For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ‘ਆਦਿਵਾਸੀ ਵਿਰੋਧੀ’: ਕੇਜਰੀਵਾਲ

06:44 AM May 22, 2024 IST
ਪ੍ਰਧਾਨ ਮੰਤਰੀ ਮੋਦੀ ‘ਆਦਿਵਾਸੀ ਵਿਰੋਧੀ’  ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ, ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਤੇ ਹੋਰ ਆਗੂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਜਮਸ਼ੇਦਪੁਰ (ਝਾਰਖੰਡ), 21 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਦਿਵਾਸੀ ਵਿਰੋਧੀ’ ਕਰਾਰ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਨ੍ਹਾਂ ’ਤੇ ‘ਆਪ’ ਅਤੇ ਜੇਜੇਐੱਮ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਮੋਦੀ ’ਤੇ ‘‘ਦੇਸ਼ ਦੇ ਦਿੱਗਜ ਕਬਾਇਲੀ ਨੇਤਾ ਨੂੰ ਜੇਲ੍ਹ ’ਚ ਡੱਕਣ’’ ਦਾ ਦੋਸ਼ ਵੀ ਲਾਇਆ।
ਕੇਜਰੀਵਾਲ ਨੇ ‘‘ਭਗਵਾਨ ਜਗਨਨਾਥ ਮੋਦੀ ਦਾ ਭਗਤ ਹਨ’’ ਵਾਲੀ ਟਿੱਪਣੀ ਲਈ ਵੀ ਭਾਜਪਾ ਤੇ ਇਸ ਦੇ ਤਰਜਮਾਨ ਸੰਬਿਤ ਪਾਤਰਾ ’ਤੇ ਨਿਸ਼ਾਨਾ ਸੇਧਿਆ ਅਤੇ ਲੋਕਾਂ ਨੂੰ ‘‘ਉਨ੍ਹਾਂ ਦੇ ਹੰਕਾਰ ਨੂੰ ਕੁਚਲਣ’’ ਦੀ ਅਪੀਲ ਕੀਤੀ। ਇੱਥੇ ਇੱਕ ਰੈਲੀ ’ਚ ਬੋਲਦਿਆਂ ‘ਆਪ’ ਮੁਖੀ ਕੇਜਰੀਵਾਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ‘ਆਪ’ ਤੇ ਝਾਰਖੰਡ ਮੁਕਤੀ ਮੋਰਚਾ (ਜੇਜੇਐੱਮ) ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ, ਪਰ ਅਸੀਂ ਮਜ਼ਬੂਤ ਹੋਏ ਅਤੇ ਉਹ ਦਿੱਲੀ, ਪੰਜਾਬ ਤੇ ਝਾਰਖੰਡ ’ਚ ਸਰਕਾਰ ਨਹੀਂ ਡੇਗ ਸਕੇ।’’ ਕੇਜਰੀਵਾਲ ਮੁਤਾਬਕ, ‘‘ਪ੍ਰਧਾਨ ਮੰਤਰੀ ਨੇ ਮੈਨੂੰ ਜੇਲ੍ਹ ’ਚ ਰੱਖਣ ਲਈ ਪੂਰਾ ਜ਼ੋਰ ਲਾ ਦਿੱਤਾ ਪਰ ਚਮਤਕਾਰ ਹੋ ਗਿਆ। ਮੈਂ ਜ਼ਮਾਨਤ ’ਤੇ ਹਾਂ.... ਜਲਦੀ ਹੀ ਹੇਮੰਤ ਸੋਰੇਨ ਜਿਨ੍ਹਾਂ ਨੂੰ ਉਨ੍ਹਾਂ (ਮੋਦੀ) ਨੇ ਜੇਲ੍ਹ ’ਚ ਡੱਕਿਆ ਹੈ, ਬਾਹਰ ਆ ਜਾਣਗੇ। ਸੋਰੇਨ ਦੀ ਪਤਨੀ ਝਾਂਸੀ ਦੀ ਰਾਣੀ ਵਾਂਗ ਮੋਦੀ ਨੂੰ ਚੁਣੌਤੀ ਦੇ ਰਹੀ ਹੈ। ਕਿਸੇ ਵੀ ਅਦਾਲਤ ਨੇ ਹੇਮੰਤ ਸੋਰੇਨ ਜਾਂ ਅਰਵਿੰਦ ਕੇਜਰੀਵਾਲ ਨੂੰ ਦੋਸ਼ੀ ਨਹੀਂ ਮੰਨਿਆ।’’ ਉਨ੍ਹਾਂ ਦੋਸ਼ ਲਾਇਆ , ‘‘ਪ੍ਰਧਾਨ ਮੰਤਰੀ ਮੋਦੀ ਆਦਿਵਾਸੀਆਂ ਨਾਲ ਨਫ਼ਰਤ ਕਰਦੇ ਹਨ।’’ ‘ਆਪ’ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟਾਂ ਨਾ ਪਾਉਣ ਕਿਉਂਕਿ ਇਹ ਝਾਰਖੰਡ ਤੇ ਆਦਿਵਾਸੀਆਂ ਨਾਲ ਵਿਸਾਹਘਾਤ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਤੇ ਸੰਵਿਧਾਨ ਨੂੰ ਬਚਾਉਣ ਦੀ ਅਪੀਲ ਵੀ ਕੀਤੀ। -ਪੀਟੀਆਈ

Advertisement

‘ਦਿੱਲੀ ਵਾਲਿਆਂ ਨੂੰ ਪਾਕਿਸਤਾਨੀ ਕਹਿਣਾ ਗਲਤ’

ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਦੇ ਲੋਕਾਂ ਨੂੰ ਪਾਕਿਸਤਾਨੀ ਆਖਣ ’ਤੇ ਇਤਰਾਜ਼ ਜਤਾਇਆ ਹੈ। ਅਮਿਤ ਸ਼ਾਹ ਨੂੰ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਤੁਹਾਡੀ ਮੇਰੇ ਨਾਲ ਦੁਸ਼ਮਣੀ ਹੈ, ਤੁਸੀਂ ਮੈਨੂੰ ਗਾਲ੍ਹਾਂ ਕੱਢ ਸਕਦੇ ਹੋ ਪਰ ਦਿੱਲੀ ਦੇ ਢਾਈ ਕਰੋੜ ਲੋਕ ਮੇਰਾ ਪਰਿਵਾਰ ਹਨ, ਤੁਸੀਂ ਮੇਰੇ ਲੋਕਾਂ ਨੂੰ ਗਾਲ੍ਹਾਂ ਨਾ ਕੱਢੋ। ਦੇਸ਼ ਦੀ ਜਨਤਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।’’ ਕੇਜਰੀਵਾਲ ਨੇ ਅੱਜ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਚੋਣ ਅਮਲ ਦਾ ਹਰ ਪੜਾਅ ਪੂਰਾ ਹੋਣ ਨਾਲ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ 4 ਜੂਨ ਨੂੰ ਮੋਦੀ ਸਰਕਾਰ ਅਸਤੀਫ਼ਾ ਦੇਣ ਜਾ ਰਹੀ ਹੈ ਤੇ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਨੂੰ ਆਪਣਾ ਵਾਰਸ ਚੁਣਿਆ ਹੈ। ਤੁਸੀਂ ਇਸ ਗੱਲ ਨੂੰ ਲੈ ਕੇ ਇੰਨੇ ਹੰਕਾਰੀ ਹੋ ਗਏ ਕਿ ਲੋਕਾਂ ਨੂੰ ਗਾਲ੍ਹਾਂ ਕੱਢਣ ਤੇ ਧਮਕੀਆਂ ਦੇਣ ਲੱਗ ਪਏ। ਤੁਸੀਂ ਹਾਲੇ ਪ੍ਰਧਾਨ ਮੰਤਰੀ ਨਹੀਂ ਬਣੇ ਅਤੇ ਪਹਿਲਾਂ ਹੀ ਇੰਨੇ ਹੰਕਾਰੀ ਹੋ ਗਏ ਹੋ।’’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਦਿੱਲੀ ’ਚ ਅਮਿਤ ਸ਼ਾਹ ਦੀ ਰੈਲੀ ’ਚ ਲੋਕਾਂ ਦੀ ਗਿਣਤੀ 500 ਤੋਂ ਵੀ ਘੱਟ ਸੀ। ਉਨ੍ਹਾਂ ਕਿਹਾ, ‘‘ਉਹ ਕਹਿੰਦੇ ਹਨ ਕਿ ‘ਆਪ’ ਸਮਰਥਕ ਪਾਕਿਸਤਾਨੀ ਹਨ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਲੋਕਾਂ ਨੇ ਸਾਨੂੰ 62 ਸੀਟਾਂ ਤੇ 56 ਫ਼ੀਸਦ ਵੋਟਾਂ ਦੇ ਕੇ ਸਰਕਾਰ ਬਣਾਈ ਹੈ। ਕੀ ਦਿੱਲੀ ਦੇ ਲੋਕ ਪਾਕਿਸਤਾਨੀ ਹਨ?’’ ਕੇਜਰੀਵਾਲ ਨੇ ਸਵਾਲ ਕੀਤਾ, ‘‘ਕੀ ਪੰਜਾਬ, ਗੁਜਰਾਤ ਤੇ ਗੋਆ ਦੇ ਲੋਕ ਵੀ ਪਾਕਿਸਤਾਨੀ ਹਨ?’’ ਇਸ ਦੌਰਾਨ ਉਨ੍ਹਾਂ ਨੇ ਯੋਗੀ ਆਦਿੱਤਿਆਨਾਥ ’ਤੇ ਵਰ੍ਹਦਿਆਂ ਕਿਹਾ, ‘‘ਯੋਗੀ ਜੀ ਤੁਹਾਡੀ ਪਾਰਟੀ ’ਚ ਹੀ ਤੁਹਾਡੇ ਅਸਲ ਦੁਸ਼ਮਣ ਬੈਠੇ ਹਨ। ਮੈਨੂੰ ਗਾਲ੍ਹਾਂ ਕੱਢਣ ਦਾ ਕੀ ਫਾਇਦਾ? ਤੁਸੀਂ ਉਨ੍ਹਾਂ ਨਾਲ ਨਜਿੱਠੋ।’’

Advertisement
Author Image

joginder kumar

View all posts

Advertisement
Advertisement
×