ਕਵਰ ਡਰਾਈਵ ਖੇਡਣਾ ਮੇਰੀ ਕਮਜ਼ੋਰੀ ਰਹੀ: ਕੋਹਲੀ
ਦੁਬਈ, 24 ਫਰਵਰੀ
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਮੰਨਿਆ ਕਿ ਉਸ ਦੀ ‘ਟ੍ਰੇਡਮਾਰਕ’ ਕਵਰ ਡਰਾਈਵ ਉਸ ਨੂੰ ਮੁਸ਼ਕਲ ਸਥਿਤੀ ਵਿੱਚ ਪਾਉਂਦੀ ਹੈ। ਹਾਲ ਹੀ ਦੇ ਸਮੇਂ ਵਿੱਚ ਇਹ ਸ਼ਾਟ ਉਸ ਦੀ ਕਮਜ਼ੋਰੀ ਰਿਹਾ ਹੈ ਪਰ ਇਸ ਨਾਲ ਉਸ ਨੂੰ ਆਪਣੀ ਪਾਰੀ ਵਿੱਚ ਕੰਟਰੋਲ ਮਿਲਦਾ ਹੈ। ਕੋਹਲੀ ਨੇ ਬੀਤੇ ਦਿਨ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਖ਼ਿਲਾਫ਼ ਨਾਬਾਦ ਸੈਂਕੜਾ ਲਾਇਆ, ਜਿਸ ਸਦਕਾ ਭਾਰਤ ਨੇ ਛੇ ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਉਸ ਦੀ 111 ਗੇਂਦਾਂ ਦੀ ਪਾਰੀ ਵਿੱਚ ਕਈ ਕਵਰ ਡਰਾਈਵਜ਼ ਵੀ ਸ਼ਾਟ ਸ਼ਾਮਲ ਸਨ। ਭਾਵੇਂ ਇਸ ਸ਼ਾਟ ਕਾਰਨ ਹਾਲ ਹੀ ਵਿੱਚ ਉਸ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ ਹੈ ਪਰ ਫਿਰ ਵੀ ਇਹ ਉਸ ਦੇ ਤਰਕਸ਼ ਦਾ ਅਹਿਮ ਤੀਰ ਬਣਿਆ ਹੋਇਆ ਹੈ। ਕੋਹਲੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਕਿਹਾ, ‘ਇਹ ਮੁਸ਼ਕਲ ਸਥਿਤੀ ਹੈ। ਕਵਰ ਡਰਾਈਵ ਕੁਝ ਸਾਲਾਂ ਵਿੱਚ ਮੇਰੀ ਕਮਜ਼ੋਰੀ ਵੀ ਰਹੀ ਹੈ ਪਰ ਮੈਂ ਇਸ ਸ਼ਾਟ ’ਤੇ ਬਹੁਤ ਦੌੜਾਂ ਬਣਾਈਆਂ ਹਨ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਖ਼ਿਲਾਫ਼ ਮੈਚ ਸਿਰਫ਼ ਆਪਣੇ ਸ਼ਾਟਾਂ ’ਤੇ ਧਿਆਨ ਕੇਂਦਰਿਤ ਕਰਨ ਬਾਰੇ ਸੀ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਪਹਿਲੇ ਦੋ ਚੌਕੇ ਕਵਰ ਡਰਾਈਵ ਰਾਹੀਂ ਹੀ ਮਾਰੇ। ਮੈਨੂੰ ਥੋੜਾ ਜੋਖ਼ਮ ਲੈਣਾ ਪਿਆ।’ ਕੋਹਲੀ ਨੇ ਕਿਹਾ, ‘ਜਦੋਂ ਮੈਂ ਅਜਿਹੇ ਸ਼ਾਟ ਖੇਡਦਾ ਹਾਂ ਤਾਂ ਮੈਂ ਕ੍ਰੀਜ਼ ’ਤੇ ਬੱਲੇਬਾਜ਼ੀ ਕਰਦੇ ਸਮੇਂ ਕੰਟਰੋਲ ਮਹਿਸੂਸ ਕਰਦਾ ਹਾਂ। ਇਸ ਲਈ ਇਹ ਮੇਰੇ ਲਈ ਵਿਅਕਤੀਗਤ ਰੂਪ ਵਿੱਚ ਚੰਗੀ ਪਾਰੀ ਸੀ ਅਤੇ ਇਹ ਸ਼ਾਨਦਾਰ ਜਿੱਤ ਸੀ।’ -ਪੀਟੀਆਈ