ਨਿਮੋਨੀਆ ਦੀ ਜਾਂਚ ਸਬੰਧੀ ਸਿਖਲਾਈ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਦਸੰਬਰ
ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾਂ ਦੇ ਤੁਰੰਤ ਇਲਾਜ ਲਈ ‘ਸਾਂਸ’ (ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਉਟਰੀਲਾਈਜ ਨਿਮੋਨੀਆ ਸਕਸੈਸਫੁਲੀ) ਪ੍ਰੋਗਰਾਮ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਕਮਿਊਨਿਟੀ ਸਿਹਤ ਅਫਸਰਾਂ ਦੀ ਸਿਖਲਾਈ ਕਰਵਾਈ ਗਈ।
ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ‘ਸਾਂਸ’ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਕਰ ਕੇ ਪ੍ਰਭਾਵਿਤ ਬੱਚਿਆਂ ਦਾ ਜਲਦ ਇਲਾਜ ਕਰਨਾ ਹੈ, ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਪਿਲਾਉਣ, ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ, ਨਿੱਜੀ ਸਾਫ਼ ਸਫ਼ਾਈ ਰੱਖਣਾ ਅਤੇ ਪੂਰਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ ਇਸ ਦੇ ਨਾਲ ਹੀ ਸਮੇਂ ਸਿਰ ਬੱਚੇ ਦੀ ਸਿਹਤ ਦਾ ਨਿਰੀਖਣ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜ਼ੁਕਾਮ ਦਾ ਵਧਣਾ, ਸਾਹ ਤੇਜ਼ੀ ਨਾਲ ਲੈਣਾ, ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧਸਣਾ ਆਦਿ ਲੱਛਣਾਂ ਵਾਲੇ ਬੱਚਿਆਂ ਦਾ ਤੁਰੰਤ ਇਲਾਜ ਜ਼ਰੂਰੀ ਹੈ। ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਅਸ਼ੀਸ਼ ਗਰਗ ਵੱਲੋਂ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ।