ਗਦਰੀ ਬਾਬਿਆਂ ਦੀ ਕੁਰਬਾਨੀ ’ਤੇ ਆਧਾਰਿਤ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਖੇਡਿਆ
ਸਤਵਿੰਦਰ ਬਸਰਾ
ਲੁਧਿਆਣਾ, 25 ਨਵੰਬਰ
ਇਥੋਂ ਦੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਅੱਜ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ ਹਕੂਮਤ ਵੱਲੋਂ ਕੀਤੇ ਜਬਰ ਸਹਿੰਦਿਆਂ ਫਾਂਸੀ ਦਾ ਰੱਸਾ ਚੁੰਮ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਛੇ ਸਾਥੀਆਂ ਦੀ ਕੁਰਬਾਨੀ ਦੇ 109ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਾਟਕ, ‘ਗਾਥਾ ਕਾਲੇੇ ਪਾਣੀਆਂ ਦੀ’ ਖੇਡਿਆ ਗਿਆ।
ਇਹ ਨਾਟਕ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ। ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਸੁਨੇਤ, ਜਮਹੂਰੀ ਅਧਿਕਾਰ ਸਭਾ ਪੰਜਾਬ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ ਅਤੇ ਪਲਸ ਮੰਚ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਬਾਬਾ ਭਾਨ ਸਿੰਘ ਟਰੱਸਟ ਦੇ ਪ੍ਰਧਾਨ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਦਰਸ਼ਕਾਂ ਨੂੰ ‘ਜੀ ਆਇਆਂ’ ਕਹ ਕੇ ਕੀਤੀ। ਇਸ ਮੌਕੇ ਉਨ੍ਹਾਂ ਗਦਰ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸਭਿਆਚਾਰਕ ਵਿੰਗ ਦੇ ਮੁਖੀ ਅਮੋਲਕ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ ਤੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਸ਼ਿਰਕਤ ਕੀਤੀ। ਅਮੋਲਕ ਸਿੰਘ ਨੇ ਦੇਸ਼ ਦੇ ਮੌਜੂਦਾ ਸਿਆਸਤਦਾਨਾਂ/ਹਾਕਮਾਂ ਵੱਲੋਂ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਨਾਲ ਮਿਲ ਕੇ ਦੇਸ਼ ਨੂੰ ਅੰਗਰੇਜ਼ਾਂ ਵਾਂਗ ਲੁੱਟਣ ਅਤੇ ਇਸ ਲੁੱਟ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਸਮਾਗਮ ਵਿੱਚ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਵੱਲੋਂ ਲਿਖੀ ਕਿਤਾਬ ‘ਮੌਜੂਦਾ ਸਮੇਂ ਦਾ ਸੱਚ’ ਲੋਕ ਅਰਪਣ ਕੀਤੀ ਗਈ। ਨਾਟਕ ਮਗਰੋਂ ਔਰਤਾਂ ’ਤੇ ਹੋ ਰਹੇ ਅਤਿਆਚਾਰਾਂ ਖ਼ਿਲਾਫ਼ ਕੋਰੀਓਗ੍ਰਾਫੀ ‘ਉੱਠ ਨੀ ਕੁੜੀਏ ਚੀਕ ਚਿਹਾੜਾ ਪਾ’ ਪੇਸ਼ ਕੀਤੀ ਗਈ। ਰਵਿਤਾ ਨੇ ਗੀਤ ਰਾਹੀਂ ਹਾਜ਼ਰੀ ਲਵਾਈ। ਨਾਟਕ ਟੀਮ ਸਮੇਤ ਅਧਿਆਪਕਾ ਸੁਖਜਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਟਰੱਸਟ ਦੇ ਸਾਬਕਾ ਪ੍ਰਧਾਨ ਮਰਹੂਮ ਕਰਨਲ ਜੇਐੱਸ ਬਰਾੜ ਦੀਆਂ ਲੋਕ ਪੱਖੀ ਯਾਦਾਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਵੀ ਹਾਜ਼ਰ ਸਨ।