ਪ੍ਰਧਾਨ ਮੰਤਰੀ ਮੋਦੀ ਵੱਲੋਂ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਆਰਆਰਟੀਐੱਸ ਕੋਰੀਡੋਰ ਦਾ ਉਦਘਾਟਨ
ਨਵੀਂ ਦਿੱਲੀ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਸਾਹਿਬਾਬਾਦ ਨੂੰ ਨਿਊ ਅਸ਼ੋਕ ਨਗਰ ਨਾਲ ਜੋੜਦੇ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਕਾਰੀਡੋਰ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਸਟੇਸ਼ਨ ਤੱਕ ਨਮੋ ਭਾਰਤ ਟਰੇਨ ’ਤੇ ਸਫ਼ਰ ਵੀ ਕੀਤਾ। ਇਸ ਦੌਰਾਨ ਸ੍ਰੀ ਮੋਦੀ ਬੱਚਿਆਂ ਤੇ ਲੋਕਾਂ ਦੇ ਵੀ ਰੂਬਰੂ ਹੋਏ। ਆਰਆਰਟੀਐੱਸ ਦੇ ਦਿੱਲੀ ਖੰਡ ਦੇ ਉਦਘਾਟਨ ਨਾਲ ਨਮੋ ਭਾਰਤ ਟਰੇਨਾਂ ਹੁਣ ਕੌਮੀ ਰਾਜਧਾਨੀ ਤੱਕ ਪੁੱਜ ਗਈਆਂ ਹਨ। ਨਿਊ ਅਸ਼ੋਕ ਨਗਰ ਤੇ ਮੇਰਠ ਦੱਖਣ ਦਰਮਿਆਨ 55 ਕਿਲੋਮੀਟਰ ਲੰਮਾ ਆਰਆਰਟੀਐੱਸ ਕਾਰੀਡੋਰ, ਜਿਸ ਵਿਚ 11 ਸਟੇਸ਼ਨ ਪੈਂਦੇੇ ਹਨ, ਹੁਣ ਅਪਰੇਸ਼ਨਲ ਹੋ ਗਿਆ ਹੈ। ਮੁਸਾਫ਼ਰਾਂ ਲਈ ਇਹ ਕਾਰੀਡੋਰ ਸ਼ਾਮੀਂ ਪੰਜ ਵਜੇ ਤੋਂ ਚਾਲੂ ਹੋ ਜਾਵੇਗਾ ਤੇ ਹਰ 15 ਮਿੰਟਾਂ ਬਾਅਦ ਟਰੇਨਾਂ ਉਪਲੱਬਧ ਹੋਣਗੀਆਂ। ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਮੇਰਠ ਦੱਖਣੀ ਸਟੇਸ਼ਨ ਤੱਕ ਸਟੈਂਡਰਡ ਕੋਚ ਲਈ ਕਿਰਾਇਆ 150 ਰੁਪਏ ਤੇ ਪ੍ਰੀਮੀਅਮ ਕੋਚ ਲਈ 225 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 20 ਅਕਤੂਬਰ ਨੂੰ ਸਾਹਿਬਬਾਦ ਤੇ ਦੁਹਾਈ ਡਿੱਪੂ ਦਰਮਿਆਨ 17 ਕਿਲੋਮੀਟਰ ਲੰਮੇ ਤਰਜੀਹੀ ਖੰਡ ਦਾ ਉਦਘਾਟਨ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਚੌਥੇ ਗੇੜ ਦੇ ਜਨਕਪੁਰੀ ਵੈਸਟ-ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਸੈਕਸ਼ਨ ਦਾ ਵੀ ਉਦਘਾਟਨ ਕੀਤਾ ਤੇ ਰਿਠਾਲਾ-ਨਰੇਲਾ-ਕੁੰਡਲੀ ਕਾਰੀਡੋਰ ਦਾ ਨੀਂਹ ਪੱਥਰ ਰੱਖਿਆ। ਜਨਕਪੁਰੀ ਵੈਸਟ-ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਖੰਡ ਦਿੱਲੀ ਮੈਟਰੋ ਫੇਜ਼ 4 ਦਾ ਪਹਿਲਾ ਖੰਡ ਹੈ ਜਿਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਸੈਕਸ਼ਨ ’ਤੇ ਸ਼ਾਮੀਂ ਤਿੰਨ ਵਜੇ ਤੋਂ ਯਾਤਰੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਇਸ ਨਵੇਂ ਸਟੇਸ਼ਨ ਨਾਲ ਦਿੱਲੀ ਮੈਟਰੋ ਕੋਲ ਹੁਣ 394.448 ਕਿਲੋਮੀਟਰ ਦ ਘੇਰੇ ਵਿਚ 289 ਸਟੇਸ਼ਨ ਹਨ।
-ਪੀਟੀਆਈ