PM Modi meets Elon Musk ਮੋਦੀ ਵੱਲੋਂ ਐਲਨ ਮਸਕ ਨਾਲ ਮੁਲਾਕਾਤ
ਵਾਸ਼ਿੰਗਟਨ, 13 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਸਲਾ ਤੇ ਸਪੇਸਐਕਸ ਦੇ ਮਾਲਕ ਅਤੇ ਰਾਸ਼ਟਰਪਤੀ ਡੋਨਲਡ ਦੇ ਅਹਿਮ ਸਲਾਹਕਾਰ ਐਲਨ ਮਸਕ ਨਾਲ ਮੁਲਾਕਾਤ ਕੀਤੀ। ਮਸਕ ਵ੍ਹਾਈਟ ਹਾਊਸ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਬਲੇਅਰ ਹਾਊਸ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ।
ਪ੍ਰਧਾਨ ਮੰਤਰੀ ਨਾਲ ਇਸ ਮੌਕੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਕਵਾਤੜਾ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੌਜੂਦ ਸਨ। ਉਧਰ ਮਸਕ ਨਾਲ ਉਨ੍ਹਾਂ ਦੇ ਪਰਿਵਾਰਕ ਮੈੈਂਬਰ ਸਨ।
ਪ੍ਰਧਾਨ ਮੰਤਰੀ ਮੋਦੀ ਤੇ ਮਸਕ ਇਸ ਤੋਂ ਪਹਿਲਾਂ 2015 ਵਿਚ ਭਾਰਤੀ ਆਗੂ ਦੀ ਫੇਰੀ ਦੌਰਾਨ ਸਾਂ ਜੋਸ ਵਿਚ ਟੈਸਲਾ ਦੇ ਦਫ਼ਤਰ ਵਿਚ ਮਿਲੇ ਸਨ। ਮਸਕ ਨੇ ਉਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਖੁ਼ਦ ਆਪਣੇ ਦਫ਼ਤਰ ਦਾ ਟੂਰ ਲਵਾਇਆ ਸੀ। ਲੰਘੇ ਦਿਨ ਫਰਾਂਸ ਤੋਂ ਅਮਰੀਕਾ ਪੁੱਜੇ ਸ੍ਰੀ ਮੋਦੀ ਨੇ ਇਸੇ ਬਲੇਅਰ ਹਾਊਸ ਵਿਚ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਮੋਦੀ ਬੁੱਧਵਾਰ ਨੂੰ ਤੁਲਸੀ ਗਬਾਰਡ ਨੂੰ ਵੀ ਮਿਲੇ ਸਨ। ਟਰੰਪ ਨੇ ਲੰਘੇ ਦਿਨੀਂ ਗਬਾਰਡ ਨੂੰ ਕੌਮੀ ਇੰਟੈਲੀਜੈਂਸ ਦਾ ਡਾਇਰੈਕਟਰ ਨਿਯੁਕਤ ਕੀਤਾ ਸੀ। -ਆਈਏਐੱਨਐੱਸ