ਵਾਤਾਵਰਣ ਦੀ ਸੰਭਾਲ ਬਾਰੇ ਨਾਟਕ ‘ਬਲਿਊ ਰੂਫ’ ਖੇਡਿਆ
ਸ਼ਗਨ ਕਟਾਰੀਆ
ਬਠਿੰਡਾ, 11 ਨਵੰਬਰ
ਟ੍ਰੀ ਲਵਰ ਸੁਸਾਇਟੀ ਵੱਲੋਂ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਸਹਿਯੋਗ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ, ਪਾਣੀ ਅਤੇ ਮਿੱਟੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਣ ਪ੍ਰੇਮੀ ਬਲਵਿੰਦਰ ਲੱਖੇਵਾਲੀ ਵੱਲੋਂ ਨਾਟਕ ‘ਬਲਿਊ ਰੂਫ਼’ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਨਾਟਕ ਰਾਹੀਂ ਵਾਤਾਵਰਣ ਦੀ ਰੱਖਿਆ ਲਈ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਲੋਕ ਕਈ ਸਮੱਸਿਆਵਾਂ ਨਾਲ ਘਿਰ ਗਏ ਹਨ। ਇੱਥੋਂ ਤੱਕ ਕਿ ‘ਨੀਲੀ ਛੱਤ’ ਅੰਬਰ ਵੀ ਠੀਕ ਨਹੀਂ ਰਿਹਾ। ਅੰਬਰ ਵਿਚ ਸੈਂਕੜੇ ਸੈਟੇਲਾਈਟ ਅਤੇ ਹੋਰ ਚੀਜ਼ਾਂ ਛੱਡੀਆਂ ਹੋਈਆਂ ਹਨ, ਜੋ ਆਸਮਾਨ ਲਈ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਕਿਹਾ ਹੈ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤਿ। ਪਰ ਅਸੀਂ ਪਵਨ ਪਾਣੀ ਅਤੇ ਧਰਤੀ ਨੂੰ ਪਲੀਤ ਕਰ ਕੇ ਰੱਖ ਦਿੱਤਾ ਹੈ। ਪਿਤਾ ਸਾਮਾਨ ਸਾਡਾ ਪਾਣੀ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ, ਜਦੋਂ ਕਿ ਮਾਂ ਸਾਮਾਨ ਧਰਤੀ ਜ਼ਹਿਰੀਲੀ ਹੋ ਚੁੱਕੀ ਹੈ। ਇਸ ਮੌਕੇ ਬੋਲਦਿਆਂ ਚੇਅਰਮੈਨ ਜਤਿੰਦਰ ਭੱਲਾ ਨੇ ਆਖਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਉੱਥੇ ਹੀ ਪਾਣੀ ਨੂੰ ਪਲੀਤ ਹੋਣ ਅਤੇ ਮਿੱਟੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕੁਦਰਤ ਨਾਲ ਜੁੜ ਕੇ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਬਲਵਿੰਦਰ ਲੱਖੇਵਾਲੀ ਨੇ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸਾਨੂੰ ਕੁਦਰਤ ਨਾਲ ਜੁੜਨਾ ਹੋਵੇਗਾ। ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੱਤਾ। ਨਾਟਕ ਦਾ ਨਿਰਦੇਸ਼ਨ ਬ੍ਰਿਜ ਮੋਹਨ ਭਾਰਦਵਾਜ ਅਤੇ ਕਾਸਟਿਊਮ ਤੇ ਲਾਈਟਿੰਗ ਮਨਮੀਤ ਮਾਨਵ ਵੱਲੋਂ ਕੀਤੀ ਗਈ।