Video: PM ਮੋਦੀ ਵੱਲੋਂ ਜਲ ਸੈਨਾ ਦੇ ਦੋ ਜੰਗੀ ਸਮੁੰਦਰੀ ਜਹਾਜ਼ ਤੇ ਇਕ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ
ਇਹ ਤਿੰਨੋਂ 'Made in India': ਮੋਦੀ; 'ਆਤਮਨਿਰਭਰ ਭਾਰਤ' ਪਹਿਲਕਦਮੀ ਨੇ ਦੇਸ਼ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਇਆ: ਪ੍ਰਧਾਨ ਮੰਤਰੀ ਨੇ ਕਿਹਾ
ਮੁੰਬਈ, 15 ਜਨਵਰੀ
ਭਾਰਤੀ ਸਮੁੰਦਰੀ ਫ਼ੌਜ ਦੇ ਤਿੰਨ ਜੰਗੀ ਸਮੁੰਦਰੀ ਜਹਾਜ਼ INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ (INS Surat, INS Nilgiri, INS Vaghsheer) ਨੂੰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਇੱਥੇ ਜਲ ਸੈਨਾ ਡੌਕਯਾਰਡ ਵਿਖੇ ਕਮਿਸ਼ਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੀ ਰਸਮੀ ਨਿਭਾਈ।
ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਇਸ ਸਬੰਧੀ X 'ਤੇ ਇੱਕ ਪੋਸਟ ਵਿੱਚ ਕਿਹਾ, ‘‘ਤਿੰਨ ਮੋਹਰੀ ਜਲ ਸੈਨਾ ਲੜਾਕੂ ਜਹਾਜ਼ਾਂ ਦੀ ਕਮਿਸ਼ਨਿੰਗ ਦੇਸ਼ ਦੇ ਰੱਖਿਆ ਦੇ ਮਾਮਲੇ ਵਿੱਚ ਇੱਕ ਆਲਮੀ ਲੀਡਰ ਬਣਨ ਦੇ ਯਤਨਾਂ ਨੂੰ ਮਜ਼ਬੂਤ ਕਰੇਗਾ ਅਤੇ ਸਵੈ-ਨਿਰਭਰਤਾ ਵੱਲ ਇਸਦੀ ਤਾਕਤ ਨੂੰ ਵਧਾਏਗਾ।
ਸਮੁੰਦਰੀ ਫ਼ੌਜ ਨੇ ਇਸ ਕਾਰਵਾਈ ਨੂੰ ਇੱਕ ਇਤਿਹਾਸਕ ਮੌਕਾ ਕਰਾਰ ਦਿੱਤਾ ਹੈ। ਇਨ੍ਹਾਂ ਜਹਾਜ਼ਾਂ ਦੀ ਕਮਿਸ਼ਨਿੰਗ ਭਾਰਤ ਦੀ ਰੱਖਿਆ ਸਵੈ-ਨਿਰਭਰਤਾ ਅਤੇ ਸਵਦੇਸ਼ੀ ਜਹਾਜ਼ ਨਿਰਮਾਣ ਸਮਰੱਥਾਵਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਗ਼ੌਰਤਲਬ ਹੈ ਕਿ ਤਿੰਨੋਂ ਪਲੇਟਫਾਰਮ ਪੂਰੀ ਤਰ੍ਹਾਂ ਭਾਰਤ ਵਿੱਚ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਹਨ, ਜੋ ਕਿ ਰੱਖਿਆ ਉਤਪਾਦਨ ਵਿੱਚ ਦੇਸ਼ ਦੀ ਵਧ ਰਹੀ ਮੁਹਾਰਤ ਦਾ ਵੀ ਉੱਘੜਵਾਂ ਝਲਕਾਰਾ ਹੈ। ਅਧਿਕਾਰੀਆਂ ਅਨੁਸਾਰ ਇਹ ਲੜਾਕੂ ਜਹਾਜ਼ ਵਿਆਪਕ ਅਜ਼ਮਾਇਸ਼ਾਂ ਵਿੱਚੋਂ ਲੰਘੇ ਹਨ ਅਤੇ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹਨ, ਜੋ ਜਲ ਸੈਨਾ ਦੀ ਸਮੁੰਦਰੀ ਤਾਕਤ ਨੂੰ ਵਧਾਉਣ ਲਈ ਤਿਆਰ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕਿਹਾ ਕਿ ਭਾਰਤ ਇੱਕ ਵੱਡੀ ਸਮੁੰਦਰੀ ਤਾਕਤ ਬਣ ਰਿਹਾ ਹੈ ਅਤੇ ਦੁਨੀਆ ਵਿੱਚ ਇੱਕ ਭਰੋਸੇਮੰਦ ਤੇ ਜ਼ਿੰਮੇਵਾਰ ਭਾਈਵਾਲ ਵਜੋਂ ਮਾਨਤਾ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਪਹਿਲੀ ਵਾਰ ਇੱਕ ਡਿਸਟ੍ਰਾਇਰ/ਤਬਾਹਕਾਰੀ, ਇੱਕ ਫ੍ਰੀਗੇਟ ਅਤੇ ਇੱਕ ਪਣਡੁੱਬੀ ਨੂੰ ਇਕੱਠਿਆਂ ਕਮਿਸ਼ਨ ਕੀਤਾ ਗਿਆ ਹੈ ਅਤੇ ਇਹ ਤਿੰਨੋਂ 'ਮੇਡ ਇਨ ਇੰਡੀਆ' ਹਨ।
ਉਨ੍ਹਾਂ ਕਿਹਾ ਕਿ 'ਆਤਮਨਿਰਭਰ ਭਾਰਤ' ਪਹਿਲਕਦਮੀ ਨੇ ਦੇਸ਼ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਇਆ ਹੈ। ਉਨ੍ਹਾਂ ਕਿਹਾ, "ਸਾਨੂੰ ਸਮੁੰਦਰ ਨੂੰ ਨਸ਼ਿਆਂ, ਹਥਿਆਰਾਂ ਅਤੇ ਅੱਤਵਾਦ ਤੋਂ ਮਹਿਫ਼ੂਜ਼ ਕਰਨ ਅਤੇ ਇਸ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਵਿੱਚ ਇੱਕ ਵਿਸ਼ਵਵਿਆਪੀ ਭਾਈਵਾਲ ਬਣਨਾ ਚਾਹੀਦਾ ਹੈ। ਭਾਰਤ ਇੱਕ ਵੱਡੀ ਸਮੁੰਦਰੀ ਸ਼ਕਤੀ ਬਣ ਰਿਹਾ ਹੈ ਅਤੇ ਇੱਕ ਭਰੋਸੇਮੰਦ ਅਤੇ ਜ਼ਿੰਮੇਵਾਰ ਭਾਈਵਾਲ ਵਜੋਂ ਮਾਨਤਾ ਹਾਸਲ ਕਰ ਰਿਹਾ ਹੈ।"
ਗ਼ੌਰਤਲਬ ਹੈ ਕਿ ਇਨ੍ਹਾਂ ਵਿਚੋਂ INS ਨੀਲਗਿਰੀ ਪ੍ਰੋਜੈਕਟ 17A ਸਟੀਲਥ ਫ੍ਰੀਗੇਟ (ਜੰਗੀ ਜਹਾਜ਼) ਵਰਗ (Project 17A stealth frigate class) ਦਾ ਮੁੱਖ ਜਹਾਜ਼ ਜਹਾਜ਼ ਹੈ। ਇਸੇ ਤਰ੍ਹਾਂ INS ਸੂਰਤ ਪ੍ਰੋਜੈਕਟ 15B ਸਟੀਲਥ ਡਿਸਟ੍ਰਾਇਰ ਕਲਾਸ (Project 15B stealth destroyer class) ਦਾ ਚੌਥਾ ਅਤੇ ਆਖਰੀ ਜਹਾਜ਼ ਹੈ, ਜੋ ਕੋਲਕਾਤਾ-ਕਲਾਸ ਡਿਸਟ੍ਰਾਇਰਾਂ ਦੀ ਅਗਲੀ ਕੜੀ ਹੈ। ਦੂਜੇ ਪਾਸੇ INS ਵਾਘਸ਼ੀਰ ਸਕਾਰਪੀਨ-ਕਲਾਸ ਪ੍ਰੋਜੈਕਟ 75 (submarine under the Scorpene-class Project 75) ਦੇ ਅਧੀਨ ਛੇਵੀਂ ਅਤੇ ਆਖਰੀ ਪਣਡੁੱਬੀ ਹੈ। -ਪੀਟੀਆਈ