ਮਹਾਰਥੀ ਕਰਨ ਦੇ ਜੀਵਨ ਬਾਰੇ ਨਾਟਕ ‘ਮਹਾਰਥੀ’ ਖੇਡਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਨਵੰਬਰ
ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨਜੈੱਡਸੀਸੀ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ਨਾਟਕ ‘ਮਹਾਰਥੀ’ ਦਾ ਅਭਿਸ਼ੇਕ ਮੁਦਗਲ ਦੀ ਨਿਰਦੇਸ਼ਨਾ ਹੇਠ ਸਫਲ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਨਾਟਕ ਰਾਹੀਂ ਦਰਸ਼ਕਾਂ ਨੂੰ ‘ਮਹਾਰਥੀ’ ਕਰਨ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਇਹ ਨਾਟਕ ਮਹਾਰਥੀ ਕਰਨ ਦੇ ਜੀਵਨ ਦੀ ਕਹਾਣੀ ’ਤੇ ਆਧਾਰਿਤ ਰਿਹਾ। ਜੋ ਮੌਜੂਦਾ ਸਮੇਂ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ ਕਿ ਅੱਜ ਵੀ ਕਿਸ ਤਰਾਂ ਪੱਛੜੇ ਸਮਾਜ ਦੇ ਲੋਕਾਂ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਇਸ ਵਿੱਚ ਦੱਸਿਆ ਗਿਆ ਕਿ ਅੱਜ ਵੀ ਹੁਨਰ ਨੂੰ ਨਜ਼ਰ ਅੰਦਾਜ਼ ਕਰਕੇ ਜਾਤ ਪਾਤ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਹੈ। ਕਲਾਕਾਰਾਂ ਵਿੱਚ ਦਿਵਿਆਂਸ਼ ਸ਼ਿਵਨਾਨੀ, ਦੇਵੇਂਦਰ ਸਵਾਮੀ, ਸੁਧਾਂਸ਼ੂ ਸ਼ੁਕਲਾ, ਵਿਵੇਕ ਜਾਖੜ, ਰਿਤਿਕਾ, ਯਸ਼ਿਵਨੀ, ਰੋਸ਼ਿਕ, ਨਿਸ਼ਾਂਤ, ਮੋਹਿਤ ਅਤੇ ਸ਼ਵੇਤਾ ਚੌਲਾਗਾਈਂ ਨੇ ਸ਼ਾਨਦਾਰ ਭੂਮਿਕਾ ਨਿਭਾਈ। ਫ਼ੈਸਟੀਵਲ ਦੇ ਮੁੱਖ ਮਹਿਮਾਨ ਕਲਾਕ੍ਰਿਤੀ ਪਟਿਆਲਾ ਦੇ ਚੇਅਰਮੈਨ ਅਤੇ ਸਾਬਕਾ ਆਈਏਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਕਲਾਕਾਰਾਂ ਦੇ ਪੇਸ਼ਕਾਰੀ ਲਈ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਲਾ ਕ੍ਰਿਤੀ ਦੂਜੇ ਰਾਜਾਂ ਨਾਲ ਸਭਿਆਚਾਰਕ ਸਾਂਝ ਬਣਾਉਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਆਲ ਇੰਡੀਆ ਥੀਏਟਰ ਕੌਂਸਲ (ਏਆਈਟੀਸੀ) ਦੇ ਪ੍ਰਧਾਨ ਅਸ਼ੋਕ ਮਹਿਰਾ ਨੇ ਕਲਾਕਾਰਾਂ ਦਾ ਹੌਸਲਾ ਵਧਾਇਆ। ਇਸ ਦੌਰਾਨ ਲਕਸ਼ਮੀ ਬਾਈ ਡੈਂਟਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਆਸ਼ੂਤੋਸ਼ ਨਰੂਲਾ ਅਤੇ ਕਾਰਡੀਓਲੋਜਿਸਟ ਡਾ. ਮਨਮੋਹਨ ਸਿੰਘ ਨੇ ਇਸ ਸਫਲ ਫ਼ੈਸਟੀਵਲ ਲਈ ਕਲਾ ਕ੍ਰਿਤੀ ਪਟਿਆਲਾ ਦੇ ਅਹੁਦੇਦਾਰਾਂ ਦੀ ਜਮ ਕੇ ਤਾਰੀਫ਼ ਕਰਦਿਆਂ ਮੁਬਾਰਕਬਾਦ ਦਿੱਤੀ। ਅਖੀਰ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਕਿਹਾ ਕਿ ਇਸ ਫ਼ੈਸਟੀਵਲ ਵਿੱਚ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ।