ਜਲੰਧਰ ਸ਼ਹਿਰ ਦੇ 12 ਰੂਟਾਂ ’ਤੇ ਮਿਲੇਗੀ ਪੀਐੱਮ ਈ-ਬੱਸ ਸੇਵਾ
ਹਤਿੰਦਰ ਮਹਿਤਾ
ਜਲੰਧਰ, 21 ਅਗਸਤ
ਪ੍ਰਧਾਨ ਮੰਤਰੀ ਈ-ਬੱਸ ਸੇਵਾ ਲਈ ਨਗਰ ਨਿਗਮ ਨੇ 12 ਰੂਟ ਤੈਅ ਕੀਤੇ ਹਨ। ਇਨ੍ਹਾਂ ’ਚੋਂ ਬਹੁਤੇ ਰੂਟ ਓਹੀ ਹਨ ਜੋ ਸਿਟੀ ਬੱਸ ਸੇਵਾ ਦੌਰਾਨ ਸਨ। ਇਨ੍ਹਾਂ ਰੂਟਾਂ ’ਤੇ ਇੱਕ ਸਰਵੇਅ ਕਰ ਲਿਆ ਗਿਆ ਹੈ ਪਰ ਜ਼ਮੀਨੀ ਪੱਧਰ ’ਤੇ ਦਿੱਕਤ ਆ ਸਕਦੀ ਹੈ। ਇਸ ਬਾਰੇ ਵਿਸਥਾਰਪੂਰਵਕ ਸਰਵੇਖਣ ਕੀਤਾ ਜਾਣਾ ਹੈ। ਪਹਿਲੇ ਸਰਵੇ ’ਚ ਇਹ ਤੈਅ ਕੀਤਾ ਗਿਆ ਹੈ ਕਿ ਰੂਟ ਕਿੱਥੋਂ ਲੈ ਕੇ ਕਿੱਥੇ ਤੱਕ ਹੋਵੇਗਾ ਤੇ ਬੱਸ ਸਟਾਪ ਕਿੱਥੇ-ਕਿੱਥੇ ਸੰਭਵ ਹਨ। ਕਿਸ ਰੂਟ ’ਤੇ ਕਿੰਨੀਆਂ ਬੱਸਾਂ ਚੱਲਣਗੀਆਂ ਤੇ ਬੱਸ ਕਿਸ ਸਾਈਜ਼ ਦੀ ਹੋਵੇਗੀ ਇਹ ਤੈਅ ਕਰ ਲਿਆ ਗਿਆ ਹੈ। ਇਸ ਪ੍ਰਾਜੈਕਟ ਨੂੰ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਾ ਕੰਮ ਅੰਤਿਮ ਪੜਾਅ ’ਤੇ ਹੈ ਤੇ ਜਲਦੀ ਪੂਰੀ ਰਿਪੋਰਟ ਤਿਆਰ ਹੋ ਜਾਵੇਗੀ। ਨਗਰ ਨਿਗਮ ਇਨ੍ਹਾਂ ਰੂਟਾਂ ’ਤੇ 12, 9 ਤੇ 7 ਮੀਟਰ ਦੀਆਂ ਬੱਸਾਂ ਚਲਾਏਗਾ।
ਕਿਸ ਰੋਡ ’ਤੇ ਕਿੰਨੇ ਮੀਟਰ ਦੀ ਬੱਸ ਹੋਵੇਗੀ, ਇਹ ਸੜਕਾਂ ਦੀ ਚੌੜਾਈ ’ਤੇ ਨਿਰਭਰ ਕਰੇਗਾ। ਹਾਈਵੇ ਤੇ ਰਿੰਗ ਰੋਡ ’ਤੇ 12 ਮੀਟਰ ਦੀਆਂ ਬੱਸਾਂ ਚਲਾਈਆਂ ਜਾਣਗੀਆਂ। ਨਗਰ ਨਿਗਮ ਤੇ ਸਮਾਰਟ ਸਿਟੀ ਕੰਪਨੀ ਨੇ ਸਾਰੇ ਰੂਟਾਂ ’ਤੇ ਬੱਸਾਂ ਦੀ ਗਿਣਤੀ ਤੇ ਹਰੇਕ ਬੱਸ ਦੇ ਚੱਕਰ ਦੀ ਰਿਪੋਰਟ ਵੀ ਤਿਆਰ ਕਰਵਾਈ ਹੈ। ਘੱਟ ਚੌੜਾਈ ਵਾਲੇ ਰੂਟਾਂ ’ਤੇ 9 ਤੇ 7 ਮੀਟਰ ਦੀਆਂ ਬੱਸਾਂ ਚੱਲਣਗੀਆਂ। ਇਹ ਸਾਰੀਆਂ ਬੱਸਾਂ ਇਲੈਕਟ੍ਰਿਕ ਹਨ ਤੇ ਕੇਂਦਰ ਸਰਕਾਰ ਇਸ ’ਤੇ 100 ਫੀਸਦੀ ਫੰਡਿੰਗ ਕਰੇਗੀ। ਜਦਕਿ ਬੱਸ ਡਿਪੂ ਤੇ ਚਾਰਜਿੰਗ ਸਟੇਸ਼ਨ ਲਈ ਪੰਜਾਬ ਸਰਕਾਰ ਨੂੰ ਵੀ ਫੰਡ ਦੇਣਾ ਪਵੇਗਾ। ਬੱਸ ਡਿਪੂ ਨਗਰ ਨਿਗਮ ਮੁੱਖ ਦਫ਼ਤਰ ਤੇ ਲੰਮਾ ਪਿੰਡ ਚੌਕ ਵਰਕਸ਼ਾਪ ਵਿਖੇ ਹੋਵੇਗਾ। ਇਨ੍ਹਾਂ ਦੋਨਾਂ ਸਥਾਨਾਂ ਤੋਂ ਇਲਾਵਾ ਬੱਸ ਸਟੈਂਡ ’ਤੇ ਵੀ ਚਾਰਜਿੰਗ ਸਟੇਸ਼ਨ ਹੋਵੇਗਾ। ਇਸ ਲਈ ਐੱਨਆਈਟੀ ਸਟੱਕਚਰ ਡਿਜ਼ਾਈਨ ਕਰ ਰਹੀ ਹੈ, ਜੋ ਅਗਲੇ ਕੁਝ ਦਿਨਾਂ ’ਚ ਫਾਈਨਲ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਅਗਸਤ 2023 ’ਚ ਇਹ ਪ੍ਰਾਜੈਕਟ ਲਾਂਚ ਕੀਤਾ ਸੀ। ਕੇਂਦਰ ਸਰਕਾਰ ਨੇ ਦੇਸ਼ ਦੇ 169 ਸ਼ਹਿਰਾਂ ’ਚ 50 ਹਜ਼ਾਰ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਵਾਤਾਵਰਨ ਵੀ ਸੁਰੱਖਿਅਤ ਰਹੇਗਾ ਤੇ ਲੋਕਾਂ ਨੂੰ ਚੰਗੀ ਪਬਲਿਕ ਟਰਾਂਸਪੋਰਟ ਵੀ ਮਿਲੇਗੀ।
ਜਲੰਧਰ ਸ਼ਹਿਰ ’ਚ ਪ੍ਰਧਾਨ ਮੰਤਰੀ ਇਲੈਕਟ੍ਰਿਕ ਬੱਸ ਦੇ ਰੂਟ
1. ਆਊਟਰ ਰਿੰਗ ਰੋਡ: ਪਠਾਨਕੋਟ ਬਾਇਪਾਸ ਤੋਂ ਹੁਸ਼ਿਆਰਪੁਰ ਬਾਇਪਾਸ, ਪੀਏਪੀ, ਬੱਸ ਸਟੈਂਡ
2. ਰਿੰਗ ਰੂਟ : ਬੱਸ ਸਟੈਂਡ-ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਪੂਰਥਲਾ ਚੌਕ, ਕਸ਼ਿਅਪ ਰਿਸ਼ੀ ਚੌਕ, ਸੋਢਲ ਚੌਕ, ਦੋਆਬਾ ਚੌਕ।
3. ਇਨਰ ਰਿੰਗ ਰੂਟ : ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਵਿਚਕਾਰ ਵਾਇਆ ਬੀਐੱਮਸੀ ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਚੌਕ-ਮਦਨ ਫਿਲੋਰ ਮਿੱਲ ਚੌਕ।
4. ਕਰਤਾਰਪੁਰ ਤੋਂ ਬੱਸ ਸਟੈਂਡ: ਜੰਗ ਏ ਆਜ਼ਾਦੀ ਵਾਇਆ ਵਿਧੀਪੁਰ, ਐੱਨਆਈਟੀ, ਸੇਂਟ ਸੋਲਜ਼ਰ ਲਾਅ ਕਾਲਜ, ਵੇਰਕਾ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਕ, ਕੇਐੱਮਵੀ, ਦੋਆਬਾ ਚੌਕ, ਦੇਵੀ ਤਾਲਾਬ ਮੰਦਰ, ਅੱਡਾ ਟਾਂਡਾ ਚੌਕ, ਆਦਰਸ਼ ਨਗਰ ਮਾਰਕਿਟ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ, ਬੀਐੱਮਸੀ।
5. ਬੱਸ ਸਟੈਂਡ ਤੋਂ ਗੋਪਾਲਪੁਰ: ਬੀਐੱਮਸੀ-ਨਾਮਦੇਵ ਚੌਕ, ਸ੍ਰੀ ਰਾਮ ਚੌਕ, ਬਸਤੀ ਅੱਡਾ, ਐੱਚਐੱਮਵੀ, ਡੈਵੀਅਟ, ਜਨਤਾ ਕਾਲਜ, ਕੈਪਸ਼ਨ ਇੰਡਸਟਰੀ।
6. ਕਿਸ਼ਨਗੜ੍ਹ ਤੋਂ ਬੱਸ ਸਟੈਂਡ: ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਬਾਹਰੀ ਇਲਾਕੇ ਕਿਸ਼ਨਗੜ੍ਹ ਤੱਕ ਵਾਇਆ ਪਠਾਨਕੋਟ ਚੌਕ, ਲੰਮਾ ਪਿੰਡ, ਕਿਸ਼ਨਪੁਰਾ, ਅੱਡਾ ਹੁਸ਼ਿਆਰਪੁਰ, ਨਿਉ ਰੇਲਵੇ ਰੋਡ, ਭਗਤ ਸਿੰਘ ਚੌਕ, ਮਦਨ ਫਿਲੋਰ ਮਿੱਲ, ਅਲਾਸਕਾ ਚੌਕ, ਡੀਸੀ ਦਫਤਰ, ਕੋਰਟ ਰੋਡ, ਪੁੱਡਾ ਦਫਤਰ, ਖਾਲਸਾ ਸਕੂਲ ਬੀਐੱਮਐੱਸਐੱਫ ਚੌਕ।
7. ਬੱਸ ਸਟੈਂਡ ਤੋਂ ਜੰਡੂ ਸਿੰਘਾ: ਬੀਐੱਸਐੱਫ ਚੌਕ, ਪੀਏਪੀ, ਰਾਮਾ ਮੰਡੀ, ਹੁਸ਼ਿਆਰਪੁਰ ਰੋਡ, ਆਈਵੀਵਾਈ ਸਕੂਲ, ਜੰਡੂ ਸਿੰਘਾ।
8. ਐੱਲਪੀਯੂ ਤੋਂ ਬੱਸ ਸਟੈਂਡ: ਰਾਮਾਮੰਡੀ-ਪਰਾਗੁਪਰ।
9. ਬੱਸ ਸਟੈਂਡ ਤੋਂ ਜਮਸ਼ੇਰ: ਪਿਮਸ, ਛੋਟੀ ਬਾਰਾਦਰੀ, ਅਰਬਨ ਅਸਟੇਟ ਫੇਜ਼ 1, ਫੇਜ਼ 2, ਕਿਉਰੋ, ਏਜੀਆਈ ਹਾਈਟਸ 1, 2, 3
10. ਬੱਸ ਸਟੈਂਡ ਤੋਂ ਲਾਂਬੜਾ: ਆਈਕੋਨਿਕ ਏਜੀਆਈ ਮਾਰਕੀਟ- ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ।
11. ਬੱਸ ਸਟੈਂਡ ਤੋਂ ਸੇਂਟ ਸੋਲਜਰ ਕਾਲਜ: ਬੀਐੱਮਸੀ, ਨਾਮਦੇਵ ਚੌਕ, ਸ੍ਰੀ ਰਾਮ ਚੌਂਕ, ਭਗਵਾਨ ਵਾਲਮੀਕੀ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਾਬੂ ਜਗਜੀਵਨ ਰਾਮ ਚੌਕ।
12. ਰਾਮਾਮੰਡੀ ਤੋਂ ਜਲੰਧਰ ਕੁੰਜ : ਸਪੋਰਟਸ ਕੰਪਲੈਕਸ, ਕਪੂਰਥਲਾ ਚੌਕ, ਫੁੱਟਬਾਲ ਚੌਕ, ਮਿਸ਼ਨ ਚੌਕ, ਬੀਐੱਮਸੀ ਚੌਕ ਤੱਕ ਹੋਵੇਗਾ।