ਪੰਜਾਬ ਨਾਟਸ਼ਾਲਾ ਵਿੱਚ ਨਾਟਕ ‘ਉਧਾਰਾ ਪਤੀ’ ਖੇਡਿਆ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 24 ਨਵੰਬਰ
ਪੰਜਾਬ ਨਾਟਸ਼ਾਲਾ ਵਿੱਚ ਪੰਜਾਬੀ ਨਾਟਕ ‘ਉਧਾਰਾ ਪਤੀ’ ਖੇਡਿਆ ਗਿਆ ਜੋ ਮੱਧ ਪ੍ਰਦੇਸ਼ ਦੀ ਲੇਖਕਾ ਵਨਮਾਲਾ ਭਵਲਕਰ ਵੱਲੋਂ ਲਿਖਿਆ ਗਿਆ ਹੈ। ਇਸ ਮਰਾਠੀ ਨਾਟਕ ਦੇ ਹਿੰਦੀ ਰੂਪਾਂਤਰ ਦਾ ਪੰਜਾਬੀ ਵਿੱਚ ਅਨੁਵਾਦ ਡਾ. ਲੱਖਾ ਲਹਿਰੀ ਨੇ ਕੀਤਾ ਹੈ। ਇਹ ਨਾਟਕ ਇੱਕ ਅਜਿਹੀ ਕੁੜੀ ਦੀ ਜ਼ਿੰਦਗੀ ਦੇ ਦੁਆਲੇ ਘੁੰਮਦਾ ਹੈ, ਜਿਸ ਦਾ ਵਿਆਹ ਆਪਣੇ ਦਾਦਾ ਦੀ ਇੱਛਾ ਦੇ ਵਿਰੁੱਧ ਹੋ ਜਾਂਦਾ ਹੈ। ਇੱਕ ਦਿਨ ਉਹ ਆਪਣੇ ਦਾਦਾ ਨੂੰ ਆਪਣੇ ਘਰ ਆਉਣ ਲਈ ਕਹਿੰਦੀ ਹੈ, ਕਿਉਂਕਿ ਉਸ ਨੇ ਆਪਣੇ ਸਹੁਰਿਆਂ ਦੀ ਹੈਸੀਅਤ ਨੂੰ ਵਧਾ-ਚੜ੍ਹਾ ਕੇ ਦੱਸਿਆ ਹੁੰਦਾ ਹੈ। ਇਸ ਲਈ ਇਹ ਸਾਬਤ ਕਰਨ ਲਈ ਉਸ ਨੇ ਆਪਣੇ ਘਰ ਗੁਆਂਢੀਆਂ ਤੋਂ ਚੀਜ਼ਾਂ ਮੰਗਵਾਈਆਂ। ਅਜਿਹੀ ਸਥਿਤੀ ਵਿੱਚ ਜਦੋਂ ਰਸੋਈਆ ਨਾ ਮਿਲੇ ਤਾਂ ਪਤੀ ਨੂੰ ਰਸੋਈਆ ਬਣਾਇਆ ਜਾਂਦਾ ਹੈ। ਜਦੋਂ ਲੜਕੀ ਦੇ ਦਾਦੇ ਨੇ ਉਸ ਦੇ ਪਤੀ ਨੂੰ ਮਿਲਣਾ ਚਾਹਿਆ ਤਾਂ ਗੁਆਂਢ ਦੇ ਲੜਕੇ ਨਾਲ ਜਾਣ-ਪਛਾਣ ਕਰਵਾਈ ਗਈ ਜਦੋਂਕਿ ਨਾਟਕ ਦੇ ਅੰਤ ਵਿੱਚ ਸੱਚਾਈ ਸਾਹਮਣੇ ਆਉਣ ’ਤੇ ਲੜਕੀ ਬਹੁਤ ਸ਼ਰਮਿੰਦਾ ਹੁੰਦੀ ਹੈ। ਨਾਟਸ਼ਾਲਾ ਦੇ ਮੁਖੀ ਨਾਟਕਕਾਰ ਜਤਿੰਦਰ ਬਰਾੜ ਨੇ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਝੂਠ ਦੂਜੇ ਝੂਠ ਨੂੰ ਜਨਮ ਦਿੰਦਾ ਹੈ।