ਪਰਿਵਾਰ ਸਮੇਤ ਦਰਸ਼ਨ ਦੇਣੇ ਜੀ!
ਗੁਰਮੇਲ ਸਿੰਘ ਸਿੱਧੂ
ਟਰਨ... ਟਰਨ... ਟਰਨ... ‘‘ਹੈਲੋ ਹਾਂ ਜੀ, ਦਰਸ਼ਨ ਜੀ! ਸਤਿ ਸ੍ਰੀ ਅਕਾਲ!’’ ‘‘ਸਤਿ ਸ੍ਰੀ ਅਕਾਲ ਜੀ, ਹਾਂ ਜੀ ਸਿੱਧੂ ਸਾਹਿਬ! ਤਿਆਰੀ ਐ ਆਪਾਂ ਚੱਲਣਾ ਏ ਫ਼ਰੀਦਕੋਟ ਮੋਹਣ ਲਾਲ ਜੀ ਦੇ ਬੇਟੇ ਦੇ ਵਿਆਹ।’’ ‘‘ਹਾਂ... ਹਾਂ ਯਾਰ, ਜਾਣਾ ਤਾਂ ਸੀ।’’ ਅੱਗੋਂ ਦੋਸਤ ਬੋਲਿਆ, ‘‘ਜਨਾਬ, ਜਾਣਾ ਤਾਂ ਹੈ?’’
‘‘ਹਾਂ ਹਾਂ...,’’ ਮੈਂ ਢਿੱਲਾ ਜਿਹਾ ਬੋਲਿਆ, ‘‘ਦਰਸ਼ਨ ਵੀਰੇ, ਵਿਆਹ ਬਹੁਤ ਨੇ। ਦੋ ਤਿੰਨ ਸੱਦੇ ਹੋਰ ਆ ਗਏ, 23 ਤਰੀਕ ਦਾ ਸਾਡੇ ਲੋਕਲ ਹੀ ਕੋਈ ਕਾਹਲੀ ਜਿਹੀ ਵਾਲਾ ਵਿਆਹ ਆ ਗਿਆ। ਇੱਕ ਹੋਰ ਵਿਆਹ 24 ਤੋਂ ਲੈ ਕੇ 28 ਨਵੰਬਰ ਤੱਕ ਸਾਡੇ ਦੋਸਤ ਬੇਵਲੀ ਸਾਹਿਬ ਦੇ ਬੇਟੇ ਦਾ। ਉਨ੍ਹਾਂ ਨਾਲ ਵੀ ਮੇਰਾ ਬਹੁਤ ਪਿਆਰ ਹੈ ਤੇ ਹੈ ਵੀ ਨਵਾਂ ਨਵਾਂ। ਇੱਕ ਦੋ ਕੰਮ ਮੇਰੇ ਜ਼ਿੰਮੇ ਲੱਗੇ ਨੇ। ਸੋ ਵੀਰ ਬਣ ਕੇ ਫ਼ਰੀਦਕੋਟ ਤੁਸੀਂ ਜਾ ਆਓ। ਬੱਚਿਆਂ ਨੂੰ ਨਾਲ ਲੈ ਚੱਲਿਓ।’’ ਦੋਸਤ ਨੇ ਨਿਰਾਸ਼ਾ ਵਿੱਚ ‘‘ਚੰਗਾ ਤੁਹਾਡੀ ਮਰਜ਼ੀ’’ ਕਹਿ ਕੇ ਫੋਨ ਬੰਦ ਕਰ ਦਿੱਤਾ।
ਮੈਂ ਵਾਪਸੀ ’ਤੇ ਘਰ ਪਹੁੰਚਿਆ ਹੀ ਹਾਂ ਕਿ ਵੱਡੇ ਮੇਜ਼ ’ਤੇ ਇੱਕ ਹੋਰ ਸ਼ਗਨਾਂ ਵਾਲੀਆਂ ਲਾਲ-ਟੂਲੀ ਰੰਗ ਦੀਆਂ ਦੋ ਪੋਟਲੀਆਂ ਪਈਆਂ ਤੇ ਨਾਲ ਮੋਟਾ ਜਿਹਾ ਕਾਰਡ ਲਿਖਿਆ ਸੀ ‘ਪਰਿਵਾਰ ਸਮੇਤ ਦਰਸ਼ਨ ਦੇਣੇ ਜੀ’। ਮੈਂ ਪਤਨੀ ਨੂੰ ਉੱਚੀ ਆਵਾਜ਼ ’ਚ ਕਿਹਾ, ‘‘ਆਹ ਕਾਰਡ ਹੋਰ ਕੀਹਦਾ ਆ ਗਿਆ?’’ ਉਹ ਮੁਸਕਰਾਉਂਦੀ ਬੋਲੀ, ‘‘ਤੁਹਾਡੇ ਚੌਧਰੀ ਸਾਹਿਬ ਦਾ ਸੱਦਾ ਪੱਤਰ ਐ ਚਾਰ ਦਸੰਬਰ ਦਾ! ਅੱਛਾ ਅੱਛਾ, ਉਹ ਤਾਂ ਇੱਥੋਂ ਸ਼ਿਫਟ ਕਰ ਗਏ ਸੀ ਸੈਕਟਰ ਗਿਆਰਾਂ। ਉਨ੍ਹਾਂ ਦੇ ਕੀਹਦਾ ਵਿਆਹ ਐ?’’ ਪਤਨੀ ਵਿੱਚੋਂ ਹੀ ਬੋਲੀ, ‘‘ਵਿਆਹ ਕਿਸੇ ਦਾ ਤਾਂ ਹੋਊਗਾ, ਉਨ੍ਹਾਂ ਦਾ ਆਵਦਾ ਤਾਂ ਨਹੀਂ, ਕਿਸੇ ਜਵਾਕ ਦਾ ਹੋਣਾ ਮੁੰਡੇ ਕੁੜੀ ਦਾ। ਹਾਂ ਯਾਦ ਆਇਆ... ਮੁੰਡਾ ਤਾਂ ਪਹਿਲਾਂ ਵਿਆਹਿਆ ਹੋਇਆ ਏ, ਦੋ ਤਿੰਨ ਸਾਲ ਹੋ ਗਏ। ਧੀ ਡਾਕਟਰ ਹੈ, ਉਹਦਾ ਹੋਊ।’’ ਇੰਨੇ ਨੂੰ ਮੈਂ ਨਾਲ ਨਾਲ ਕਾਰਡ ਖੋਲ੍ਹ ਕੇ ਪੜ੍ਹ ਰਿਹਾ ਸੀ: ਮਿਸਿਜ਼ ਚੌਧਰੀ ਐਂਡ ਮਿਸਟਰ ਵੀ.ਐੱਸ.ਚੌਧਰੀ’ਜ਼ ਡੀਅਰ ਡੌਟਰ। ਉਨ੍ਹਾਂ ਦੀ ਧੀ ਡਾਕਟਰ ਨੇਹਾ ਦਾ ਸ਼ੁਭ ਵਿਆਹ, ਬਾਕੀ ਸਾਰਾ ਪ੍ਰੋਗਰਾਮ ਚਾਰ ਦਸੰਬਰ ਚੰਡੀਗੜ੍ਹ ਕਲੱਬ ਸੈਕਟਰ ਇੱਕ। ਬਹੁਤ ਵਧੀਆ ਵਿਆਹ ਵੇਖਣ ਵਾਲਾ ਹੋਵੇਗਾ। ਮੈਂ ਵਿਆਹ ਦਾ ਸੱਦਾ ਵੇਖ ਕੇ ਖ਼ੁਸ਼ੀ ਵਿੱਚ ਸਹਿਮਤੀ ਜ਼ਾਹਰ ਕੀਤੀ। ‘‘ਚਲੋ ਐਤਕੀਂ ਸਿਆਲ ਵਿੱਚ ਵਾਹਵਾ ਵਿਆਹ ਨੇ,’’ ਮੈਂ ਕਹਿ ਕੇ ਕਾਰਡ ਬੰਦ ਕਰ ਦਿੱਤਾ। ‘‘ਅਜੇ ਤਾਂ ਕਿੰਨੇ ਬੱਚੇ ਰਹਿੰਦੇ ਨੇ ਆਪਣੀ ਜਾਣ ਪਛਾਣ ’ਚੋਂ,’’ ਪਤਨੀ ਪਾਣੀ ਫੜਾਉਂਦੀ ਬੋਲੀ ਤੇ ਖੱਬੇ ਹੱਥ ਦੀਆਂ ਉਗਲਾਂ ’ਤੇ ਗਿਣਨ ਲੱਗੀ, ‘‘ਅਜੇ ਜਰਨੈਲ ਦਾ ਗੋਵੀ, ਰਮਨ ਦੀਆਂ ਦੋ ਕੁੜੀਆਂ, ਬੰਟੀ ਬਲਜੀਤ ਕਾ, ਤਰਲੋਚਨ ਫ਼ੌਜੀ ਦੀ ਦੋਹਤੀ ਤੇ ਸੁਰਿੰਦਰ ਦਾ ਸ਼ੁਕਲਾ, ਨਰੇਸ਼ ਦੀ ਬੇਟੀ ਯਾਸ਼ਨਾ, ਆਪਣੀ ਕੁੜੀ ਦਾ ਵਿਆਹ ਆਜੂ ਐਨੇ ਨੂੰ, 16 ਵਾਲਿਆਂ ਦਾ ਵਕੀਲ ਸਾਹਿਬ, ਬੋਹਾ ਵਾਲਿਆਂ ਦਾ ਸੋਨੂੰ ਤੇ ਪਿੰਡੋਂ ਇੱਕ ਦੋ ਆ ਜਾਣਗੇ, ਇਧਰੋਂ ਫ਼ਰੀਦਕੋਟ ਤੋਂ ਇੱਕ ਦੋ ਹੋਰ ਨਿਕਲ ਆਉਣਗੇ।’’ ਮੈਂ ਵਿੱਚੋਂ ਬੋਲਿਆ, ‘‘ਦਰਸ਼ਨ ਪਤਲੀ ਕੇ ਵੀ ਮੁੰਡੇ ਵਾਸਤੇ ਕੁੜੀ ਲੱਭਦੇ ਫਿਰਦੇ ਨੇ!’’
ਐਨੇ ਸਾਰੇ ਰਹਿੰਦੇ ਬਾਕੀ ਮੁੰਡੇ ਕੁੜੀਆਂ ਦੇ ਰਿਸ਼ਤਿਆਂ ਬਾਰੇ ਮੈਨੂੰ ਅਣਚਾਹੀ ਚਿੰਤਾ ਹੋ ਰਹੀ ਸੀ। ਸੋਚਦਾ ਹਾਂ ਕਿ ਜਦੋਂ ਵੀ ਕੋਈ ਦੋਸਤ ਤੇ ਨਜ਼ਦੀਕੀ ਕਿਸੇ ਧਾਰਮਿਕ ਸਮਾਜਿਕ ਸਮਾਗਮ ਜਾਂ ਬਾਜ਼ਾਰ ਵਿੱਚ ਮਿਲਦਾ ਤਾਂ ਪਹਿਲਾਂ ਬੱਚਿਆਂ ਬਾਰੇ ਪੁੱਛਦਾ। ਫੇਰ ਹੌਲੀ ਹੌਲੀ ਆਖਦਾ, ਪ੍ਰਧਾਨ ਜੀ, ਮੁੰਡੇ ਕੁੜੀਆਂ ਵਿਆਹੀਏ, ਕੋਈ ਕੁੜੀ ਦੱਸੋ ਤੇ ਚੰਗਾ ਲੜਕਾ। ਜ਼ਿਆਦਾਤਰ ਮੁੰਡੇ ਵਾਲੇ ਕੁੜੀ ਲੱਭਦੇ ਹਨ। ਅੱਜ ਉਨ੍ਹਾਂ ਬੱਚਿਆਂ ਦੀ ਉਮਰ ਤੀਹ ਸਾਲ ਦੇ ਨੇੜੇ ਜਾਂ ਵੱਧ ਹੀ ਹੈ। ਇਹ ਵੇਖ ਕੇ ਅਚੇਤ ਮਨ ਵਿੱਚ ਆਉਂਦਾ ਹੈ ਕਿ ਤੀਹ ਸਾਲ ਪਹਿਲਾਂ ਭਰੂਣ ਹੱਤਿਆਵਾਂ ਦਾ ਮਾੜਾ ਦੌਰ ਚੱਲਿਆ। ਸਨਸਨੀਖੇਜ਼ ਖ਼ਬਰਾਂ ਪੜ੍ਹਦੇ ਕਿ ਪ੍ਰਾਈਵੇਟ ਹਸਪਤਾਲ ਇਸ ਘਿਨੌਣੇ ਧੰਦੇ ਵਿੱਚ ਮਸ਼ਰੂਫ਼ ਰਹੇ, ਖੂਹਾਂ ਤੱਕ ਭਰੂਣ ਮਿਲਣ ਦੇ ਖੁਲਾਸੇ ਹੋਏ, ਉਹ ਸਾਡੀਆਂ ਧੀਆਂ, ਵਹੁਟੀਆਂ, ਨੂੰਹਾਂ ਬਣਨੋਂ ਰਹਿ... ਇੱਕ ਦੋ ਮਿੰਟਾਂ ਵਿੱਚ ਰੂਹ ਝੰਜੋੜੀ ਗਈ!
‘‘ਕਿੱਥੇ ਬਿਰਤੀ ਲਾ ਲਈ? ਵਿਆਹਾਂ ਦਾ ਸੀਜ਼ਨ ਐ। ਤੁਸੀਂ ਸ਼ਗਨਾਂ ਵਾਲੇ ਲਿਫ਼ਾਫ਼ੇ ਲਿਆਓ ਖਾਸੇ, ਗੱਡੀ ’ਚ ਰੱਖੋ, ਮੌਕੇ ’ਤੇ ਲੱਭਦੇ ਨਹੀਂ ਹੁੰਦੇ,’’ ਪਤਨੀ ਨੇ ਗੱਲ ਪੂਰੀ ਕੀਤੀ।
ਇੰਨੇ ਨੂੰ ਘਰ ਦੀ ਘੰਟੀ ਵੱਜੀ। ਅਸੀਂ ਵਿਆਹਾਂ ਦੇ ਕਾਰਡ ਤੋਂ ਸਾਵਧਾਨ ਜਿਹੇ ਹੋ ਕੇ ਸਿੱਧੇ ਜਿਹੇ ਹੁੰਦੇ ਹੀ ਸੀ। ਮੈਂ ਕਿਹਾ, ‘‘ਇਹ ਕਿਹੜਾ ਐ? ਦਰਵਾਜ਼ਾ ਖੋਲ੍ਹਾਂ?’’ ‘‘ਹੋਰ ਖੋਲ੍ਹੋਂਗੇ ਨਹੀਂ?’’ ਪਤਨੀ ਆਪਣੀ ਚੁੰਨੀ ਵੱਲ ਹੋ ਗਈ।
ਮੈਂ ਦਰਵਾਜ਼ਾ ਖੋਲ੍ਹਿਆ। ਇੱਕ ਲੰਮਾ ਉੱਚਾ, ਪਤਲਾ ਜਿਹਾ ਨੌਜਵਾਨ ਹੱਥ ’ਚ ਮਿਠਾਈ ਦਾ ਡੱਬਾ ਫੜੀ, ਪੈਰਾਂ ਵੱਲ ਅੱਧਾ ਝੁਕਦਿਆਂ ਬੋਲਿਆ, ‘‘ਸਤਿ ਸ੍ਰੀ ਅਕਾਲ, ਅੰਕਲ ਜੀ!’’ ‘‘ਸਤਿ ਸ੍ਰੀ ਅਕਾਲ, ਬੇਟੇ। ਆਓ।’’ ਮੈਂ ਚਿਹਰਾ ਵੇਖਿਆ। ਮੇਰੇ ਮੂੰਹੋਂ ਇਕਦਮ ਨਿਕਲਿਆ, ‘‘ਸਹਿਜ ਤੂੰ?’’ ਤੇ ਦਰਵਾਜ਼ਾ ਖੋਲ੍ਹ ਕੇ ਲੰਮੀ ਨਿਗਾਹ ਮਾਰਦਿਆਂ ਪੁੱਛਿਆ, ‘‘ਮੰਮੀ ਪਾਪਾ ਕਿੱਥੇ ਨੇ? ਤੂੰ ’ਕੱਲਾ? ਬੈਠ ਬੇਟੇ,’’ ਮੈਂ ਗਲਵੱਕੜੀ ’ਚ ਲੈ ਕੇ ਕਿਹਾ।
‘‘ਅੰਕਲ, ਮੰਮੀ ਡੈਡੀ ਬਾਜ਼ਾਰ ਗਏ ਹਨ।’’ ਸਹਿਜ ਅੱਧ ਕੁ ਦਾ ਹੋ ਕੇ ਬੋਲਿਆ। ਬੜੀ ਹੈਰਾਨੀ ਹੋਈ। ਮੈਂ ਪਤਨੀ ਨੂੰ ਸੁਣਾਉਂਦਿਆਂ ਕਿਹਾ, ‘‘ਆ ਜਾਉ ਇੱਕ ਵਿਆਹ ਹੋਰ ਆ ਗਿਆ।’’ ਸਹਿਜ ਵੀ ਪਹਿਲੇ ਕਾਰਡ ਅਤੇ ਡੱਬੇ ਵੇਖ ਕੇ ਹੱਸ ਰਿਹਾ ਸੀ।
ਪਤਨੀ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਸਹਿਜ ਦਾ ਮੋਢਾ ਪਲੋਸਿਆ, ‘‘ਹਾਂ ਬਈ ਸਹਿਜ ਹੁਣ ਸੁਣਾ। ਵਿਆਹ ਤੇਰਾ ਕਿ ਡਾਕਟਰ ਭੈਣ ਦਾ?’’ ‘‘ਆਂਟੀ ਜੀ, ਭੈਣ ਦਾ ਵਿਆਹ ਐ।’’ ਮੈਂ ਕਿਹਾ, ‘‘ਇੰਨੀ ਜਲਦੀ! ਚੱਲ ਦੱਸ ਕੀ ਖਾਏਂਗਾ ਕੀ ਪੀਏਂਗਾ?’’ ‘‘ਨਹੀਂ ਅੰਕਲ, ਮੈਂ ਕਾਹਲੀ ਵਿੱਚ ਹਾਂ। ਹੋਰ ਪਾਸੇ ਵੀ ਜਾਣੈ। ਕਾਰ ਮੇਰੇ ਕੋਲ ਐ। ਮੰਮੀ ਪਾਪਾ ਨੂੰ ਮਾਰਕਿਟ ’ਚੋਂ ਲੈਣਾ ਹੈ। ਹੋਰ ਕਈ ਕੰਮ ਨੇ ਤੇ ਟਾਈਮ ਥੋੜ੍ਹਾ।’’ ਮੈਂ ਉਤਸੁਕਤਾ ਨਾਲ ਪੁੱਛਿਆ, ‘‘ਵਿਆਹ ਕਦੋਂ ਦਾ?’’ ‘‘ਅਠਾਰਾਂ ਦਸੰਬਰ ਦਾ ਅੰਕਲ।’’
ਇੰਨੇ ਨੂੰ ਪਤਨੀ ਤਾਜ਼ੀਆਂ ਬਣੀਆਂ ਪਿੰਨੀਆਂ ਲੈ ਆਈ ਤੇ ਬੋਲੀ, ‘‘ਲੈ ਫਿਰ ਖਾ ਬੇਟਾ, ਘਰ ਦੀਆਂ ਪਿੰਨੀਆਂ ਨੇ। ਤੈਨੂੰ ਵਧਾਈ ਹੋਵੇ।’’ ਵਿਆਹ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਬੈਠੇ ਸ਼ਾਮ ਦੀ ਚਾਹ ਪੀਣ ਲੱਗੇ ਹੀ ਸੀ। ਸੁਭਾਵਿਕ ਹੀ ਵੱਟਸਐਪ ਖੋਲ੍ਹ ਲਿਆ। ਮੈਂ ਐਨਕ ਲਾ ਕੇ ਧਿਆਨ ਨਾਲ ਪੜ੍ਹਨ ਲੱਗਿਆ ਤੇ ਕਿਹਾ, ‘‘ਲੈ ਚੱਕ ਇੱਕ ਵਿਆਹ ਹੋਰ, 18 ਦਸੰਬਰ ਨੂੰ। ਲੁਧਿਆਣਾ ਚੱਲੋ! ਇਸ ’ਤੇ ਵੀ ਲਿਖਿਆ ‘ਪਰਿਵਾਰ ਸਮੇਤ ਦਰਸ਼ਨ ਦੇਣੇ ਜੀ’।’’ ‘‘ਇਹ ਕੀਹਦਾ ਐ?’’ ਪਤਨੀ ਮੋਬਾਈਲ ਫੜ ਕੇ ਵੇਖਣ ਲੱਗੀ, ‘‘ਲੈ ਇਹ ਤਾਂ ਤੁਹਾਡਾ ਪੁਰਾਣਾ ਦੋਸਤ ਐ 44 ਵਾਲਾ ਸੁਰਿੰਦਰ, ਸ਼ੁਕਲੇ ਦਾ ਵਿਆਹ ਆ ਗਿਆ ਬਈ ਵਾਹ!’’
ਮੈਂ ਕਿਹਾ, ‘‘ਲੁਧਿਆਣੇ ਕਿਉਂ?’’ ‘‘ਲੈ ਅਕੇ ਲੁਧਿਆਣੇ ਕਿਉਂ। ਜਦੋਂ ਕੁੜੀ ਲੁਧਿਆਣੇ ਦੀ ਐ, ਅਗਲੇ ਕੁੜੀ ਨੂੰ ਸ਼ਗਨ ਪਾਉਣ ਜਾਣਗੇ,’’ ਪਤਨੀ ਉੱਚੀ ਸੁਰ ’ਚ ਬੋਲੀ। ਮੈਂ ਫਿਰ ਕਿਹਾ, ‘‘...ਤੇ ਮੁੰਡੇ ਨੂੰ ਸ਼ਗਨ ਨਹੀਂ ਪੈਣਾ?’’ ‘‘ਤੁਹਾਡਾ ਵੀ ਨਾ ਸਰਿਆ ਪਿਐ। ਮੁੰਡਾ ਉੱਥੇ ਹੀ ਹੋਵੇਗਾ। ਨਾਲ ਹੀ ਸ਼ਗਨ ਪੈਜੂ।’’ ਮੈਂ ਅਰਧ ਸਹਿਮਤੀ ਜਿਹੀ ’ਚ ‘ਹੂੰ’ ਕਹਿ ਦਿੱਤਾ ਤੇ ਨਾਲ ਹੀ ਪਹਿਲਾਂ ਪ੍ਰਚੱਲਿਤ, ਪ੍ਰਵਾਨਿਤ ਰਿਵਾਜ ਦੱਸਣ ਲੱਗਿਆ, ‘‘ਪਹਿਲਾਂ ਮੁੰਡੇ ਨੂੰ ਸ਼ਗਨ (ਸਾਕ ਹੁੰਦਾ) ਉਹਦੇ ਪਿੰਡ ਘਰ ਦੇ ਵਿਹੜੇ ਪੈਂਦਾ, ਫਿਰ ਮੁੰਡੇ ਵਾਲੇ ਕੁੜੀ ਦੇ ਪੇਕੀਂ ਢੁੱਕਦੇ, ਬਰਾਤ ਲੈ ਕੇ ਜਾਂਦੇ। ਅੱਜਕੱਲ੍ਹ ਤਾਂ ਹੋਰ ਹੀ ਹੋ ਗਿਆ। ਅਖੇ, ਉਲਟੇ ਬਾਂਸ ਬਰੇਲੀ ਨੂੰ। ਲੈ ਸੁਣ ਬਖਸ਼ੀਸ਼ ਸਿੰਘ ਦੀ ਬੇਟੀ ਦਾ ਵਿਆਹ ਸੀ ਘਰ ਪਾਠ ਕਰਾਇਆ ਪਿਛਲੇ ਸਾਲ, ਇੱਥੋਂ ਵਾਲੇ ਸਾਰੇ ਬੁਲਾ ਲਏ। ਅਖੇ, ਵਿਆਹ ਜਲੰਧਰ ਕਰਨ ਜਾਣੈ, ਮੁੰਡੇ ਵਾਲੇ ਉੱਥੋਂ ਦੇ ਨੇ। ਕੁੜੀ ਵਾਲਿਆਂ ਨੇ ਜਲੰਧਰ ਜਾ ਕੇ ਹੋਟਲ ਪੈਲੇਸ ਬੁੱਕ ਕਰਵਾਏ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਰਿਹਾਇਸ਼ਾਂ ਬੁੱਕ ਕਰਵਾਈਆਂ। ਨਵੀਆਂ ਥਾਵਾਂ ਨਾ ਕੋਈ ਜਾਣਦਾ ਨਾ ਪਛਾਣਦਾ। ਹੋਰ ਵੀ ਕਿੰਨੇ ਵੇਖ ਲਏ, ਭਾਵੇਂ ਲੋਕ ਪੜ੍ਹ ਲਿਖ ਗਏ ਹਨ, ਕਹੀ ਜਾਂਦੇ ਨੇ ਕਿ ਦਾਜ ਨਹੀਂ ਲੈਣਾ, ਪਰ ਮੁੰਡੇ ਵਾਲੇ ਕਈ ਥਾਵਾਂ ’ਤੇ ਮਨਮਰਜ਼ੀ ਪੁਗਾਉਂਦੇ ਨੇ। ਆਹੀ ਸੁਰਿੰਦਰ ਕੇ ਪਹਿਲਾਂ ਕੁੜੀ ਦਾ ਵਿਆਹ ਜੰਮੂ ਜਾ ਕੇ ਕਰਕੇ ਆਏ ਨੇ, ਚੰਡੀਗੜ੍ਹ ਤੋਂ ਮੁੰਡੇ ਦੇ ਸ਼ਹਿਰ। ਫਿਰ ਉਹ ਗੱਲ ਤਾਂ ਨਹੀਂ ਬਣਦੀ ਕਿ ਕੱਲ੍ਹ ਨੂੰ ਕੁੜੀ ਦੀ ਬਰਾਤ ਆਵੇਗੀ। ਉਹ ਖਿੱਚ, ਉਹ ਉਡੀਕ, ਉਹ ਤਿਆਰੀ...। ਬਸ ਪੈਸੇ ਦੀ ਚਕਾਚੌਂਧ ਨੇ ਵਿਆਹਾਂ ਦੇ ਚਾਅ, ਮਲਾਰ, ਹਾਸੇ ਠੱਠੇ, ਉਡੀਕਾਂ, ਬਣਾਉਟੀ ਜਿਹੀਆਂ, ਮੁੱਲ ਦੀਆਂ ਰੇਡੀਮੇਡ ਖ਼ੁਸ਼ੀਆਂ ਬਣਾ ਦਿੱਤੀਆਂ!’’
‘‘ਬਾਬਾ, ਤੁਸੀਂ ਛੱਡੋ ਆਪਣੀ ਫਿਲਾਸਫ਼ੀ। ਤੁਹਾਨੂੰ ਤਾਂ ਬੁਢਲਾਡੇ ਜਾ ਕੇ ਹੀ ਸ਼ਗਨ ਪਾ ਕੇ ਆਏ ਸੀ,’’ ਪਤਨੀ ਦਲੀਲਬਾਜ਼ੀ ਕਰਦੀ ਬੋਲੀ, ‘‘ਆਹ ਹੁਣ ਆਪਾਂ 24 ਨਵੰਬਰ ਤੋਂ 28 ਨਵੰਬਰ ਤੱਕ ਬੇਵਲੀ ਸਾਹਿਬ ਦੇ ਵਿਆਹ ’ਚ ਰਹੇ, ਕਿੰਨਾ ਵਧੀਆ ਵਿਆਹ ਸੀ, ਪਰ ਬਰਾਤ ਤਾਂ ਇਨ੍ਹਾਂ ਦੀ ਵੀ ਕਿਤੇ ਨਹੀਂ ਗਈ। ਮੁਹਾਲੀ ਤੋਂ ਉੱਠ ਕੇ ਖਰੜ ਪੈਲੇਸ ਜਾ ਵੜੇ। ਹੁਣ ਕੀ ਕਰਦੇ ਕੁੜੀ ਵਾਲੇ ਰਾਜਸਥਾਨ ਦੇ ਨੇ। ਉਨ੍ਹਾਂ ਲਈ ਇੰਤਜ਼ਾਮ ਬੇਵਲੀ ਸਾਹਿਬ ਨੇ ਕੀਤਾ। ਤੁਸੀਂ ਨਾਲ ਹੀ ਰਹੇ ਹੋ।’’ ਮੈਂ ਪ੍ਰੋੜਤਾ ਕਰਦਿਆਂ ਕਿਹਾ, ‘‘ਜਿਵੇਂ ਮਰਜ਼ੀ ਐ ਵਿਆਹ ਦੀਆਂ ਧੁੰਮਾਂ ਪੈ ਗਈਆਂ, ਖ਼ਾਸਕਰ ਰਿਸੈਪਸ਼ਨ ਦੀਆਂ। ਬੇਵਲੀ ਸਾਹਿਬ ਤੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾਂਦੀ ਤੇ ਨਾਲੇ ਪਰਿਵਾਰ ਨੇ ਆਪਣਾ ਵਾਰ ਵਾਰ ਧੰਨਵਾਦ ਕੀਤਾ ਕਿ ਤੁਹਾਡਾ ਬੜਾ ਸਹਿਯੋਗ ਮਿਲਿਆ।’’ ‘‘ਚਲੋ ਉਹ ਤਾਂ ਠੀਕ ਐ। ਅੱਜਕੱਲ੍ਹ ਦੂਰ ਦੁਰਾਡੇ ਦੇ ਰਿਸ਼ਤੇ ਨੇ। ਬੱਚੇ ਆਪਸ ਵਿੱਚ ਪਹਿਲਾਂ ਹੀ ਮਿਲ ਕੇ ਵਿਆਹ ਦੀ ਵਿਉਂਤਬੰਦੀ ਕਰਦੇ ਨੇ। ਕੋਈ ਵਿਆਹ ਕਿੱਥੇ ਵੀ ਕਰੇ, ਪਰ ਰਿਸ਼ਤੇਦਾਰ ਵਧੀਆ ਹੋਣ, ਬੱਚੇ ਖ਼ੁਸ਼ ਰਹਿਣ ਤਾਂ ਸਭ ਚੰਗਾ ਹੀ ਚੰਗਾ। ਨਾਲੇ ਅੱਜਕੱਲ੍ਹ ਚੰਗੇ ਰਿਸ਼ਤੇ, ਚੰਗੇ ਮੁੰਡੇ ਕੁੜੀਆਂ ਕਿਸਮਤ ਨਾਲ ਹੀ ਮਿਲਦੇ ਹਨ ਤੇ ਕਿਸਮਤ ਨਾਲ ਨਿਭਦੇ ਹਨ। ਤੁਸੀਂ ਆਪਣੇ ਕੋਟ ਪੈਂਟਾਂ ਪ੍ਰੈੱਸ ਕਰਵਾਓ। ਸਾਰੇ ਵਿਆਹ ਵੇਖਣੇ ਨੇ ਆਪਾਂ ਤਾਂ। ਚਲੋ ਕੱਲ੍ਹ ਮੇਰੀ ਛੁੱਟੀ ਐ। ਇੱਕ ਦੋ ਸੂਟ ਲੈ ਕੇ ਆਉਣੇ ਨੇ ਤੇ ਨਾਲੇ ਸਿਉਣੇ ਵੀ ਦੇਣੇ ਨੇ। ਵਿਆਹਾਂ ਦਾ ਰਸ਼ ਆ ਦਰਜ਼ੀਆਂ ਕੋਲ ਵੀ, ਗਾਹ ਪਿਆ ਹੁੰਦਾ।’’ ਪਤਨੀ ਨੇ ਮਨ ਦੀ ਗੱਲ ਆਖੀ। ਮੈਂ ਹਾਂ ਵਿੱਚ ਸਿਰ ਹਿਲਾਇਆ। ਉਹਨੇ ਪੈਂਦੀ ਸੱਟੇ ਕਿਹਾ, ‘‘ਸ਼ਗਨ ਦਾ ਕਿਵੇਂ ਕਰਨ?’’ ਮੈਂ ਕਿਹਾ, ‘‘ਸ਼ਗਨ ਦੇਣ ਦਾ ਮੈਨੂੰ ਵੀ ਪਤਾ, ਪਰ ਕਿੰਨਾ ਪੈਸੇ ਜਾਂ ਕੋਈ ਚੀਜ਼।ਗੱਲ ਸੁਣ ਲੈ, ਸ਼ਗਨ ਹੋਵੇ ਜਾਂ ਤੋਹਫ਼ਾ ਉਹਦੀ ਕੀਮਤ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਐ ਤੁਹਾਡੀ ਸ਼ਮੂਲੀਅਤ ਦੀ, ਤੁਹਾਡੇ ਚਾਅ ਦੀ। ਜਦੋਂ ਆਪਾਂ ਕਿਸੇ ਦੀ ਖ਼ੁਸ਼ੀ ਵਿੱਚ ਸਮੇਂ ਸਿਰ ਖਿੜੇ ਮੱਥੇ ਸ਼ਾਮਲ ਹੁੰਦੇ ਹਾਂ ਤਾਂ ਖ਼ੁਸ਼ੀ ਵਿੱਚ ਵਾਧਾ ਕਰਨ ਚਾਹੀਦੈ। ਉੱਥੇ ਹਰ ਤਰ੍ਹਾਂ ਦੇ ਹਾਲਾਤ ਨੂੰ ਪ੍ਰਵਾਨ ਕਰਨਾ ਚਾਹੀਦੈ। ਇਹੀ ਸ਼ੁਭ ਸ਼ਗਨ ਹੁੰਦੈ। ਬਾਕੀ ਦੁਨਿਆਵੀ ਤੌਰ ’ਤੇ ਜੋ ਜੱਗ ਵਤੀਰਾ ਹੈ, ਕਰਾਂਗੇ।’’
ਅਸੀਂ ਗੱਲਾਂ ਕਰਦੇ ਕਰਦੇ ਵਿਆਹਾਂ ਦੀ ਤਰਤੀਬ ਬਣਾਉਣ ਲੱਗ ਪਏ। ਮੈਂ ਵਾਰ ਵਾਰ ਪੜ੍ਹੀ ਜਾਂਦਾ ਸੀ, ‘ਪਰਿਵਾਰ ਸਮੇਤ ਦਰਸ਼ਨ ਦੇਣੇ ਜੀ’!
ਸੋਚਦਾ ਹਾਂ ਕਿ ਸ਼ਹਿਰਾਂ ਵਿੱਚ ਤੇ ਹੁਣ ਤਾਂ ਪਿੰਡਾਂ ਵਿੱਚ ਵੀ ਕਿਹੜੇ ਪਰਿਵਾਰ ਰਹਿ ਗਏ! ਪਹਿਲੇ ਸਮਿਆਂ ’ਚ ਵਿਆਹ ਜਾਣ ਵੇਲੇ ਕਿਸੇ ਰਿਸ਼ਤੇਦਾਰ ਨੂੰ ਘਰ ਸੰਭਾਲਣ ਵਾਸਤੇ ਸੱਦਦੇ ਸੀ। ਅਸੀਂ ਦੋ ਜੀਅ ਹਾਂ, ਉਹ ਵੀ ਜੇ ਤੁਰਦੇ ਫਿਰਦੇ ਹਾਂ ਤਾਂ ਦੋਵੇਂ ਚਲੇ ਜਾਵਾਂਗੇ। ਨਹੀਂ ਤਾਂ ਕਈ ਵਾਰ ਬਹੁਤੇ ਵਿਚਾਰੇ ਇੱਕ ਨਾਲ ਹੀ ਸਾਰਦੇ ਹਨ। ਅਜਿਹੇ ਖ਼ੁਸ਼ੀਆਂ ਦੇ ਮੌਕੇ ਵਿਦੇਸ਼ ਭੇਜੇ ਬੱਚਿਆਂ ਕਾਰਨ ਆਪਾਂ ਸੋਚਦੇ ਹਾਂ ਕਿ ਇਸ ਵਿਆਹ ’ਤੇ ਆਪਣੇ ਜੁਆਕ ਏਥੇ ਹੁੰਦੇ ਤਾਂ ਕਿੰਨੀ ਰੌਣਕ ਹੋਣੀ ਸੀ। ਹੁਣ ਫੁੱਲਾਂ ਕੋਲ ਖੜ੍ਹ ਕੇ ਵਿਆਹ ਦੀਆਂ ਫੋਟੋਆਂ ਖਿੱਚ ਕੇ ਭੇਜ ਦਿੰਦੇ ਹਾਂ ਕਿ ਆਹ ਵੇਖੋ ਅਸੀਂ ਵਿਆਹ ਜਾ ਕੇ ਆਏ ਹਾਂ। ਫਿਰ ਉਹ ਫੋਨ ਲਾ ਲੈਂਦੇ ਨੇ, ‘‘ਅੱਜ ਕੀਹਦਾ ਵਿਆਹ ਪਾਪਾ, ਕੌਣ ਕੌਣ ਗਏ ਸੀ? ਮੰਮੀ ਕਿਹੜਾ ਸੂਟ ਪਾਇਆ ਸੀ, ਵਗੈਰਾ ਵਗੈਰਾ...। ਅਜਿਹੀਆਂ ਖ਼ੁਸ਼ੀਆਂ ’ਤੇ ਦੋਸਤ ਬੁਲਾਉਂਦੇ ਰਹਿਣ, ਸਭ ਦੇ ਵਿਹੜਿਆਂ ਵਿੱਚ ਇਸੇ ਤਰ੍ਹਾਂ ਖ਼ੁਸ਼ੀਆਂ ਮਹਿਕਦੀਆਂ ਰਹਿਣ। ਇਹ ਮੇਰੀ ਕਾਮਨਾ ਹੈ। ਸ਼ਗਨਾਂ ਦੇ ਦਿਨ ਭਾਗਾਂ ਵਾਲਿਆਂ ਨੂੰ ਆਉਂਦੇ ਹਨ ਅਤੇ ਪਰਿਵਾਰ ਸਮੇਤ ਦਰਸ਼ਨ ਦੇਣ ਦੇ ਸੱਦੇ ਵੀ ਸ਼ੁਭ ਸਮਾਚਾਰ ਹੋਇਆ ਕਰਦੇ ਹਨ।
ਸੰਪਰਕ: 95921-82111