ਖੇਲੋ ਇੰਡੀਆ-2021 ਪੰਚਕੂਲਾ ਜ਼ਿਲ੍ਹੇ ’ਚ ਹੋਣਗੀਆਂ: ਸੰਦੀਪ ਸਿੰਘ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 26 ਜੁਲਾਈ
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸੰਦੀਪ ਸਿੰਘ ਨੇ ਖੇਲੋ ਇੰਡੀਆ ਯੂਥ ਗੇਮਜ਼-2021 ਦੀ ਮੇਜ਼ਬਾਨੀ ਹਰਿਆਣਾ ਨੂੰ ਦੇਣ ’ਤੇ ਕੇਂਦਰੀ ਖੇਡ ਮੰਤਰੀ ਕਿਰਨ ਰੀਜਿਜੂ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਖੇਲੋ ਇੰਡੀਆ ਖੇਡਾਂ ਪੰਚਕੂਲਾ ਜ਼ਿਲ੍ਹੇ ਵਿੱਚ ਹੋਣਗੀਆਂ। ਇਹ ਪ੍ਰਤਿਭਾ ਖੋਜਣ ਦਾ ਸ਼ਾਨਦਾਰ ਮੰਚ ਹੈ ਅਤੇ ਸੂਬੇ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਲਾਗੂ ਹਰਿਆਣਾ ਖੇਡ ਅਤੇ ਸਰੀਰਿਕ ਗਤੀਵਿਧੀਆਂ ਨੀਤੀ-2015 ਨਾਲ ਖਿਡਾਰੀਆਂ ਦੇ ਮਨੋਬਲ ਵਧਿਆ ਹੈ। ਉਨ੍ਹਾਂ ਕਿਹਾ ਕਿ ਬਿਹਤਰੀਨ ਖੇਡ ਨੀਤੀ ਕਾਰਨ ਹਰਿਆਣਾ ਦੇਸ਼ ਵਿੱਚ ਮੋਹਰੀ ਸਪੋਰਟਸ ਹੱਬ ਵਜੋਂ ਉਭਰ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਦਾ ਯਤਨ ਹੈ ਕਿ ਹਰਿਆਣਾ ਦੇ ਖਿਡਾਰੀ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਟੂਰਨਾਮੈਂਟ ਤਹਿਤ ਹਰਿਆਣਾ ਨੇ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਲ 2017 ਵਿੱਚ ਸੂਬਾ ਓਵਰ ਆਲ ਚੈਂਪੀਅਨ ਅਤੇ ਸਾਲ 2018 ਤੇ 2019 ਵਿੱਚ ਦੂਜੇ ਸਥਾਨ ’ਤੇ ਰਿਹਾ।