For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਰਾਖਵਾਂਕਰਨ ਖੋਹਣਾ ਚਾਹੁੰਦੇ ਨੇ: ਰਾਹੁਲ

08:45 AM May 06, 2024 IST
ਪ੍ਰਧਾਨ ਮੰਤਰੀ ਮੋਦੀ ਰਾਖਵਾਂਕਰਨ ਖੋਹਣਾ ਚਾਹੁੰਦੇ ਨੇ  ਰਾਹੁਲ
ਆਦਿਲਾਬਾਦ ਵਿੱਚ ਰੈਲੀ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਰਾਹੁਲ ਗਾਂਧੀ ਤੇ ਹੋਰ। -ਫੋਟੋ: ਪੀਟੀਆਈ
Advertisement

ਹੈਦਰਾਬਾਦ, 5 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਖਵਾਂਕਰਨ ਦੇ ਖਿਲਾਫ਼ ਹਨ ਤੇ ਲੋਕਾਂ ਤੋਂ ਇਹ (ਕੋਟਾ) ਖੋਹਣਾ ਚਾਹੁੰਦੇ ਹਨ। ਗਾਂਧੀ ਨੇ ਤਿਲੰਗਾਨਾ ਦੇ ਆਦਿਲਾਬਾਦ (ਐੱਸਟੀ) ਲੋਕ ਸਭਾ ਹਲਕੇ ਅਧੀਨ ਆਉਂਦੇ ਨਿਰਮਲ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਦੇਸ਼ ਵਿਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਸ ਲੜਾਈ ਵਿਚ ਕਾਂਗਰਸ ਸੰਵਿਧਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਦੋਂਕਿ ਭਾਜਪਾ-ਆਰਐੱਸਐੱਸ ਗੱਠਜੋੜ ਸੰਵਿਧਾਨ ਤੇ ਲੋਕਾਂ ਦੇ ਅਧਿਕਾਰਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਗਾਂਧੀ ਨੇ ਕਿਹਾ ਕਿ ਤਿਲੰਗਾਨਾ ਦੀ ਕਾਂਗਰਸ ਸਰਕਾਰ ਨੇ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਸਣੇ ਹੋਰ ਕਈ ਵਾਅਦੇ ਪੂਰੇ ਕੀਤੇ ਹਨ ਅਤੇ ਕੇਂਦਰ ਦੀ ਸੱਤਾ ਵਿਚ ਆਉਣ ’ਤੇ ਮਿਲਦੀਆਂ ਜੁਲਦੀਆਂ ਗਾਰੰਟੀਆਂ ਪੂਰੇ ਦੇਸ਼ ਵਿਚ ਲਾਗੂ ਕੀਤੀਆਂ ਜਾਣਗੀਆਂ।
ਗਾਂਧੀ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਰਾਖਵਾਂਕਰਨ ਦੇ ਖਿਲਾਫ਼ ਹਨ। ਉਹ ਤੁਹਾਡੇ ਕੋਲੋਂ ਰਾਖਵਾਂਕਰਨ ਖੋਹਣਾ ਚਾਹੁੰਦੇ ਹਨ। ਅੱਜ ਦੇਸ਼ ਅੱਗੇ ਸਭ ਤੋਂ ਵੱਡਾ ਮੁੱਦਾ ਰਾਖਵਾਂਕਰਨ ਦੀ ਹੱਦ ਨੂੰ 50 ਫੀਸਦ ਤੋਂ ਵਧਾਉਣਾ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਹੈ ਕਿ ਜੇਕਰ ਪਾਰਟੀ ਕੇਂਦਰ ਵਿਚ ਸਰਕਾਰ ਬਣਾਉਂਦੀ ਹੈ, ਤਾਂ ਉਹ 50 ਫੀਸਦ ਰਾਖਵਾਂਕਰਨ ਦੀ ਹੱਦ ਨੂੰ ਇਸ ਤੋਂ ਅੱਗੇ ਵਧਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਗੂ ਵੀ ਰਾਖਵਾਂਕਰਨ ਦਾ ਭੋਗ ਪਾਉਣਾ ਚਾਹੁੰਦੇ ਹਨ।
ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰੀ ਖੇਤਰ ਦਾ ਨਿੱਜੀਕਰਨ ਕਰ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਾਗੂ ਠੇਕਾ ਪ੍ਰਬੰਧ ਰਾਖਵਾਂਕਰਨ ਖ਼ਤਮ ਕਰਨ ਦੇ ਬਰਾਬਰ ਹੈ। ਗਾਂਧੀ ਨੇ ਕਿਹਾ, ‘‘ਅਸੀਂ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਖੇਤਰ ’ਚੋਂ ਠੇਕਾ ਪ੍ਰਬੰਧ ਖ਼ਤਮ ਕਰਾਂਗੇ। ਅਸਥਾਈ ਦੀ ਥਾਂ ਸਥਾਈ ਨੌਕਰੀਆਂ ਮੁਹੱਈਆ ਹੋੋਣਗੀਆਂ।’’ ਗਾਂਧੀ ਨੇ ਕਿਹਾ, ‘‘ਨਰਿੰਦਰ ਮੋਦੀ ਨੇ ਅੱਜ ਤੱਕ ਆਪਣੇ ਭਾਸ਼ਣਾਂ ਵਿਚ ਕਦੇ ਨਹੀਂ ਕਿਹਾ ਕਿ ਉਹ ਰਾਖਵਾਂਕਰਨ ’ਤੇ ਲੱਗੀ 50 ਫੀਸਦ ਦੀ ਹੱਦ ਨੂੰ ਹਟਾਉਣਗੇ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਗੂ ਦੇਸ਼ ਵਾਸੀਆਂ ਨੂੰ ਕਹਿੰਦੇ ਹਨ ਕਿ ਜੇਕਰ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਉਹ ਸੰਵਿਧਾਨ ਨੂੰ ਤਬਦੀਲ ਤੇ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ, ‘‘ਜੇਕਰ ਸੰਵਿਧਾਨ ਖ਼ਤਮ ਹੋ ਗਿਆ ਤਾਂ ਰਾਖਵਾਂਕਰਨ ਖ਼ਤਮ ਹੋ ਜਾਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਚਾਹੁੰਦੀ ਹੈ ਕਿ ਪੱਛੜੀਆਂ ਜਾਤਾਂ, ਦਲਿਤ, ਆਦਿਵਾਸੀ ਹਮੇਸ਼ਾ ਪੱਛੜੇ ਹੀ ਰਹਿਣ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਰੀਬ 22-25 ਲੋਕਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ। ਉਨ੍ਹਾਂ ਦਾਅਵਾ ਕੀਤਾ, ‘‘16 ਲੱਖ ਕਰੋੜ ਰੁਪਏ ਦਾ ਮਤਲਬ ਕਿ ਨਰਿੰਦਰ ਮੋਦੀ ਜੀ ਨੇ ਮਨਰੇਗਾ ਦਾ 24 ਸਾਲਾਂ ਦਾ ਪੈਸਾ 22 ਵਿਅਕਤੀਆਂ ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ 22 ਵਿਅਕਤੀਆਂ ਕੋਲ ਇੰਨੀ ਦੌਲਤ ਹੈ ਜਿਹੜੀ 70 ਕਰੋੜ ਭਾਰਤੀਆਂ ਕੋਲ ਚਾਹੀਦੀ ਸੀ ਤੇ ਕਾਂਗਰਸ ਇਸ ਰੁਝਾਨ ਨੂੰ ਬਦਲੇਗੀ। -ਪੀਟੀਆਈ

Advertisement

‘ਪਾਰਦਰਸ਼ਤਾ’ ਤੇ ‘ਸਾਦਗੀ’ ਦਾ ਸੰਚਾਰ ਕਰਦੀ ਹੈ ਸਫ਼ੈਦ ਟੀ-ਸ਼ਰਟ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹਮੇਸ਼ਾ ਸਫ਼ੈਦ ਟੀ-ਸ਼ਰਟ ਪਾਉਂਦੇ ਹਨ ਕਿਉਂਕਿ ਇਹ ‘ਪਾਰਦਰਸ਼ਤਾ’ ਤੇ ‘ਸਾਦਗੀ’ ਦਾ ਸੰਚਾਰ ਕਰਦੀ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਭਾਰਤ ਜੋੋੜੋ ਯਾਤਰਾ ਮਗਰੋਂ ਸਫ਼ੈਦ ਟੀ-ਸ਼ਰਟ ਗਾਂਧੀ ਦਾ ‘ਟਰੇਡਮਾਰਕ’ ਬਣ ਗਈ ਹੈ। ਗਾਂਧੀ ਨੇ ਕਾਂਗਰਸ ਵੱਲੋਂ ਆਪਣੇ ਸੋਸ਼ਲ ਮੀਡੀਆ ਚੈਨਲਾਂ ’ਤੇ ਰਿਲੀਜ਼ ਕੀਤੀ ਦੋ ਮਿੰਟ ਦੀ ਵੀਡੀਓ ਵਿਚ ਅਜਿਹੇ ਕਈ ਹਲਕੇ ਫੁਲਕ ਸਵਾਲਾਂ ਦੇ ਜਵਾਬ ਦਿੱਤੇ ਹਨ। ਗਾਂਧੀ ਨੇ ਵੀਡੀਓ ਵਿਚ ਵਿਚਾਰਧਾਰਾ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਮੇਰੇ ਵਿਚਾਰ ਵਿਚ ਜਦੋਂ ਤੱਕ ਵਿਚਾਰਧਾਰਾ ਬਾਰੇ ਸਪਸ਼ਟ ਸਮਝ ਨਹੀਂ ਉਦੋਂ ਤੱਕ ਤੁਸੀਂ ਵੱਡੀ ਜਥੇਬੰਦੀ ਵਜੋਂ ਸੱਤਾ ਵੱਲ ਨਹੀਂ ਜਾ ਸਕਦੇ। ਸਾਨੂੰ ਲੋਕਾਂ ਨੂੰ ਆਪਣੀ ਵਿਚਾਰਧਾਰਾ, ਜੋ ਗਰੀਬ ਤੇ ਮਹਿਲਾਵਾਂ ਪੱਖੀ ਅਤੇ ਸਾਰਿਆਂ ਨਾਲ ਇਕੋ ਜਿਹਾ ਵਿਹਾਰ ਕਰਦੀ ਹੈ, ਬਾਰੇ ਨਿਸ਼ਚਾ ਕਰਵਾਉੁਣਾ ਹੋਵੇਗਾ।’’ -ਪੀਟੀਆਈ

ਅਮੇਠੀ ਤੇ ਰਾਏ ਬਰੇਲੀ ਤੋਂ ਕਾਂਗਰਸ ਦੀ ਕਮਾਨ ਸੰਭਾਲੇਗੀ ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਰਾਏ ਬਰੇਲੀ ਤੇ ਅਮੇਠੀ ’ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੀ ਅਗਵਾਈ ਕਰੇਗੀ ਅਤੇ ਦੋਵਾਂ ਸੀਟਾਂ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਭਲਕੇ 6 ਮਈ ਤੋਂ ਉੱਤਰ ਪ੍ਰਦੇਸ਼ ਦੇ ਇਨ੍ਹਾਂ ਸੰਸਦੀ ਹਲਕਿਆਂ ’ਚ ਡੇਰਾ ਜਮਾਏਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਰਾਏ ਬਰੇਲੀ ਤੋਂ ਰਾਹੁਲ ਗਾਂਧੀ ਅਤੇ ਅਮੇਠੀ ਤੋਂ ਗਾਂਧੀ ਪਰਿਵਾਰ ਦੇ ਨੇੜਲੇ ਸਹਿਯੋਗੀ ਕਿਸ਼ੋਰੀ ਲਾਲ ਸ਼ਰਮਾ ਚੋਣ ਲੜ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਪਹਿਲਾਂ ਹੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲ ਰੱਖੀ ਹੈ ਅਤੇ ਭਲਕੇ ਚੋਣਾਂ ਮੁਕੰਮਲ ਹੋਣ ਮਗਰੋਂ ਉਹ ਰਾਏ ਬਰੇਲੀ ਤੇ ਅਮੇਠੀ ’ਚ ਡਟੇਗੀ। ਸੂਤਰਾਂ ਨੇ ਦੱਸਿਆ ਕਿ ਪ੍ਰਿਯੰਕਾ ਆਪਣੇ ਭਰਾ ਰਾਹੁਲ ਗਾਂਧੀ ਤੇ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕਰੇਗੀ। ਰਾਹੁਲ ਗਾਂਧੀ ਦੇ ਪੂਰੇ ਭਾਰਤ ’ਚ ਪ੍ਰਚਾਰ ਕਰਨ ਦੇ ਨਾਲ-ਨਾਲ ਪ੍ਰਿਯੰਕਾ ਗਾਂਧੀ ਨੇ ਪਰਿਵਾਰ ਦੇ ਦੋਵਾਂ ਗੜ੍ਹਾਂ ’ਚ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਏ ਬਰੇਲੀ ਤੋਂ ਵੱਡੇ ਫਰਕ ਨਾਲ ਜਿੱਤ ਯਕੀਨੀ ਬਣਾਉਣ ਅਤੇ ਅਮੇਠੀ ਤੋਂ ਪਾਰਟੀ ਨੂੰ ਮੁੜ ਜਿੱਤ ਦਿਵਾਉਣ ਦਾ ਅਹਿਦ ਲਿਆ ਹੈ। ਅਮੇਠੀ ’ਚ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੂੰ ਹਰਾਇਆ ਸੀ। ਪ੍ਰਿਯੰਕਾ ਨੁੱਕੜ ਮੀਟਿੰਗਾਂ ਕਰਨ ਦੇ ਨਾਲ ਨਾਲ ਘਰ ਘਰ ਜਾ ਕੇ ਪ੍ਰਚਾਰ ਕਰੇਗੀ। ਸੂਤਰਾਂ ਅਨੁਸਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਦਹਾਕਿਆਂ ਤੋਂ ਗਾਂਧੀ ਪਰਿਵਾਰ ਨਾਲ ਪਰਿਵਾਰਕ ਸਬੰਧ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਉਹ ਦੋਵਾਂ ਚੋਣ ਹਲਕਿਆਂ ’ਚ ਡਿਜੀਟਲ ਤੇ ਸੋਸ਼ਲ ਮੀਡੀਆ ਪ੍ਰਚਾਰ ਮੁਹਿੰਮ ਦੀ ਵੀ ਨਿਗਰਾਨੀ ਕਰੇਗੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×