For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਦੀ ਖੇਡ ‘ਲੁੱਡੋ’

06:49 AM Jul 06, 2024 IST
ਜ਼ਿੰਦਗੀ ਦੀ ਖੇਡ ‘ਲੁੱਡੋ’
Advertisement

ਡਾ. ਪ੍ਰਦੀਪ ਕੌੜਾ

Advertisement

ਸਾਡੇ ਵਿੱਚੋਂ ਬਹੁਤਿਆਂ ਨੇ ‘ਲੁੱਡੋ’ ਬਚਪਨ ਵਿੱਚ ਖੇਡੀ ਹੋਵੇਗੀ। ਕਈਂ ਤਾਂ ਅੱਜ ਵੀ ਆਪਣੇ ਛੋਟੇ ਬੱਚਿਆਂ ਨਾਲ ਕਦੇ-ਕਦਾਈ ਲੁੱਡੋ ਖੇਡ ਲੈਂਦੇ ਹੋਣਗੇ। ਮੈਂ ਅਕਸਰ ਸੋਚਦਾ ਹਾਂ ਕਿ ਲੁੱਡੋ: ਅੰਕ 1 ਤੋਂ 100 ਤੱਕ ਦੀ ਗਿਣਤੀ ਦੀ ਇਸ ਖੇਡ ਵਿੱਚ ਅਜਿਹਾ ਕੀ ਹੈ? ਜਿਸ ਕਰਕੇ ਇਹ ਐਨੀ ਹਰਮਨ-ਪਿਆਰੀ ਹੈ। ਸਹਿਜ-ਨਜ਼ਰੇ, ਮਹਿਜ਼ ਸੱਪ-ਪੌੜੀ ਦੀ ਖੇਡ ਦਾ ਨਾਂ ਹੀ ਤਾਂ ਹੈ ਲੁੱਡੋ। ਅੰਕ 1 ਤੋਂ 100 ਅੰਕਾਂ ਤੱਕ ਦੀ ਯਾਤਰਾ ਹੀ ਲੁੱਡੋ ਦੀ ਖੇਡ ਹੈ। ਇਹ ਖੇਡ ਇੱਕ ਗੀਟੀ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ, ਡਾਈਸ ’ਤੇ ਆਏ 1 ਤੋਂ 6 ਤੱਕ ਦੇ ਅੰਕਾਂ ਦੇ ਸਹਾਰੇ, ਮਿੱਥੀ ਗੀਟੀ ਅੱਗੇ ਵਧਦੀ ਹੈ। ਜਿਵੇਂ ਹੀ ਇਹ ਯਾਤਰਾ 1 ਤੋਂ ਸ਼ੁਰੂ ਹੁੰਦੀ ਹੈ ਰਾਹ ਵਿੱਚ ਕਈ ਸੱਪ ਅਤੇ ਪੌੜੀਆਂ ਮਿਲਦੀਆਂ ਹਨ। ਧਿਆਨ ਨਾਲ ਵੇਖਿਓ ਸੱਪਾਂ ਦੀ ਗਿਣਤੀ, ਪੌੜੀਆਂ ਦੀ ਗਿਣਤੀ ਦੇ ਨਿਸਬਤ ਕਾਫ਼ੀ ਜ਼ਿਆਦਾ ਹੈ।
ਮੂੰਹ ਵਿੱਚੋਂ ਬਾਹਰ ਕੱਢੀ ਜੀਭ ਵਾਲੇ ਸੱਪ ਗਿਣਤੀ ਵਿੱਚ ਸਿਰਫ਼ ਜ਼ਿਆਦਾ ਹੀ ਨਹੀਂ ਸਗੋਂ ਲੰਮੇ ਵੀ ਹਨ। ਇਹ ਸੱਪ ਤੁਹਾਡੀ ਗੀਟੀ ਨੂੰ ਮੁੜ ਉੱਥੇ ਲੈ ਜਾਂਦੇ ਹਨ (ਕਈ ਵਾਰ ਤਾਂ ਉਸ ਤੋਂ ਵੀ ਪਿੱਛੇੇ) ਜਿਹੜਾ ਸਫ਼ਰ ਤੁਸੀਂ ਕਾਫ਼ੀ ਦੇਰ ਪਹਿਲਾ ਮੁਕਾ ਚੁੱਕੇ ਸੀ। ਪੌੜੀਆਂ ਗਿਣਤੀ ਵਿੱਚ ਸਿਰਫ਼ ਥੋੜ੍ਹੀਆਂ ਹੀ ਨਹੀਂ ਹਨ, ਸਗੋਂ ਸੱਪਾਂ ਦੇ ਮੁਕਾਬਲੇ ਛੋਟੀਆਂ ਵੀ ਹੁੰਦੀਆਂ ਹਨ। ਇਨ੍ਹਾਂ ਪੌੜੀਆਂ ਨੂੰ ਚੜ੍ਹ ਕੇ ਸਿਰਫ਼ ਸਕੂਨ ਹੀ ਨਹੀਂ ਮਿਲਦਾ ਸਗੋਂ ਮੰਜ਼ਿਲ ਦੇ ਨੇੜੇ ਪਹੁੰਚਣ ਦੀ ਇੱਕ ਅਵੱਲੀ ਜਿਹੀ ਖ਼ੁਸ਼ੀ ਵੀ ਮਹਿਸੂਸ ਹੁੰਦੀ ਹੈ। ਤੈਅ ਕੀਤੇ ਸਫ਼ਰ ਦਾ ਅਹਿਸਾਸ ਕਰਕੇ ਆਪਣੇ ਆਪ ’ਤੇੇ ਮਾਣ ਮਹਿਸੂਸ ਹੁੰਦਾ ਹੈ। ਇੱਕ ਨਿਯਮ ਇਹ ਵੀ ਹੈ ਕਿ ਡਾਈਸ ’ਤੇ ਜੇਕਰ 6 ਅੰਕ ਆ ਜਾਣ ਤਾਂ ਖਿਡਾਰੀ ਨੂੰ ਇੱਕ ਮੌਕਾ ਹੋਰ ਮਿਲਦਾ ਹੈ, ਪਰ ਇਹ ਮੌਕੇ ਤਿੰਨ ਵਾਰ ਤੋਂ ਵੱਧ ਨਹੀਂ ਮਿਲਦੇ। ਸੱਪਾਂ ਦੇ ਰੂਪ ਵਿੱਚ ਥੱਲੇ ਫਿਸਲਣ ਅਤੇ ਪੌੜੀਆਂ ਰਾਹੀਂ ਉੱਪਰ ਵੱਲ ਖਿਸਕਣ ਦੀ ਕਸ਼ਮਕਸ਼, ਭਾਵ 100 ਤੱਕ ਅੱਪੜਨ ਦਾ ਸੰਘਰਸ਼ ਹੀ ਲੁੱਡੋ ਹੈ।
ਥੋੜ੍ਹੀ ਜਿਹੀ ਗਹਿਰਾਈ ਵਿੱਚ ਜਾਈਏ ਤਾਂ ਲੁੱਡੋ ਖੇਡ ਵਿੱਚ ਸਮਾਏ ਗਹਿਰ-ਗੰਭੀਰ ਅਰਥ ਸਮਝ ਪੈਣੇ ਸ਼ੁਰੂ ਹੁੰਦੇ ਹਨ। ਆਪਣੇ ਨਿਸ਼ਾਨੇ (100 ਤੱਕ ਪਹੁੰਚਣ ਲਈ) ਨੂੰ ਹਾਸਲ ਕਰਨ ਲਈ ਲੁੱਡੋ ਦੀ ਗੀਟੀ ਵਾਂਗ ਬੰਦਾ ਵੀ ਤਦਬੀਰ ਅਤੇ ਤਕਦੀਰ ਰੂਪੀ ਡਾਈਸ ਦੇ ਸਹਾਰੇ ਜ਼ਿੰਦਗੀ ਦੀ ਡਗਰ ’ਤੇ ਚੱਲਦਾ ਹੈ। ਲੁੱਡੋ ਦੀ ਗੀਟੀ ਵਾਂਗ ਆਪਣੀ ਯਾਤਰਾ ਦੇ ਰਸਤੇ ਵਿੱਚ ਕਦੀ-ਕਦਾਈਂ ਸਫਲਤਾ ਰੂਪੀ ਛੋਟੀਆਂ-ਛੋਟੀਆਂ ਖ਼ੁਸ਼ੀਨੁਮਾ-ਪੌੜੀਆਂ ਮਿਲਦੀਆਂ ਹਨ ਅਤੇ ਕਈ ਵਾਰ ਅਤੀਤ ਦੇ ਸਿਆਹ ਵਰਕਿਆਂ ’ਤੇ ਉੱਕਰਿਆ ਅਸਫਲਤਾਵਾਂ ਰੂਪੀ ਸੱਪਾਂ ਦਾ ਇੱਕ ਲੰਮਾ ਸਿਲਸਿਲਾ, ਬੰਦੇ ਦਾ ਮੂੰਹ ਚਿੜਾਉਂਦਾ ਹੈ। ਚੇਤੇ ਕਰਿਓ, ਤੁਹਾਨੂੰ ਜ਼ਿੰਦਗੀ ਦੀਆਂ ਰਾਹਾਂ ਵਿੱਚ ਪਿਛਾਂਹ ਖਿੱਚਣ ਵਾਲੇ ਬੇਸ਼ੁਮਾਰ ਆਸਤੀਨ ਦੇ ਸੱਪ ਮਿਲੇ ਹੋਣਗੇ। ਸੱਪਾਂ ਦੇ ਮੁਕਾਬਲੇ ਪੌੜੀਆਂ ਛੋਟੀਆਂ ਵੀ ਹਨ ਅਤੇ ਗਿਣਤੀ ਵਿੱਚ ਘੱਟ ਵੀ। ਜ਼ਾਹਿਰ ਹੈ ਕਿ ਉਂਗਲ ਫੜ ਕੇ ਸਫਲਤਾ ਦੀਆਂ ਪੌੜੀਆਂ ਚੜ੍ਹਾਉਣ ਵਾਲੇ ਸੱਜਣਾਂ ਦੀ ਗਿਣਤੀ ਉਂਗਲਾਂ ਦੇ ਪੋਟਿਆਂ ’ਤੇ ਕੀਤੀ ਜਾ ਸਕਦੀ ਹੈ। ਹੀਰਿਆਂ ਦਾ ਕਦੇ ਢੇਰ ਨਹੀਂ ਹੁੰਦਾ ਅਤੇ ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ। ਇਸੇ ਨੁਕਤੇ ਤੋਂ ਲੁੱਡੋ ਵਿੱਚ ਸੱਪ ਜ਼ਿਆਦਾ ਅਤੇ ਪੌੜੀਆਂ ਦੀ ਘੱਟ ਗਿਣਤੀ ਦਾ ਗਣਿਤ ਸਮਝ ਪੈਂਦਾ ਹੈ।
ਲੁੱਡੋ ਦੀ ਖੇਡ ਹੋਵੇ ਭਾਵੇਂ ਜ਼ਿੰਦਗੀ ਦੀ ਡਗਰ, ਅੰਕ 1 ਤੋਂ 98 ’ਤੇ ਪਹੁੰਚਣਾ ਉਤਰਾਅ-ਚੜ੍ਹਾਅ ਅਤੇ ਮਿਹਨਤ ਭਰਿਆ ਕਾਰਜ ਹੈ। ਇੱਥੋਂ ਤੱਕ ਦਾ ਸਫ਼ਰ ਮੁੜ-ਮੁੜ ਡਿੱਗਣ ਅਤੇ ਫਿਰ ਉੱਠਣ ਦੀ ਪ੍ਰੇਰਨਾ ਨਾਲ ਲਬਰੇਜ਼ ਹੈ। ਸਫਲਤਾ ਦੇ ਬਹੁਤ ਨਜ਼ਦੀਕ ਪਹੁੰਚ ਕੇ ਬਾਜ਼ੀ ਤਦਬੀਰ ਦੇ ਨਾਲ-ਨਾਲ ਤਕਦੀਰ ਸਹਾਰੇ ਹੀ ਜਿੱਤੀ ਜਾ ਸਕਦੀ ਹੈ। ਇੱਥੋਂ ਅਸਫਲਤਾ ਅਤੇ ਸਫਲਤਾ ਦੇ ਦਰਮਿਆਨ ਮਹਿਜ਼ ਇੱਕ ਤੋਂ ਦੋ ਕਦਮ ਦੀ ਦੂਰੀ ’ਤੇ ਖਲੋਤਿਆਂ ਜਿਹੜਾ ਡਰ ਸਤਾਉਣ ਲੱਗਦਾ ਹੈ... ਉਹ ਹੈ 98 ਅਤੇ 100 ਦੇ ਵਿਚਾਲੇ, 99 ਦੀ ਗਿਣਤੀ ’ਤੇ ਆਉਣ ਵਾਲਾ ਸੱਪ ਜੋ ਕਿ ਸਿੱਧਾ ਅਰਸ਼ ਤੋਂ ਫਰਸ਼ ’ਤੇ ਲਿਆ ਪਟਕਦਾ ਹੈ। ਇਹ ਸੱਪ ਲੁੱਡੋ ਦੀ ਖੇਡ ਦਾ ਖ਼ਲਨਾਇਕ ਹੈ। ਬਹੁਤ ਗੂੜ੍ਹੇ ਅਰਥ ਹਨ ਇਸ ਸੱਪ ਦੇ। ਇਹ ਸੱਪ ਬੰਦੇ ਨੂੰ ਵਾਹ ਲੱਗਦੀ 100 ’ਤੇ ਪਹੁੰਚਣ ਹੀ ਨਹੀਂ ਦਿੰਦਾ...ਸੰਪੂਰਨ ਨਹੀਂ ਹੋਣ ਦਿੰਦਾ...ਬਸ, ਅਧੂਰਾ ਹੀ ਰੱਖਦਾ ਹੈ। 100 ’ਤੇ ਪਹੁੰਚਣ ਦਾ ਅਰਥ ਹੈ, ਬਾਜ਼ੀ ਨੂੰ ਸਰ ਕਰ ਲੈਣਾ, ਮਿੱਥੇ ਟੀਚੇ ਨੂੰ ਹਾਸਲ ਕਰ ਲੈਣਾ। 98 ਤੋਂ 100 ਹੋਣ ਤੱਕ ਦਾ ਸਫ਼ਰ ਤਕਦੀਰ ਸਹਾਰੇ ਹੀ ਨਿੱਬੜਦਾ ਹੈ। ਇੱਥੇ ਆ ਕੇ ਮਿਹਨਤ ਤੇ ਭਰੋਸਾ ਜਵਾਬ ਦੇਣ ਲੱਗਦਾ ਹੈ ਅਤੇ ਬੰਦਾ ਤਕਦੀਰ ਦਾ ਰਾਹ ਤੱਕਦਾ ਹੈ। ਕਿਸੇ ਕੁਦਰਤੀ ਕ੍ਰਿਸ਼ਮੇ ਦੀ ਤਵੱਕੋਂ ਰੱਖਦਾ ਹੈ। ਤੀਸਰੀ ਸ਼ਕਤੀ ਦਾ ਓਟ-ਆਸਰਾ ਤੱਕਦਾ ਹੈ। ਜ਼ਿੰਦਗੀ ਦੇ ਯਥਾਰਥਕ ਪੱਧਰ ’ਤੇ ਅਜਿਹਾ ਅਕਸਰ ਵਾਪਰਦਾ ਹੈ ਕਿ ਚਿਰਾਂ ਦੀ ਮਿਹਨਤ ਨਾਲ ਸਫਲਤਾ ਦੀਆਂ ਬਰੂਹਾਂ ’ਤੇ ਪਹੁੰਚੇ ਲੋਕ ਵੀ ਮੱਝਾਂ ਚਾਰਨ ਜੋਗੇ ਹੀ ਰਹਿ ਜਾਂਦੇ ਹਨ। ਖੈਰ! ਨਾਸਤਿਕ ਇਸ ਨੂੰ ਤੀਰ-ਤੁੱਕਾ ਵੀ ਆਖ ਸਕਦੇ ਹਨ।
ਇਸ ਖੇਡ ਦਾ ਇੱਕ ਹੋਰ ਨਿਯਮ ਵੀ ਜ਼ਿੰਦਗੀ ਦੀ ਖੇਡ ’ਤੇ ਬਹੁਤ ਢੁੱਕਦਾ ਹੈ ਜੋ ਕਿ ਖੇਡਣ ਵਾਲਿਆਂ ਦੀ ਸਹਿਮਤੀ ਨਾਲ ਬਦਲਦਾ ਰਹਿੰਦਾ ਹੈ। ਇਸ ਦੇ ਅਰਥ ਤਾਂ ਹੋਰ ਵੀ ਹੈਰਾਨ ਕਰ ਦੇਣ ਵਾਲੇ ਹਨ। ਲੁੱਡੋ ਖੇਡਣ ਤੋਂ ਪਹਿਲਾਂ ਬਹੁਤ-ਵਾਰ ਇਹ ਨਿਯਮ ਅਪਣਾਇਆ ਜਾਂਦਾ ਹੈ ਕਿ ਜਦੋਂ ਤੁਹਾਡੇ ਕਿਸੇ ਵਿਰੋਧੀ ਖਿਡਾਰੀ ਦੀ ਗੀਟੀ ਤੁਹਾਡੀ ਗੀਟੀ ਵਾਲੇ ਨੰਬਰ ’ਤੇ ਆ ਜਾਂਦੀ ਹੈ ਤਾਂ ਤੁਹਾਡੀ ਗੀਟੀ ਕੱਟੀ ਸਮਝੀ ਜਾਂਦੀ ਹੈ ਅਤੇ ਤੁਸੀਂ ਲੁੱਡੋ ਦੀ ਖੇਡ (ਜਾਂ ਸੰਘਰਸ਼) ਵਿੱਚ ਸਫ਼ਰ ਦੇ ਪਹਿਲੇ ਅੰਕ 1 ’ਤੇ ਚਲੇ ਜਾਂਦੇ ਹੋ। ਮਤਲਬ ਤੁਹਾਡਾ ਹੁਣ ਤੱਕ ਦਾ ਕੀਤਾ ਕਰਾਇਆ ਜ਼ੀਰੋ ਹੋ ਗਿਆ ਹੈ। ਇਸ ਦਾ ਇੱਕ ਅਰਥ ਇਹ ਵੀ ਨਿਕਲਦਾ ਹੈ ਕਿ ਤੁਸੀਂ ਕਾਮਯਾਬ ਹੋਣ ਲਈ ਸਾਥੀ ਨੂੰ ਠਿੱਬੀ ਲਾਓ ਅਤੇ ਜ਼ੀਰੋ ਕਰ ਦਿਓ। ਉਸ ਦੀ ਕੀਤੀ-ਕਰਾਈ ਰੋਲ ਕੇ ਰੱਖ ਦਿਓ। ਲੁੱਡੋ ਦੀ ਖੇਡ ਦਾ ਇਹ ਨਿਯਮ ‘ਮਾਲਕਾਨਾ ਪ੍ਰਵਿਰਤੀ’ ਵਾਲਿਆਂ ਨੂੰ ਖ਼ੂਬ ਭਾਉਂਦਾ ਹੈ।
ਦੂਸਰਾ ਨਿਯਮ ਜੋ ਕਿ ਬਹੁਤ ਘੱਟ ਅਪਣਾਇਆ ਜਾਂਦਾ ਹੈ, ਇਹ ਹੁੰਦਾ ਹੈ ਕਿ ਜਦੋਂ ਗੀਟੀਆਂ ਬਰਾਬਰ ਆ ਗਈਆਂ ਤਾਂ ਦੂਸਰੇ ਖਿਡਾਰੀ ਦੀ ਗੀਟੀ ਕੱਟੀ ਨਹੀਂ ਜਾਵੇਗੀ। ਹਾਂ, ਇੱਕ ਪਿੱਛੋਂ ਆਇਆ, ਦਿਨ-ਰਾਤ ਮਿਹਨਤ ਕਰਕੇ ਤੁਹਾਡੇ ਨਾਲ ਰਲਿਆ ਅਤੇ ਉਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਅੱਗੇ ਵੀ ਨਿਕਲ ਜਾਵੇ, ਕਿਸੇ ਨੂੰ ਕੋਈ ਹਰਜ਼ ਨਹੀਂ। ਇਹ ਸਾਂਵੀ-ਪੱਧਰੀ ਸੋਚ ਦੀ ਨਿਸ਼ਾਨੀ ਹੈ। ਲੁੱਡੋ ਨੂੰ ਖੇਡ ਕਹੋ ਜਾਂ ਜ਼ਿੰਦਗੀ ਜਿਊਣ ਦਾ ਮੰਤਰ, ਬਾਰ-ਬਾਰ ਅਸਫਲ ਹੋਣ ਦੇ ਬਾਵਜੂਦ ਗਿਣਤੀ ਵਿੱਚ ਘੱਟ ਅਤੇ ਛੋਟੀਆਂ-ਛੋਟੀਆਂ ਸਫਲਤਾਵਾਂ ਸਹਾਰੇ ਹੀ ਜ਼ਿੰਦਗੀ ਦੇ ਰਾਹ ’ਤੇ ਨਿਰੰਤਰ ਤੁਰਿਆ ਜਾਂਦਾ ਹੈ। ਹੁਣ ਇਸ ਨੂੰ ਜ਼ਿੰਦਗੀ ਕਹੋ ਜਾਂ ਲੁੱਡੋ।
ਸੰਪਰਕ: 98156-64444

Advertisement

Advertisement
Author Image

joginder kumar

View all posts

Advertisement