ਨਿਮੂਨੀਆ ਰੋਕੂ ਦਿਵਸ ਮਨਾਇਆ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਨਵੰਬਰ
ਸੀਐੱਚਸੀ ਹਾਰਟਾ ਬਡਲਾ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਵਿਸ਼ਵ ਨਿਮੂਨੀਆ ਰੋਕੂ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਨਮੂਨੀਆ ਦਿਵਸ ਮਨਾਉਣ ਦਾ ਮਕਸਦ ਨਿਮੋਨੀਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਮੂਨੀਆ ਇੱਕ ਗੰਭੀਰ ਸਾਹ ਦੀ ਲਾਗ ਵਾਲੀ ਬਿਮਾਰੀ ਹੈ ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਨਿਮੂਨੀਆ ਵਾਇਰਸ, ਬੈਕਟੀਰੀਆ ਅਤੇ ਫੰਜਾਈ ਸਮੇਤ ਬਹੁਤ ਸਾਰੇ ਛੂਤ ਵਾਲੇ ਕੀਟਾਣੂਆਂ ਕਾਰਨ ਹੁੰਦਾ ਹੈ। ਸਾਹ ਲੈਣ ਜਾਂ ਖੰਘਣ ਵੇਲੇ ਛਾਤੀ ਵਿੱਚ ਦਰਦ ਹੋਣਾ, ਹਰੇ ਜਾਂ ਪੀਲੇ ਰੰਗ ਦੀ ਬਲਗਮ ਦਾ ਆਉਣਾ, ਥਕਾਵਟ, ਬੁਖਾਰ, ਪਸੀਨਾ ਆਉਣਾ, ਸਾਹ ਚੜ੍ਹਨਾ ਆਦਿ ਨਮੂਨੀਆ ਦੇ ਲੱਛਣ ਹਨ। ਬੱਚਿਆਂ ਦੇ ਮਾਹਿਰ ਡਾ. ਕੁਲਵੰਤ ਰਾਏ ਨੇ ਦੱਸਿਆ ਕਿ ਬੱਚਿਆਂ ਨੂੰ ਨਮੂਨੀਆ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਨਵਜੰਮੇ ਬਾਲਾਂ ਨੂੰ ਜਨਮ ਤੋਂ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਅਤੇ ਅੱਗੇ ਵੀ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ। ਮੈਡੀਕਲ ਅਫ਼ਸਰ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਨਮੂਨੀਆ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।