ਪੀਐੱਨਬੀ ਸਪਾਂਸਰਡ ਆਰਆਰਬੀ ਯੂਨੀਅਨਾਂ ਦੇ ਫੋਰਮ ਦੀ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਸਪਾਂਸਰਡ ਆਰਆਰਬੀ ਯੂਨੀਅਨਾਂ ਦੇ ਸਾਂਝੇ ਫੋਰਮ ਦੀ ਮੀਟਿੰਗ ਚੰਡੀਗੜ੍ਹ ਦੇ ਸੈਕਟਰ-24 ਵਿੱਚ ਸਥਿਤ ਹੋਟਲ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਤ ਖੇਤਰੀ ਪੇਂਡੂ ਬੈਂਕਾਂ ਦੇ ਸਟਾਫ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਦੇ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਨੇ ਬੈਂਕ ਮੁਲਾਜ਼ਮਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਪੀਐੱਨਬੀ ਵੱਲੋਂ ਸਪਾਂਸਰ ਕੀਤੇ ਖੇਤਰੀ ਬੈਂਕਾਂ ਦੇ ਸਟਾਫ ਦੇ ਭੱਤਿਆਂ ਵਿੱਚ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਐੱਸਕੇ ਮਿੱਤਰਾ ਕਮੇਟੀ ਅਨੁਸਾਰ ਸਾਰੇ ਨੌਂ ਖੇਤਰੀ ਬੈਂਕਾਂ ਵਿੱਚ ਲੋੜੀਂਦੀ ਭਰਤੀ ਕਰ ਕੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਬਾਰੇ ਗੱਲਬਾਤ ਕੀਤੀ। ਸਾਂਝੇ ਫੋਰਮ ਨੇ ਮੰਗ ਕੀਤੀ ਕਿ ਬੈਂਕ ਮੁਲਾਜ਼ਮਾਂ ਨੂੰ 12ਵੀਂ ਬੀਪੀ ਸੈਟਲਮੈਂਟ ਰਾਹੀਂ ਸੋਧੀ ਹੋਈ ਤਨਖ਼ਾਹ ਨੀਤੀ ਅਤੇ ਬਕਾਇ ਇੱਕ ਕਿਸ਼ਤ ਵਿੱਚ ਸਟਾਫ ਨੂੰ ਅਦਾ ਕੀਤੇ ਜਾਣ।
ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੁਲਦੀਪ ਲੂਥਰਾ ਵੱਲੋਂ ਕੀਤੀ ਗਈ ਜਦੋਂਕਿ ਮੰਚ ਸੰਚਾਲਕ ਜਨਰਲ ਸਕੱਤਰ ਦੀਪਕ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸਪਾਂਸਰ ਬੈਂਕਾ ਦੇ ਮੁਲਾਜ਼ਮਾਂ ਦੀ ਮੰਗਾਂ ਨੂੰ ਉੱਚ ਅਧਿਕਾਰੀਆਂ ਕੋਲ ਭੇਜਿਆ ਜਾਵੇਗਾ। ਉਸ ਤੋਂ ਬਾਅਦ ਉਕਤ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ।