PM Modi in Guyana: ਇਹ ਸਮਾਂ ਲੜਾਈ ਦਾ ਨਹੀਂ ਸਗੋਂ ਸਹਿਯੋਗ ਦਾ ਹੈ: ਮੋਦੀ
ਜਾਰਜਟਾਊਨ (ਗੁਆਨਾ), 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਨਾ ਦੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਗੁਆਨਾ ਦਾ ਰਿਸ਼ਤਾ ਬਹੁਤ ਡੂੰਘਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਲੜਾਈ ਦਾ ਨਹੀਂ ਬਲਕਿ ਪੁਲਾੜ ਤੋਂ ਸਮੁੰਦਰ ਤਕ ਸਹਿਯੋਗ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਲੋਕਤੰਤਰ ਵਿਚ ਹੈ ਤੇ ਭਾਰਤ ਨੇ ਇਹ ਦਰਸਾ ਦਿੱਤਾ ਹੈ ਕਿ ਲੋਕਤੰਤਰ ਉਨਾਂ ਦੇ ਡੀਐਨਏ, ਕੰਮਾਂ ਤੇ ਸੋਚ ਵਿਚ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਢਾਈ ਦਹਾਕੇ ਪਹਿਲਾਂ ਇਸ ਖੇਤਰ ਦੇ ਸਭਿਆਚਾਰ ਤੇ ਵਿਰਾਸਤ ਦੀ ਜਾਣਕਾਰੀ ਲੈਣ ਲਈ ਉਤਸੁਕਤਾ ਨਾਲ ਆਏ ਸਨ ਤੇ ਇਸ ਦੀ ਖੂਬਸੂਰਤੀ ਇਸ ਦੇ ਸਭਿਆਚਾਰ ਤੇ ਵਿਰਾਸਤ ਵਿਚ ਹੈ, ਹਰ ਰਾਸ਼ਟਰ ਦਾ ਆਪਣਾ ਮਹੱਤਵ ਹੁੰਦਾ ਹੈ। ਗੁਆਨਾ ’ਚ ਪਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੱਖ ਵੱਖ ਖੇਤਰਾਂ ’ਚ ਆਪਣੀ ਪਛਾਣ ਬਣਾ ਰਹੇ ਹਨ। ਇਨ੍ਹਾਂ ਪਰਵਾਸੀਆਂ ’ਚੋਂ ਬਹੁਤਿਆਂ ਦੇ ਪੁਰਖੇ 180 ਸਾਲ ਤੋਂ ਵਧ ਸਮਾਂ ਪਹਿਲਾਂ ਇਥੇ ਆਏ ਸਨ। ਜ਼ਿਕਰਯੋਗ ਹੈ ਕਿ ਗੁਆਨਾ ’ਚ ਭਾਰਤੀ ਮੂਲ ਦੇ ਕਰੀਬ ਸਵਾ ਤਿੰਨ ਲੱਖ ਲੋਕ ਹਨ। ਭਾਰਤੀ ਹਾਈ ਕਮਿਸ਼ਨ ਮੁਤਾਬਕ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਇਥੇ ਕਰੀਬ ਦੋ ਹਜ਼ਾਰ ਭਾਰਤੀ ਨਾਗਰਿਕ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਪਿਛਲੇ ਪੰਜ ਦਹਾਕਿਆਂ ਤੋਂ ਵੀ ਵਧ ਸਮੇਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ।