For the best experience, open
https://m.punjabitribuneonline.com
on your mobile browser.
Advertisement

ਪਲਾਟ ਮਾਮਲਾ: ਮਨਪ੍ਰੀਤ ਬਾਦਲ ਮੁੜ ਵਿਜੀਲੈਂਸ ਅੱਗੇ ਪੇਸ਼

07:47 AM Nov 21, 2023 IST
ਪਲਾਟ ਮਾਮਲਾ  ਮਨਪ੍ਰੀਤ ਬਾਦਲ ਮੁੜ ਵਿਜੀਲੈਂਸ ਅੱਗੇ ਪੇਸ਼
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ।
Advertisement

ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 20 ਨਵੰਬਰ
ਇੱਥੋਂ ਦੇ ਮਾਡਲ ਟਾਊਨ ਖੇਤਰ ਵਿੱਚ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਦਰਜ ਕੇਸ ਦਾ ਸਾਹਮਣਾ ਕਰ ਰਹੇ ਭਾਜਪਾ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਥੇ ਮੁੜ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਪੁੱਛ-ਗਿੱਛ ਲਈ ਪੇਸ਼ ਹੋਏ। ਵਿਜੀਲੈਂਸ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲੰਮਾ ਸਮਾਂ ਪੁੱਛ-ਗਿੱਛ ਕੀਤੀ ਗਈ। ਸੂਤਰਾਂ ਮੁਤਾਬਕ ਇਸ ਦੌਰਾਨ ਉਨ੍ਹਾਂ ਕੋਲੋਂ ਜਾਂਚ ਏਜੰਸੀ ਨੇ ਲਗਪਗ ਦਰਜਨ ਸਵਾਲਾਂ ਦੀ ਸੂਚੀ ਦੇ ਕੇ ਜਵਾਬ ਮੰਗੇ ਗਏ ਸਨ। ਪਤਾ ਲੱਗਿਆ ਹੈ ਕਿ ਸਵਾਲ ਸੂਚੀ ਵਿੱਚ ਮਨਪ੍ਰੀਤ ਬਾਦਲ ਵੱਲੋਂ 24 ਸਤੰਬਰ ਨੂੰ ਪਰਚਾ ਦਰਜ ਹੋਣ ਮਗਰੋਂ ਜ਼ਮਾਨਤ ਮਿਲਣ ਤੱਕ ਬਿਤਾਏ ਸਮੇਂ ਦੀ ਜਾਣਕਾਰੀ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰੂਗ੍ਰਾਮ ਵਿੱਚ ਵੇਚੇ ਫਲੈਟ ਦੇ ਦਸਤਾਵੇਜ਼ ਅਤੇ ਬਠਿੰਡਾ ਦੇ ਮਾਡਲ ਟਾਊਨ ਵਿੱਚ ਖ਼ਰੀਦੇ ਪਲਾਟ ਦੇ ਅਸਲੀ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ। ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਭਗਵੰਤ ਮਾਨ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਵਿਜੀਲੈਂਸ ਰਾਹੀਂ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰਦਾ ਹੈ ਅਤੇ ਸਰਕਾਰ ਇਸ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜ ਸਾਲ ਪੰਜਾਬ ਵਿੱਚ ਖਜ਼ਾਨਾ ਮੰਤਰੀ ਰਹੇ ਪਰ ਸਰਕਾਰ ਕੋਲੋਂ ਇੱਕ ਚਾਹ ਦਾ ਕੱਪ ਵੀ ਨਹੀਂ ਪੀਤਾ। ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਦਫ਼ਤਰਾਂ ’ਚ ਆਉਣ ਵਾਲੇ ਲੋਕਾਂ ਲਈ ਚਾਹ-ਪਾਣੀ ਸਭ ਮੁਫ਼ਤ ਹੁੰਦਾ ਹੈ, ਪਰ ਉਨ੍ਹਾਂ ਪੰਜ ਸਾਲਾਂ ’ਚ ਨਾ ਤਾਂ ਸਰਕਾਰ ਦਾ ਚਾਹ ਦਾ ਕੱਪ ਖ਼ੁਦ ਪੀਤਾ ਅਤੇ ਨਾ ਹੀ ਦਫ਼ਤਰਾਂ ’ਚ ਆਉਣ ਵਾਲੇ ਮਹਿਮਾਨਾਂ ਨੂੰ ਪਿਲਾਇਆ ਹੈ। ਉਨ੍ਹਾਂ ਆਖਿਆ ਕਿ ਜੇਕਰ ਵਿਜੀਲੈਂਸ ਉਨ੍ਹਾਂ ਨੂੰ ਸੌ ਵਾਰ ਪੇਸ਼ ਹੋਣ ਲਈ ਕਹੇਗੀ ਤਾਂ ਉਹ ਸੌ ਵਾਰ ਹੀ ਪੇਸ਼ ਹੋਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਨੂੰ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ, ਜਿਸ ਨੂੰ ਗੁਆਉਣਾ ਨਹੀਂ ਚਾਹੀਦਾ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਮਨਪ੍ਰੀਤ ਬਾਦਲ ਅੱਜ ਦੂਜੀ ਵਾਰ ਵਿਜੀਲੈਂਸ ਅੱਗੇ ਪੇਸ਼ ਹੋਏ।

Advertisement

ਬੀਡੀਏ ਅਧਿਕਾਰੀਆਂ ਨਾਲ ‘ਗੰਢ-ਤੁੱਪ’ ਬਾਰੇ ਵੀ ਹੋਏ ਸਵਾਲ

ਮਨਪ੍ਰੀਤ ਸਿੰਘ ਬਾਦਲ ਦੀ ਅੱਜ ਵਿਜੀਲੈਂਸ ਦਫ਼ਤਰ ’ਚ ਹੋਈ ਪੇਸ਼ੀ ਬਾਰੇ ਪੁੱਛੇ ਜਾਣ ’ਤੇ ਡੀਐੱਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਹੜੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ, ਉਹ ਅੱਜ ਉਨ੍ਹਾਂ ਵੱਲੋਂ ਦਿੱਤੇ ਗਏ ਹਨ। ਗੁਰੂਗ੍ਰਾਮ ਵਿੱਚ ਵੇਚੇ ਗਏ ਫਲੈਟ ਬਾਰੇ ਵੀ ਸਵਾਲ-ਜਵਾਬ ਕੀਤੇ ਗਏ, ਜਿਸ ਦੇ ਕਾਗਜ਼ਾਤ ਉਨ੍ਹਾਂ ਤੋਂ ਮੰਗੇ ਗਏ ਹਨ। ਇਸ ਤੋਂ ਇਲਾਵਾ ਬੀਡੀਏ ਦੇ ਅਧਿਕਾਰੀਆਂ ਨਾਲ ਕੀਤੀ ਗੰਢ-ਤੁੱਪ ਬਾਰੇ ਵੀ ਸਵਾਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਤੋਂ ਅੱਜ ਕਰੀਬ 7-8 ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਜਵਾਬ ਦਿੱਤੇ ਅਤੇ ਮੰਗੇ ਗਏ ਕੁੱਝ ਹੋਰ ਦਸਤਾਵੇਜ਼ ਅਗਲੀ ਪੇਸ਼ੀ ’ਤੇ ਦੇਣ ਦੀ ਗੱਲ ਆਖੀ। ਸੀਨੀਅਰ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਇਸ ਮਾਮਲੇ ’ਚ ਵਿਜੀਲੈਂਸ ਜਾਂਚ ’ਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਡੀਐੱਸਪੀ ਨੇ ਕਿਹਾ ਕਿ ਉਹ 22 ਨਵੰਬਰ ਨੂੰ ਪੇਸ਼ ਹੋਣਗੇ।

Advertisement

Advertisement
Author Image

joginder kumar

View all posts

Advertisement