ੂਬ ਯਾਦ ਸਨ। ਜੇ ਉਹਦੇ ਤਖ਼ਲੁਸ ਬਾਰੇ ਕੋਈ ਪੁੱਛਦਾ ਤਾਂ ਉਹ ਅੱਗੋਂ ਜੁਆਬ ਦਿੰਦਾ:
‘‘ਪਾਗਲ ਪਾਗਲ ਕਹਿੰਦੇ ਨੇ
ਇਹ ਪਾਗਲ ਲੋਕੀਂ ਕੀ ਜਾਨਣ
ਇਸ ਪਾਗਲਪਣ ਦੇ ਅੰਦਰ ਤਾਂ
ਇਨਸਾਨ ਵਲੀ ਹੋ ਜਾਂਦਾ ਏ।’’
ਇਕ ਵਾਰ ਪਾਗਲ ਨੇ ਸ਼ਹਿਰ ਦੇ ਕਵੀਆਂ ਦਾ ਕਵੀ ਦਰਬਾਰ ਕਰਵਾਇਆ। ਕੁਝ ਦੋਸਤਾਂ ਦੀ ਸਲਾਹ ਨਾਲ ਮਦਨ ਜਸਪਾਲ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਵੀ ਕਰ ਲਿਆ ਗਿਆ। ਮਦਨ ਜਸਪਾਲ ਨੂੰ ਕਵੀ ਦਰਬਾਰ ਦੌਰਾਨ ਪੰਜ ਸੌ ਰੁਪਏ ਦੀ ਥੈਲੀ ਭੇਟ ਹੋਣੀ ਸੀ। ਉਸ ਥੈਲੀ ਦਾ ਪ੍ਰਬੰਧ ਵੀ ਉਸੇ ਦੇ ਜ਼ਿੰਮੇ ਸੀ। ਉਹਨੇ ਆਪਣੇ ਪਿਤਾ ਕੋਲੋਂ ਹੀ ਇਕ ਦਿਨ ਲਈ ਰੁਪਏ ਹੁਧਾਰ ਫੜ ਲਏ।
ਮਦਨ ਜਸਪਾਲ ਦੇ ਸਨਮਾਨ ਤੋਂ ਪਿੱਛੋਂ ਕਵੀਆਂ ਦਾ ਜਸ਼ਨ ਦੇਰ ਤੱਕ ਚਲਦਾ ਰਿਹਾ। ਸਾਰੇ ਉਹਦੇ ਸਨਮਾਨ ’ਤੇ ਖ਼ੁਸ਼ ਸਨ, ਪਰ ਜਦੋਂ ਮਦਨ ਜਸਪਾਲ ਨੇ ਘਰ ਜਾ ਕੇ ਥੈਲੀ ਖੋਲ੍ਹੀ ਤਾਂ ਵਿਚੋਂ ਸਿਰਫ਼ ਤਿੰਨ ਸੌ ਰੁਪਏ ਨਿਕਲੇ। ਦੋ ਸੌ ਰੁਪਏ ਕਵੀਆਂ ਦੇ ਜਸ਼ਨ ਵਿਚ ਕੰਮ ਆ ਗਏ ਸਨ।
ਕਵੀ ਦਰਬਾਰਾਂ ਕਾਰਨ ਉਦੋਂ ਕਈ ਦਿਲਚਸਪ ਘਟਨਾਵਾਂ ਵੀ ਜਨਮ ਲੈਣ ਲੱਗ ਪਈਆਂ ਸਨ। ਉਹ ਕਵੀ ਦਰਬਾਰ ਮੈਨੂੰ ਅਜੇ ਤੱਕ ਵੀ ਨਹੀਂ ਭੁੱਲਿਆ ਜਿਸ ਵਿਚ ਤਰਨ ਤਾਰਨ ਦੇ ਗੁਰਬਚਨ ਸਿੰਘ ਬੇਤਾਲਾ ਨੇ ਕਵਿਤਾ ਪੜ੍ਹੀ ਸੀ।
ਕਵੀ ਦਰਬਾਰ ਵਿਚ ਚਾਰ ਜਾਂ ਸ਼ਾਇਦ ਪੰਜ ਕਵੀ ਕਵਿਤਾ ਸੁਣਾ ਚੁੱਕੇ ਸਨ, ਕਵਿਤਾ ਸੁਣਾਉਣ ਦੀ ਅਗਲੀ ਵਾਰੀ ਬੇਤਾਲੇ ਦੀ ਆ ਗਈ। ਕਵਿਤਾ ਵਾਲਾ ਕਾਗ਼ਜ਼ ਹੱਥ ਵਿਚ ਫੜੀ ਉਹ ਮਾਈਕ ਸਾਹਵੇਂ ਜਾ ਕੇ ਖਲੋ ਗਿਆ, ਮੂੰਹ ਮਾਈਕ ਦੇ ਨੇੜੇ ਲਿਜਾ ਕੇ ਉਸ ਐਲਾਨ ਕੀਤਾ, ‘‘ਸੱਜਣੋ! ਅਸਲੀ ਕਵੀ ਦਰਬਾਰ ਹੁਣ ਸ਼ੁਰੂ ਹੁੰਦਾ ਏ!’’
ਜਿਹੜੇ ਕਵੀ ਪਹਿਲੋਂ ਕਵਿਤਾ ਸੁਣਾ ਚੁੱਕੇ ਸਨ, ਉਨ੍ਹਾਂ ਲਈ ਬੇਤਾਲੇ ਦੇ ਬੋਲਾਂ ਨੇ ਮੁਆਤੇ ਦਾ ਕੰਮ ਕੀਤਾ। ਉਹ ਰੋਹ ਵਿਚ ਭੜਕ ਉੱਠੇ। ਬੇਤਾਲੇ ਨੇ ਹਾਲੇ ਕਵਿਤਾ ਦੀ ਪੂਣੀ ਵੀ ਨਹੀਂ ਸੀ ਛੋਹੀ ਕਿ ਕਵੀਆਂ ਨੇ ਉਹਨੂੰ ਹੇਠਾਂ ਸੁੱਟ ਲਿਆ। ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਬਣ ਗਿਆ ਕਿ ਪੱਗਾਂ ਲੱਥ ਗਈਆਂ, ਜੂੜੇ ਖੁੱਲ੍ਹ ਗਏ। ਸੀਨੀਅਰ ਕਵੀਆਂ ਨੇ ਵਿਚ ਪੈ ਕੇ ਮਾਹੌਲ ਸ਼ਾਂਤ ਕੀਤਾ ਤੇ ਪੂਰੇ ਕਵੀ ਦਰਬਾਰ ਨੂੰ ਹੀ ‘ਅਸਲੀ’ ਮੰਨ ਲਿਆ।
ਸ਼ਾਇਰ ਬੇਤਾਲੇ ਨੇ ਮਾਇਆ ਵਾਲੀ ਪੱਗ ਮੁੜ ਸਿਰ ਉੱਤੇ ਰੱਖੀ। ਉਂਗਲ ਨਾਲ ਵਾਲ ਪੱਗ ਦੇ ਅੰਦਰ ਕੀਤੇ ਤੇ ਕਵਿਤਾ ਛੋਹੀ:
‘‘ਸ਼ਿਮਲੇ ਦੀ ਮਾਲ ਰੋਡ ਨਾਲੋਂ
ਸਾਨੂੰ ਜੰਡਿਆਲੇ ਰੋਡ ਦਾ ਘੱਟਾ ਚੰਗਾ।’’
ਸਟੇਜ ਸਕੱਤਰ ਨੇ ਬੇਤਾਲੇ ਦੇ ਮਿੱਟੀ ਦੇ ਮੋਹ ਨੂੰ ਖ਼ੂਬ ਸਲਾਹਿਆ।
ਤਰਨ ਤਾਰਨ ਦੀ ਜੰਡਿਆਲਾ ਰੋਡ ਨਿੱਕੇ, ਵੱਡੇ ਟੋਇਆਂ ਨਾਲ ਭਰੀ ਹੋਈ ਸੀ। ਉਸ ਸੜਕ ਉੱਤੇ ਸਾਰਾ ਦਿਨ ਘੱਟਾ ਉਡਦਾ ਰਹਿੰਦਾ ਸੀ।
ਅਗਲੇਰੇ ਦਿਨੀਂ ਸ਼ਾਇਰ ਬੇਤਾਲੇ ਦਾ ਮਿੱਟੀ ਦਾ ਮੋਹ ਉਜਾਗਰ ਹੋ ਗਿਆ। ਮਿੱਟੀ ਦੇ ਪ੍ਰੇਮ ਵਾਲੀ ਉਸ ਸੜਕ ਉੱਤੇ ਦੋ ਜਣਿਆਂ ਨੇ ਬੇਤਾਲੇ ਨੂੰ ਖ਼ੂਬ ਕੁਟਾਪਾ ਚਾੜ੍ਹਿਆ। ਦਰਅਸਲ ਉਸ ਕਵਿਤਾ ਦਾ ਪ੍ਰੇਰਣਾ ਸਰੋਤ ਕੋਈ ਕੁੜੀ ਸੀ ਜਿਹੜੀ ਜੰਡਿਆਲਾ ਰੋਡ ਉੱਤੇ ਰਹਿੰਦੀ ਸੀ। ਬੇਤਾਲੇ ਦੇ ਕਿਸੇ ਦੋਖੀ ਨੇ ਕੁੜੀ ਦੇ ਭਰਾਵਾਂ ਨੂੰ ਉਸ ਕਵਿਤਾ ਬਾਰੇ ਜਾ ਦੱਸਿਆ। ਉਸ ਦਾ ਸਿੱਟਾ ਇਹ ਹੋਇਆ ਕਿ ਬੇਤਾਲਾ ਆਪਣੀ ਪ੍ਰੇਰਣਾ ਦੇ ਦਰਸ਼ਨਾਂ ਤੋਂ ਵਾਂਝਾ ਹੋ ਗਿਆ।
ਜਦੋਂ ਬੇਤਾਲਾ ਖਿਲਰੇ ਵਾਲਾਂ, ਲਿੱਬੜੇ ਕੱਪੜਿਆਂ ਅਤੇ ਕੱਛ ਵਿਚ ਦਿੱਤੀ ਪੱਗ ਸਮੇਤ ਜੰਡਿਆਲਾ ਰੋਡ ਵੱਲੋਂ ਆ ਰਿਹਾ ਸੀ ਤਾਂ ਅੱਧੇ ਸ਼ਹਿਰ ਨੇ ਵੀ ਬੇਤਾਲੇ ਦੇ ਮਿੱਟੀ ਦੇ ਮੋਹ ਬਾਰੇ ਜਾਣ ਲਿਆ।
ਕਰਤਾਰ ਸਿੰਘ ਸਾਬਣ ਵਾਲਾ ਕਿਸੇ ਵੀ ਹੋਰ ਦੇ ਕਵੀ ਦਰਬਾਰ ਵਿਚ ਸ਼ਾਮਲ ਨਹੀਂ ਸੀ ਹੁੰਦਾ। ਕਵੀ ਦਰਬਾਰ ਉਹਦਾ ਆਪਣੇ ਇਕੱਲੇ ਦਾ ਹੁੰਦਾ ਸੀ। ਕਿਸੇ ਜਲੂਸ ਵੇਲੇ ਉਹ ਗੱਡਾ ਕਿਰਾਏ ’ਤੇ ਲੈਂਦਾ, ਮਾਈਕ ਅਤੇ ਲਾਊਡ ਸਪੀਕਰ ਫਿੱਟ ਕਰਵਾਉਂਦਾ ਤੇ ਜਲੂਸ ਦਾ ਹਿੱਸਾ ਹੋ ਜਾਂਦਾ। ਗੱਡਾ ਥਾਂ ਥਾਂ ਰੁਕਵਾ ਕੇ ਉਹ ਤਰੰਨੁਮ ਵਿਚ ਆਪਣਾ ਕਲਾਮ ਸੁਣਾਉਂਦਾ। ਉਹਦੀ ਰਚਨਾ ਫਿਲਮੀ ਗੀਤਾਂ ਦੀ ਤਰਜ਼ ’ਤੇ ਹੁੰਦੀ ਸੀ। ਮਸਲਨ:
ਰੋਟੀ ਨਾ ਕਿਸੇ ਨੂੰ
ਕਿਸੇ ਨੂੰ ਮੋਤੀਆਂ ਦੇ ਢੇਰ
ਦਾਤਾ ਤੇਰੇ ਜਹਾਨ ਵਿਚ
ਅੰਧੇਰ ਹੈ ਅੰਧੇਰ।
ਜਲੂਸ ਦੇ ਰਾਹ ਵਿਚ ਕਰਤਾਰ ਸਿੰਘ ਸਾਬਣ ਵਾਲੇ ਦੀ ਦੁਕਾਨ ਆਉਂਦੀ ਤਾਂ ਉਹ ਗੱਡਾ ਰੁਕਵਾ ਕੇ ਸਾਬਣ ਦੇ ਆਰਡਰ ਵੀ ਲੈ ਲੈਂਦਾ, ਨੌਕਰਾਂ ਨੂੰ ਹਦਾਇਤਾਂ ਵੀ ਦੇ ਆਉਂਦਾ ਤੇ ਵਾਪਸ ਗੱਡੇ ਉੱਤੇ ਚੜ੍ਹ ਕੇ ਗੀਤ ਛੋਹ ਲੈਂਦਾ ਸੀ।
ਉਦੋਂ ਸ਼ਹਿਰ ਵਿਚ ਸਮੱਸਿਆ ਆਧਾਰਿਤ ਕਵੀ ਦਰਬਾਰ ਵੀ ਹੁੰਦੇ ਸਨ। ਕਵੀਆਂ ਨੂੰ ਕਵਿਤਾ ਦੀ ਇਕ ਸਤਰ ਦਿੱਤੀ ਜਾਂਦੀ ਸੀ। ਮਸਲਨ:
‘‘ਵੀਰਾ ਤਸਵੀਰਾਂ ਵਾਲੜਿਆ
ਕੀ ਮੇਰੀ ਵੀ ਤਸਵੀਰ ਬਣਾ ਦਏਂਗਾ।’’
ਕਵੀ ਨੇ ਕਵਿਤਾ ਦੇ ਹਰ ਬੰਦ ਦੇ ਆਖ਼ਰ ਉੱਤੇ ਉਹੀ ਕਾਵਿ ਸਤਰ ਦੁਹਰਾਉਣੀ ਹੁੰਦੀ ਸੀ।
ਸ਼ਹਿਰ ਵਿਚ ਕਵਿਤਾ ਦੀ ਪੌਣ ਹਰ ਵੇਲੇ ਰੁਮਕਦੀ ਰਹਿੰਦੀ ਸੀ।
ਫੇਰ ਪਤਾ ਨਹੀਂ ਕਿਹੋ ਜਿਹੀ ਵਾ ਵਗੀ। ਮੇਰੇ ਸ਼ਹਿਰ ਦੇ ਲੋਕ ਕਵਿਤਾ ਤੋਂ ਬੇਲਾਗ ਹੋਣ ਲੱਗ ਪਏ। ਜਿਹੜੇ ਕਵੀ ਦਰਬਾਰ ਹਜ਼ਾਰਾਂ ਦੇ ਇਕੱਠ ਵਿਚ ਹੁੰਦੇ ਸਨ, ਕਮਰਿਆਂ ਤੱਕ ਸੀਮਤ ਹੋ ਗਏ। ਸਾਹਿਤ ਸਭਾ ਦੇ ਮੈਂਬਰ ਹੀ ਆਪੋ-ਆਪਣੀ ਕਵਿਤਾ ਸੁਣਾਉਂਦੇ ਤੇ ਚਲੇ ਜਾਂਦੇ।

ਤਰਨ ਤਾਰਨ ਦੇ ਖੇਤਾਂ ਵਿਚ

ਪ੍ਰੀਤਮ ਸਿੰਘ ਸਫ਼ੀਰ

ਤਰਨਤਾਰਨ ਦੇ ਖੇਤਾਂ ਵਿਚ, ਜਦੋਂ ਮੈਂ ਫਿਰਨ ਜਾਂਦਾ ਸਾਂ,
ਉਹ ਕਾਠੇ ਗੰਨਿਆਂ ਦੇ ਮੁੱਢ
ਜਿਨ੍ਹਾਂ ਵਿਚ ਦਿਨੇ ਦੀਵੀਂ
ਹਨੇਰਾ ਜਿਹਾ ਹੁੰਦਾ ਸੀ, ਉਨ੍ਹਾਂ ਦੇ ਕੋਲ ਬਹਿੰਦਾ ਸਾਂ
ਤਾਂ ਨਿੱਕੀ ਭੈਣ ਮੋਈ ਹੋਈ ਨੂੰ
ਦਿਲ ਯਾਦ ਕਰਦਾ ਸੀ,
‘‘ਕਿਵੇਂ ਮੋਈ?
ਉਹ ਕਿਧਰ ਚਲੀ ਗਈ?
ਕਿਉਂ ਆ ਨਹੀਂ ਸਕਦੀ?
ਮੈਂ ਦੁਨੀਆਂ ਵਿਚ ਕਰਾਂਗਾ ਕੀ?
ਤੜਪਦੇ ਦਿਲ ਨੂੰ ਕਹਿੰਦਾ ਸਾਂ;
ਮੈਂ ਸੋਚਾਂ ਵਿਚ ਕਈ ਨਕਸ਼ੇ ਬਣਾਂਦਾ ਸਾਂ ਮਿਟਾਂਦਾ ਸਾਂ,
ਤਰਨ ਤਾਰਨ ਦੇ ਖੇਤਾਂ ਵਿਚ...

ਤਰਨ ਤਾਰਨ ਦੇ ਖੇਤਾਂ ਵਿਚ, ਜਦੋਂ ਮੈਂ ਫਿਰਨ ਜਾਂਦਾ ਸਾਂ
ਨਾ ਭੁਖ ਦਾ ਫ਼ਿਕਰ ਹੁੰਦਾ ਸੀ
ਨਾ ਤ੍ਰੇਹ ਦਾ ਖਿਆਲ ਹੁੰਦਾ ਸੀ,
ਕਿਸੇ ਅਣਦਿਸਦੀ ਦੁਨੀਆਂ ਦਾ
ਨਜ਼ਾਰਾ ਭਾਲਦਾ ਸੀ ਦਿਲ,
ਉਹ ਜਜ਼ਬਾ ਜਿਸ ਤੋਂ ਫੈਲੇ
ਆਰੀਆ ਪੂਰਬ ਤੇ ਪੱਛਮ ਵਿੱਚ
ਕੋਈ ਉਸ ਦੇ ਜਿਹਾ ਹੀ ਭਾਵ
ਮੇਰੇ ਨਾਲ ਹੁੰਦਾ ਸੀ।
ਕਦੇ ਬੇਚੈਨ ਅੱਖਾਂ ਨੂੰ
ਸਾਂ ਸੂਰਜ ਤੇ ਟਿਕਾ ਦਿੰਦਾ,
ਦਿਨੇ ਦੇਖਣ ਲਈ ਤਾਰੇ
ਸਾਂ ਸਾਰਾ ਜ਼ੋਰ ਲਾ ਦਿੰਦਾ,
ਕਦੇ ਜਦ ਥਕ ਜਾਂਦਾ ਸਾਂ
ਘਾਹਾਂ ਤੇ ਲੇਟ ਜਾਂਦਾ ਸਾਂ;
ਨਾ ਨਿੱਕੀ ਉਮਰ ਨੂੰ
ਸੁਪਨਾ ਸੀ ਪਰੀਆਂ ਜਾਂ ਪ੍ਰੀਤਾਂ ਦਾ,
ਹਾਂ ਘਰ ਵਿੱਚ ਰੋਜ਼ ਸੁਣਦਾ ਸਾਂ
ਦੇਸ ਦੇ ਦੁਖ ਦੀ ਵਿਥਿਆ,
ਨੀਂਦ ਵਿੱਚ
ਚਮਕਦੀ ਚਾਂਦੀ ਦੇ ਘਰ ਬਣਦੇ ਸੀ ਲੋਕਾਂ ਦੇ
ਉਨ੍ਹਾਂ ਦੇ ਚਿਹਰਿਆਂ ਉੱਤੇ
ਨਵਾਂ ਇੱਕ ਨੂਰ ਪਾਂਦਾ ਸਾਂ,
ਉਨ੍ਹਾਂ ਦੀ ਨਵੀਂ ਦੁਨੀਆਂ
ਕਈ ਰੰਗਾਂ ਦੀ ਬਣਾਂਦਾ ਸਾਂ,
ਤਰਨ ਤਾਰਨ ਦੇ ਖੇਤਾਂ ਵਿਚ...

ਤਰਨ ਤਾਰਨ ਦੇ ਖੇਤਾਂ ਵਿਚ, ਜਦੋਂ ਮੈਂ ਫਿਰਨ ਜਾਂਦਾ ਸਾਂ,
ਹਨੇਰਾ ਸ਼ਾਮ ਦਾ
ਹੁੰਦਾ ਸੀ ਮੇਰੇ ਮੁੜਨ ਦਾ ਵੇਲਾ
ਕਈ ਪੰਛੀ ਉਡਾਰਾਂ ਮਾਰਦੇ ਸਨ ਪਰਤਦੇ ਜਿੱਥੋਂ
ਮੈਂ ਉਸ ਦੁਨੀਆਂ ਨੂੰ ਜਾਂਦਾ ਸਾਂ।

ਤਰਨ ਤਾਰਨ ਦੇ ਖੇਤਾਂ ਵਿਚ, ਜਦੋਂ ਹੁਣ ਫਿਰਨ ਜਾਵਾਂਗਾ,
ਜਿਸਮ ਨੂੰ ‘ਖ਼ਿਆਲ’ ਕਰ ਦੇਵਾਂਗਾ
ਇਕ ਲੰਮੀ ਉਡਾਰੀ ਦਾ,
ਇਰਾਦਾ ਹੋਇਗਾ ਦਿਲ ਵਿਚ
ਜ਼ਮਾਨਾ ਛਾਣ ਮਾਰਨ ਦਾ
ਮਕੱਈਆਂ ਨਾਲ ਖਹਿਸਰਦਾ
ਹਵਾਵਾਂ ਨਾਲ ਉੱਲਰਦਾ
ਇਉਂ ਦਿਸਦਾ ਹੈ, ਕਦਮਾਂ ਨੂੰ ਅਗੇਰੇ ਹੀ ਵਧਾਵਾਂਗਾ,
ਤਰਨ ਤਾਰਨ ਦੇ ਖੇਤਾਂ ਵਿਚ
ਮੈਂ ਐਸਾ ਫਿਰਨ ਜਾਵਾਂਗਾ,
ਤਰਨ ਤਾਰਨ ਦੀ ਹੱਦ ਨੂੰ
ਤੋੜ ਲੰਕਾ ਤੱਕ ਪੁਚਾਵਾਂਗਾ।

Advertisement
Author Image

Advertisement