For the best experience, open
https://m.punjabitribuneonline.com
on your mobile browser.
Advertisement

ਮਨ ਦੀ ਮੌਜ

08:31 AM Sep 16, 2023 IST
ਮਨ ਦੀ ਮੌਜ
Advertisement

ਰਘੁਵੀਰ ਸਿੰਘ ਕਲੋਆ

ਜੰਗਲ ਦੇ ਇੱਕ ਕੋਨੇ, ਚੁਫ਼ੇਰਿਓਂ ਦਰੱਖਤਾਂ ਨਾਲ ਘਿਰਿਆ ਇੱਕ ਡੂੰਘਾ ਤਲਾਬ ਸੀ। ਬਰਸਾਤਾਂ ’ਚ ਜਮ੍ਹਾਂ ਹੋਇਆ ਇਸ ਵਿਚਲਾ ਪਾਣੀ ਸਾਰਾ ਸਾਲ ਨਾ ਸੁੱਕਦਾ। ਇਸੇ ਕਾਰਨ ਇਸੇ ਤਲਾਬ ਦੇ ਚੁਫ਼ੇਰੇ ਕਾਫ਼ੀ ਜੀਵ-ਜੰਤੂ ਰਹਿੰਦੇ ਸਨ। ਇਨ੍ਹਾਂ ਜੀਵ-ਜੰਤੂਆਂ ਵਿੱਚ ਇੱਕ ਨਟਖ਼ਟ ਕਾਟੋ ਵੀ ਸੀ ਜੋ ਤਲਾਬ ਦੇ ਬਿਲਕੁਲ ਕਿਨਾਰੇ ਉੱਗੇ ਇੱਕ ਕਿੱਕਰ ਦੇ ਰੁੱਖ ’ਤੇ ਰਹਿੰਦੀ ਸੀ। ਕਿੱਕਰ ਦਾ ਇਹ ਰੁੱਖ ਕਾਫ਼ੀ ਵੱਡਾ ਸੀ ਜਿਸ ਦੇ ਕੁਝ ਟਾਹਣੇ ਤਲਾਬ ਦੇ ਤਲ ਤੱਕ ਝੁਕੇ ਹੋਏ ਸਨ। ਘੁੰਮਦੀ-ਘੁਮਾਉਂਦੀ ਕਾਟੋ ਕਈ ਵਾਰ ਇਨ੍ਹਾਂ ਝੁਕੇ ਹੋਏ ਟਾਹਣਾਂ ਤੋਂ ਹੀ ਤਲਾਬ ਦਾ ਪਾਣੀ ਪੀ ਜਾਂਦੀ। ਇਸ ਤਲਾਬ ਵਿੱਚ ਕੁਝ ਰੰਗ-ਬਿਰੰਗੀਆਂ ਮੱਛੀਆਂ ਵੀ ਰਹਿੰਦੀਆਂ ਸਨ। ਹੌਲੀ-ਹੌਲੀ ਕਾਟੋ ਦੀ ਇਨ੍ਹਾਂ ਮੱਛੀਆਂ ਨਾਲ ਚੰਗੀ ਦੋਸਤੀ ਪੈ ਗਈ। ਕਿੱਕਰ ਦੇ ਇਨ੍ਹਾਂ ਨੀਵੇਂ ਟਾਹਣਾਂ ’ਤੇ ਬੈਠ ਉਹ ਇਨ੍ਹਾਂ ਮੱਛੀਆਂ ਨਾਲ ਆਪਣਾ ਦੁਖ-ਸੁਖ ਫੋਲ ਲੈਂਦੀ।
ਇੱਕ ਦਿਨ ਤੇਜ਼ ਹਵਾ ਚੱਲ ਰਹੀ ਸੀ। ਗਰਮੀ ਦੀ ਰੁੱਤ ਸੀ ਤੇ ਕਾਟੋ ਨੂੰ ਕਾਫ਼ੀ ਪਿਆਸ ਲੱਗੀ ਹੋਈ ਸੀ। ਫੁਰਤੀ ਨਾਲ ਉਹ ਨੀਵੇਂ ਟਾਹਣ ਤੋਂ ਤਲਾਬ ਵੱਲ ਨੂੰ ਉਤਰੀ। ਗਰਮੀਆਂ ਕਾਰਨ ਪਾਣੀ ਦਾ ਤਲ ਕੁਝ ਨੀਵਾਂ ਹੋ ਚੁੱਕਾ ਸੀ। ਕਾਟੋ ਦਾ ਮੂੰਹ ਤਾਂ ਪਾਣੀ ਤੱਕ ਨਾ ਪੁੱਜਿਆ, ਪਰ ਤੇਜ਼ ਵਗਦੀ ਹਵਾ ਕਾਰਨ ਉਸ ਦੇ ਪੰਜਿਆਂ ਦੀ ਪਕੜ ਕਮਜ਼ੋਰ ਪੈ ਗਈ। ਉਹ ਧੜੰਮ ਕਰਦੀ ਤਲਾਬ ’ਚ ਜਾ ਪਈ। ਗੋਤੇ ਖਾਂਦਿਆਂ ਉਸ ਦੀਆਂ ਅੱਖਾਂ ਅੱਗੇ ਹਨੇਰਾ ਆਉਣ ਲੱਗਾ। ਉਸ ਨੂੰ ਇੰਜ ਬਿਪਤਾ ਵਿੱਚ ਵੇਖ ਮੱਛੀਆਂ ਫਟਾਫਟ ਉਸ ਵੱਲ ਆਈਆਂ ਤੇ ਇੱਕ ਵੱਡੀ ਮੱਛੀ ਨੇ ਉਸ ਨੂੰ ਆਪਣੀ ਪਿੱਠ ਉੱਪਰ ਬਿਠਾ ਕਿਨਾਰੇ ਤੱਕ ਲੈ ਆਂਦਾ। ਕਾਟੋ ਦੇ ਮਸਾਂ ਜਾਨ ’ਚ ਜਾਨ ਆਈ। ਮੱਛੀਆਂ ਦਾ ਧੰਨਵਾਦ ਕਰਦੀ ਉਹ ਕਿਨਾਰੇ ’ਤੇ ਹੀ ਬੈਠ ਆਪਣਾ ਪਿੰਡਾਂ ਸੁਕਾਉਣ ਲੱਗੀ।
ਰੰਗ-ਬਿਰੰਗੀਆਂ ਮੱਛੀਆਂ ਮੁੜ ਪਾਣੀ ਅੰਦਰ ਤਾਰੀਆਂ ਲਾਉਣ ਲੱਗੀਆਂ। ਉਨ੍ਹਾਂ ਨੂੰ ਇੰਝ ਤਾਰੀਆਂ ਲਾਉਂਦੀਆਂ ਵੇਖ ਕਾਟੋ ਆਪਣੇ ਆਪ ਨੂੰ ਕਹਿਣ ਲੱਗੀ: ਇਨ੍ਹਾਂ ਮੱਛੀਆਂ ਨੂੰ ਕਿੰਨੀ ਮੌਜ ਆ, ਇਹ ਪਾਣੀ ’ਚ ਵੀ ਸਾਹ ਲਈ ਜਾਂਦੀਆਂ।
ਇੰਨੇ ਨੂੰ ਇੱਕ ਬਗਲਿਆਂ ਦੀ ਡਾਰ ਤਲਾਬ ਦੇ ਕਿਨਾਰੇ ’ਤੇ ਉਤਰੀ ਤੇ ਪਾਣੀ ਪੀ ਫਿਰ ਉੱਡ ਪਈ। ਕਾਟੋ ਹੁਣ ਟਿਕਟਿਕੀ ਲਗਾ ਉਨ੍ਹਾਂ ਵੱਲ ਵੇਖਣ ਲੱਗੀ: ਇਨ੍ਹਾਂ ਪੰਛੀਆਂ ਨੂੰ ਵੀ ਬੜੀ ਮੌਜ ਏ, ਝੱਟ ਉਡਾਰੀ ਮਾਰ ਇੱਧਰੋਂ ਉੱਧਰ ਪੁੱਜ ਜਾਂਦੇ।
ਮਨੋਮਨੀ ਇਹ ਸਭ ਸੋਚ ਕਾਟੋ ਨੂੰ ਆਪਣਾ-ਆਪ ਨਿਕੰਮਾ ਜਾਪਣ ਲੱਗਾ। ਨਿਰਾਸ਼ਤਾ ਵਿੱਚ ਘਿਰ ਕੇ ਉਹ ਉੱਥੇ ਹੀ ਬੈਠੀ ਸੀ ਕਿ ਇੱਕ ਡੱਡੂ ਟਪੂਸੀਆਂ ਮਾਰਦਾ ਉਸ ਦੇ ਨੇੜੇ ਆ ਬੈਠਾ। ਇਹ ਡੱਡੂ ਵੀ ਕਾਟੋ ਦਾ ਦੋਸਤ ਸੀ। ਉਸ ਨੂੰ ਇੰਝ ਨਿਰਾਸ਼ ਵੇਖ ਜਦੋਂ ਡੱਡੂ ਨੇ ਇਸ ਦਾ ਕਾਰਨ ਪੁੱਛਿਆ ਤਾਂ ਕਾਟੋ ਨੇ ਅੱਜ ਆਪਣੇ ਨਾਲ ਵਾਪਰੀ ਘਟਨਾ ਤੇ ਪੈਦਾ ਹੋਏ ਮਨ ਦੇ ਖ਼ਿਆਲ ਉਸ ਨਾਲ ਸਾਂਝੇ ਕੀਤੇ। ਉਸ ਦੀ ਸਾਰੀ ਵਾਰਤਾ ਸੁਣ ਡੱਡੂ ਨੇ ਉਸ ਨੂੰ ਸਮਝਾਇਆ,
‘‘ਭੈਣੇ! ਕੁਦਰਤ ਨੇ ਹਰ ਜੀਵ ਨੂੰ ਉਸ ਦੇ ਚੌਗਿਰਦੇ ਅਨੁਸਾਰ ਢਾਲ ਕੇ ਬਣਾਇਆ, ਤੂੰ ਵੀ ਤਾਂ ਛਾਲਾਂ ਮਾਰ ਝੱਟ ਦਰੱਖਤਾਂ ’ਤੇ ਚੜ੍ਹ ਜਾਂਦੀ ਐਂ। ਇਨ੍ਹਾਂ ਮੱਛੀਆਂ ਨੇ ਚੜ੍ਹ ਲੈਣਾ ਕਦੇ ਦਰੱਖਤਾਂ ’ਤੇ?’’
ਇਹ ਸੁਣ ਕਾਟੋ ਆਖਣ ਲੱਗੀ, ‘‘ਪਰ ਭਰਾਵਾ! ਮੈਂ ਸੋਚਦੀ ਇਨ੍ਹਾਂ ਮੱਛੀਆਂ ਨੂੰ ਜ਼ਿਆਦਾ ਮੌਜ ਆ, ਨਾ ਡੁੱਬਣ ਦਾ ਖ਼ਤਰਾ ਤੇ ਨਾ ਆਪਣੇ ਆਲ੍ਹਣੇ ਬਣਾਉਣ ਦੀ ਚਿੰਤਾ।’’ ਇਸ ਤੋਂ ਪਹਿਲਾਂ ਕਿ ਡੱਡੂ ਕੁਝ ਬੋਲਦਾ ਕਾਟੋ ਫਿਰ ਬੋਲ ਪਈ:
‘‘ਡੱਡੂ ਭਰਾ! ਤੂੰ ਤਾਂ ਥਲ ਤੇ ਪਾਣੀ ਦੋਹਾਂ ’ਤੇ ਰਹਿ ਲੈਨਾ, ਹੁਣ ਤੂੰ ਹੀ ਦੱਸ ਜ਼ਿਆਦਾ ਮੌਜ ਪਾਣੀ ’ਚ ਹੈ ਕਿ ਥਲ ’ਤੇ।’’
ਇਹ ਸੁਣ ਡੱਡੂ ਥੋੜ੍ਹਾ ਗੰਭੀਰ ਹੋ ਗਿਆ। ਕੁਝ ਚਿਰ ਉਸ ਨੇ ਆਪਣੇ ਮਨ ਨਾਲ ਵਿਚਾਰ ਕੀਤੀ ਤੇ ਫਿਰ ਬੜੇ ਠਰ੍ਹੰਮੇ ਨਾਲ ਕਾਟੋ ਨੂੰ ਆਖਣ ਲੱਗਾ,
‘‘ਭੈਣੇ! ਥਾਂ ਕੋਈ ਵੀ ਹੋਵੇ, ਮੌਜ ਤਾਂ ਮਨ ਦੀ ਹੁੰਦੀ ਆ, ਕੋਈ ਆਪਣੇ ਮਨ ਨੂੰ ਸਮਝਾ ਇਹ ਮੌਜ ਲੈ ਜਾਂਦਾ ਤੇ ਦੂਜਾ ਬਸ ਹੱਥ ਮਲਦਾ ਰਹਿ ਜਾਂਦਾ।’’
ਇਹ ਆਖ ਡੱਡੂ ਨੇ ਟਪੂਸੀ ਮਾਰੀ ਤੇ ਤਲਾਬ ’ਚ ਜਾ ਵੜਿਆ, ਪਰ ਡੱਡੂ ਦੇ ਬੋਲ ਕਾਟੋ ਦੇ ਕੰਨਾਂ ’ਚ ਨਿਰੰਤਰ ਗੂੰਜ ਰਹੇ ਸਨ। ਡੱਡੂ ਦੇ ਇਨ੍ਹਾਂ ਬੋਲਾਂ ਵਿਚਲੀ ਸੱਚਾਈ ਨੂੰ ਸਮਝ ਕਾਟੋ ਦਾ ਮਨ ਮੁੜ ਖੇੜੇ ਨਾਲ ਭਰ ਉੱਠਿਆ। ਛਾਲਾਂ ਮਾਰਦੀ ਕਾਟੋ ਝੱਟ ਕਿੱਕਰ ਦੀ ਸਭ ਤੋਂ ਉੱਚੀ ਟਾਹਣੀ ’ਤੇ ਜਾ ਬੈਠੀ। ਹੁਣ ਉਸ ਨੂੰ ਚੁਫ਼ੇਰਾ ਬੜਾ ਮਨਮੋਹਣਾ ਲੱਗ ਰਿਹਾ ਸੀ।
ਸੰਪਰਕ: 98550-24495

Advertisement

Advertisement
Advertisement
Author Image

joginder kumar

View all posts

Advertisement