ਪਲਾਟ ਸਬੰਧੀ ਵਿਵਾਦ: ਖੁਦ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਜੁਲਾਈ
ਨੇੜਲੇ ਪਿੰਡ ਲੀਲਾਂ ਮੇਘ ਸਿੰਘ ਵਿੱਚ 4 ਮਰਲੇ ਥਾਂ ’ਤੇ ਹੱਕ ਜਤਾਉਣ ਦੇ ਮਾਮਲੇ ’ਚ ਚਚੇਰੇ ਭਰਾ ਦੇ ਘਰ ਜਾ ਕੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਕੇ ਜਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕੇ ਕਰ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਮ੍ਰਿਤਕ ਵਿਅਕਤੀ ਬਲਦੇਵ ਸਿੰਘ ਪੁੱਤਰ ਸੋਹਣ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਸਹੁਰੇ ਦੇ ਚਾਰ ਭਰਾ ਹਨ, ਜਨਿ੍ਹਾਂ ਦੇ ਆਪਸ ’ਚ ਵੱਖ ਹੋਣ ’ਤੇ ਜ਼ਮੀਨ, ਘਰ, ਪਲਾਟ ਦੀ ਵੰਡ ਕਰ ਲਈ ਸੀ। ਵੰਡ ਮਗਰੋਂ ਉਸਦੇ ਸਹੁਰੇ ਸੋਹਣ ਸਿੰਘ ਨੂੰ ਚਾਰ ਮਰਲੇ ਦਾ ਪਲਾਟ ਮਿਲਿਆ ਸੀ, ਜਿਸ ਉਪਰ ਲੰਬੇ ਸਮੇਂ ਤੋਂ ਬਲਦੇਵ ਸਿੰਘ ਦਾ ਕਬਜ਼ਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਬਲਦੇਵ ਸਿੰਘ ਦੇ ਚਚੇਰੇ ਭਰਾ ਵਜ਼ੀਰ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਜੋਤੀ ਪੁੱਤਰ ਹਰਜੀਤ ਸਿੰਘ ਹਾਲ ਵਾਸੀ ਥਰੀਕੇ ਖੋਹਣਾ ਚਾਹੁੰਦੇ ਸਨ ਅਤੇ ਗਵਾਂਡੀ ਕੁਲਦੀਪ ਸਿੰਘ ਨੂੰ ਵੇਚਣਾ ਚਾਹੁੰਦੇ ਸਨ। ਇਸੇ ਖਿੱਚੋਤਾਣ ਦੌਰਾਨ ਬਲਦੇਵ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਉਸਨੇ ਆਪਣਾ ਵੱਸ ਨਾ ਚੱਲਦਾ ਦੇਖ ਆਪਣੇ ਘਰ ਤੋਂ ਪੈਟਰੋਲ ਦੀ ਬੋਤਲ ਭਰੀ ਅਤੇ ਵਜ਼ੀਰ ਸਿੰਘ ਘਰ ਜਾ ਕੇ ਆਪਣੇ ਉਪਰ ਛਿੜਕ ਕੇ ਅੱਗ ਲਗਾ ਲਈ ਸੀ। ਉਸ ਨੂੰ ਦਿਆ ਨੰਦ ਹਸਪਤਾਲ ਭਰਤੀ ਕਰਵਾਇਆ। ਪੀੜਤ ਦੀ ਪਤਨੀ ਲਵਪ੍ਰੀਤ ਕੌਰ ਅਨੁਸਾਰ ਆਰਥਿਕ ਤੰਗੀ ਹੋਣ ਕਾਰਨ ਉਹ ਬਲਦੇਵ ਸਿੰੰਘ ਨੂੰ ਘਰ ਲੈ ਆਏ ਸਨ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪੁਲੀਸ ਨੇ ਕੁਲਦੀਪ ਸਿੰਘ, ਵਜ਼ੀਰ ਸਿੰਘ ਅਤੇ ਜੋਤੀ ਖਿਲ਼ਾਫ ਕੇਸ ਦਰਜ ਕਰ ਲਿਆ ਹੈ।