ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਲਾਸਟਿਕ ਦਾ ਡੱਡੂ

07:53 AM Aug 12, 2023 IST

ਹਰੀ ਕ੍ਰਿਸ਼ਨ ਮਾਇਰ

ਪੀਲੇ ਡੱਡੂ ਦੇ ਘਰ ਦੂਰੋਂ ਦੂਰੋਂ ਡੱਡੂ ਉਸ ਦੇ ਮਾਂ-ਬਾਪ ਦੀ ਮੌਤ ’ਤੇ ਅਫ਼ਸੋਸ ਕਰਨ ਆਏ ਸਨ। ਅਫ਼ਸੋਸ ਕਰਨ ਵਾਲੇ ਡੱਡੂ ਆਪਣੇ ਆਲੇ ਦੁਆਲੇ ਵਿੱਚ ਆਈਆਂ ਤਬਦੀਲੀਆਂ ਬਾਰੇ ਗੱਲਾਂ ਕਰ ਰਹੇ ਸਨ। ਆਪਣੇ ਜ਼ਮਾਨੇ ਨੂੰ ਚੇਤੇ ਕਰਦਾ, ਇੱਕ ਡੱਡੂ ਬੋਲਿਆ,‘‘ਆਹ ਜਿਹੜੀ ਥਾਂ ’ਤੇ ਸੜਕ ਬਣੀ ਆ, ਇੱਥੇ ਜ਼ਮੀਨ ਵਿਰਾਨ ਪਈ ਹੁੰਦੀ ਸੀ। ਇੱਥੇ ਇੱਕ ਖੂਹ ਹੁੰਦਾ ਸੀ। ਖੂਹ ਦੀ ਮੌਣ ’ਤੇ ਚੜ੍ਹ ਕੇ ਪਿੰਡ ਦੀਂਹਦਾ ਸੀ। ਅਸੀਂ ਖੂਹ ਦੀਆਂ ਟਿੰਡਾਂ ਵਿੱਚ ਦੁਬਕੇ ਰਹਿੰਦੇ। ਜਦ ਖੂਹ ਗਿੜਦਾ, ਅਸੀਂ ਟਿੰਡਾਂ ’ਤੇ ਝੂਟੇ ਲੈਂਦੇ। ਟਿੰਡਾਂ ਉੱਪਰ ਆਉਂਦੀਆਂ ਤਾਂ ਅਸੀਂ ਉੱਪਰ ਚੜ੍ਹ ਆਉਂਦੇ। ਛੜੱਪੇ ਮਾਰ ਕੇ ਧਰਤੀ ’ਤੇ ਆ ਜਾਂਦੇ।”
“ਫੇਰ।” ਇੱਕ ਛੋਟੇ ਡੱਡੂ ਨੇ ਪੁੱਛਿਆ।
“ਇੱਕ ਦਿਨ ਕੀ ਹੋਇਆ, ਇੱਕ ਉੱਚਾ ਲੰਬਾ ਟਰੈਕਟਰ ਜ਼ਮੀਨ ਪੁੱਟਣ ਲੱਗਾ। ਦੂਰ ਤੱਕ ਮਿੱਟੀ ਘਸੀਟ ਕੇ ਲਿਜਾਈ ਜਾਵੇ। ਜ਼ਮੀਨ ’ਚੋਂ ਪੱਧਰਾ ਰਸਤਾ ਦਿਸਣ ਲੱਗਾ। ਫੇਰ ਉਸ ਰਾਹ ’ਤੇ ਪੱਥਰ ਰੋੜੇ ਪੈ ਗਏ। ਇੱਕ ਮਸ਼ੀਨ ਰੋੜਿਆਂ ਨੂੰ ਕਈ ਦਿਨ ਦੱਬਦੀ ਰਹੀ। ਇੱਕ ਦਿਨ ਇਨ੍ਹਾਂ ਰੋੜਿਆਂ ਉੱਪਰ ਲੁੱਕ ਤੇ ਬਜਰੀ ਦੀ ਮੋਟੀ ਤਹਿ ਵਿਛਾ ਦਿੱਤੀ ਗਈ। ਇਸ ’ਤੇ ਕਿੰਨੇ ਹੀ ਦਿਨ ਰੋਲਰ ਘੁੰਮਦਾ ਰਿਹਾ।”
“ਫੇਰ।” ਇੱਕ ਹੋਰ ਡੱਡੂ ਬੋਲਿਆ।
“ਸਾਡੀ ਮਾੜੀ ਤਕਦੀਰ ਨੂੰ, ਇਹ ਕਲਮੂੰਹੀ ਸੜਕ ਬਣ ਗਈ।” ਬੁੱਢਾ ਡੱਡੂ ਬੋਲਿਆ।
ਚਾਰੇ ਪਾਸੇ ਚੁੱਪ ਵਰਤ ਗਈ। ਪੀਲੇ ਡੱਡੂ ਦੇ ਮਾਂ-ਬਾਪ ਦੀ ਮੌਤ ਇਸੇ ਸੜਕ ’ਤੇ ਹੋਈ ਸੀ। ਪੀਲੇ ਡੱਡੂ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਕਿਸੇ ਕਰੀਬੀ ਦੋਸਤ ਨੂੰ ਮਿਲਣ ਗਏ ਸੀ। ਤੁਰਦੇ ਤੁਰਦੇ ਉਹ ਸੜਕ ਲਾਗੇ ਪਹੁੰਚੇ। ਤੇਜ਼ ਧੁੱਪ ’ਚ ਲੁੱਕ ਪਿਘਲੀ ਪਈ ਸੀ। ਅੱਗੇ ਬਾਪੂ ਤੇ ਪਿੱਛੇ ਪੀਲੇ ਦੀ ਮਾਂ। ਦੋ ਕਦਮ ਹੀ ਅੱਗੇ ਤੁਰੇ ਸਨ, ਉਨ੍ਹਾਂ ਦੇ ਪੈਰਾਂ ਨੂੰ ਲੁੱਕ ਚਿੰਬੜ ਗਈ। ਪੈਰ ਲੁੱਕ ’ਚੋਂ ਬਾਹਰ ਕੱਢਣ ਲਈ ਦੋਵੇਂ ਸੰਘਰਸ਼ ਕਰਨ ਲੱਗੇ, ਪਰ ਸਭ ਯਤਨ ਅਸਫਲ ਰਹੇ। ਦੇਖਦਿਆਂ ਹੀ ਦੇਖਦਿਆਂ ਇੱਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਉੱਪਰੋਂ ਦੀ ਲੰਘ ਗਈ। ਪੀਲੇ ਦੇ ਮਾਂ-ਬਾਪ ਥਾਂਏਂ ਚਿੱਪੇ ਗਏ। ਅਣਹੋਣੀ ਵਾਪਰ ਗਈ।
ਬੁੱਢਾ ਡੱਡੂ ਬੜਾ ਅਨੁਭਵੀ ਸੀ। ਡੱਡੂ ਉਸ ਦੇ ਦੁਆਲੇ ਇਕੱਠੇ ਹੋ ਕੇ ਪੁੱਛਣ ਲੱਗੇ, ‘‘ਦਾਦਾ ਸਾਡੇ ਦੁਸ਼ਮਣ ਕੌਣ ਕੌਣ ਨੇ?”
“ਸੱਪ, ਡਰੈਗਨ, ਕੰਨਖਜੂਰਾ, ਬਾਂਦਰ, ਇੱਲ੍ਹ, ਬਾਜ਼, ਬੰਗਲਾ ਸਾਡੇ ਮੁੱਢੋਂ ਦੁਸ਼ਮਣ ਹਨ।” ਬੁੱਢੇ ਡੱਡੂ ਨੇ ਝੱਟ ਦੁਸ਼ਮਣ ਗਿਣ ਦਿੱਤੇ।
“ਸਾਨੂੰ ਇਨਸਾਨਾਂ ਤੋਂ ਕਿਹੜੇ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ?”
“ਜਦੋਂ ਤਿੱਖਾ ਪੱਥਰ, ਦੁਰਮਟ, ਹਥੌੜਾ ਬੰਦੇ ਦੇ ਹੱਥ ਵਿੱਚ ਹੋਵੇ।”
“ਦਾਦਾ! ਡੱਡੂ ਰੋਜ਼ ਮਰ ਰਹੇ ਹਨ। ਸਾਡੀਆਂ ਕਈ ਕਿਸਮਾਂ ਤਾਂ ਚਿਰ ਤੋਂ ਅਲੋਪ ਹੀ ਹੋ ਗਈਆਂ ਹਨ। ਤੂੰ ਕੋਈ ਅਕਲ ਦੇਹ ਸਾਨੂੰ।”
“ਪੀਲੇ ਦੇ ਬਾਪੂ ਦੇ ਮਰਨ ਨਾਲ ਮੈਨੂੰ ਬੜਾ ਧੱਕਾ ਲੱਗਿਆ ਹੈ। ਬੰਦਾ ਪੈਸੇ ਦੀ ਦੌੜ ’ਚ ਅੰਨ੍ਹਾ ਹੋਇਆ ਪਿਆ। ਪਾਣੀਆਂ ਵਿੱਚ ਜ਼ਹਿਰਾਂ ਘੁਲ ਗਈਆਂ ਹਨ। ਕੀਟਨਾਸ਼ਕਾਂ ਨੇ ਕੀਟ ਪਤੰਗੇ ਚਟਮ ਕਰ ਲਏ। ਹੁਣ ਡੱਡੂ ਖਾਣ ਤਾਂ ਕੀ ਖਾਣ?” ਡੱਡੂ ਧਿਆਨ ਨਾਲ ਬੁੱਢੇ ਡੱਡੂ ਦੀਆਂ ਗੱਲਾਂ ਸੁਣ ਰਹੇ ਸਨ।
“ਦਾਦਾ! ਕਹਿੰਦੇ ਕੁਝ ਕੀੜੇ ਤੇ ਮੱਛਰ ਕੀਟਨਾਸ਼ਕਾਂ ਤੋਂ ਵੀ ਬਚ ਗਏ ਹਨ।”
“ਉਹੀ ਮੱਛਰ ਰੋਗ ਪੈਦਾ ਕਰ ਰਹੇ ਹਨ।”
“ਕਿਹੜੇ ਰੋਗ।” ਇੱਕ ਡੱਡੂ ਨੇ ਪੁੱਛਿਆ।
“ਡੇਂਗੂ, ਮਲੇਰੀਆ, ਸਵਾਈਨ ਫਲੂ ਤੇ ਹੋਰ ਕਈ”। ਬੁੱਢੇ ਡੱਡੂ ਨੇ ਕਿਹਾ।
“ਪਰ ਅਸੀਂ ਤਾਂ ਇਨਸਾਨ ਦਾ ਕਦੀ ਕੁਝ ਨਹੀਂ ਵਿਗਾੜਿਆ।’’
ਬਜ਼ੁਰਗ ਡੱਡੂ ਅੱਗੇ ਬੋਲਿਆ, ‘‘ਤੁਹਾਨੂੰ ਪਤਾ ਕਿ ਸੈਂਕੜੇ ਡੱਡੂ ਮਾਰ ਕੇ ਬੰਦਾ ਆਪਣੇ ਰੋਗਾਂ ਦੇ ਇਲਾਜ ਲਈ ਦਵਾਈਆਂ ਤਿਆਰ ਕਰਦਾ ਹੈ। ਡੱਡੂਆਂ ਤੋਂ ਮਨੋਰੋਗ, ਬੇਹੋਸ਼ੀ, ਕੈਂਸਰ ਇੱਥੋਂ ਤੱਕ ਕਿ ਏਡਜ਼ ਤੋਂ ਮੁਕਤੀ ਲਈ ਦਵਾਈ ਤਿਆਰ ਹੁੰਦੀ ਹੈ।”
“ਫੇਰ ਤਾਂ ਡੱਡੂਆਂ ਦੇ ਪੈਰੀਂ ਪੈਣਾ ਚਾਹੀਦਾ ਬੰਦੇ ਨੂੰ।” ਇੱਕ ਡੱਡੂ ਬੋਲਿਆ।
“ਪੈਣਾ ਤਾਂ ਚਾਹੀਦਾ।” ਬੁੱਢੇ ਡੱਡੂ ਨੇ ਕਿਹਾ।
“ਹੁਣ ਤਾਂ ਬੰਦੇ ਪੇਟੀਆਂ ਭਰ ਕੇ ਡੱਡੂ ਵਿਦੇਸ਼ਾਂ ’ਚ ਵੀ ਭੇਜਦੇ ਨੇ।” ਇੱਕ ਹੋਰ ਡੱਡੂ ਨੇ ਜਾਣਕਾਰੀ ਦਿੱਤੀ।
“ਇਨ੍ਹਾਂ ਡੱਡੂਆਂ ਦਾ ਲੋਕ ਕੀ ਕਰਦੇ ਨੇ, ਦਾਦਾ?”
“ਵਿਦਿਆਰਥੀ ਇਨ੍ਹਾਂ ਦੀ ਪ੍ਰਯੋਗਸ਼ਾਲਾ ’ਚ ਚੀਰ-ਫਾੜ ਕਰਦੇ ਨੇ।”
“ਕਿਉਂ ਕਰਦੇ ਨੇ ਚੀਰ ਫਾੜ?’’
“ਗਿਆਨ ਪ੍ਰਾਪਤ ਕਰਦੇ ਨੇ।”
“ਮੁਫ਼ਤ ਦਾ ਮਾਲ ਸਮਝ ਰੱਖਿਆ ਡੱਡੂਆਂ ਨੂੰ?”
ਬੁੱਢੇ ਡੱਡੂ ਨੂੰ ਬੰਦਿਆਂ ਦਾ ਪੂਰਾ ਭੇਤ ਸੀ।
“ਦਾਦਾ! ਤੂੰ ਤਾਂ ਸਾਡੇ ਦਿਮਾਗ਼ ਦੇ ਕਿਵਾੜ ਖੋਲ੍ਹ ਦਿੱਤੇ ਹਨ।” ਡੱਡੂ ਇਕੱਠੇ ਬੋਲੇ।
“ਇੱਥੇ ਹੀ ਬਸ ਨਹੀਂ ਮਨੁੱਖ ਨੂੰ ਪਤਾ ਵੀ ਹੈ ਕਿ ਡੱਡੂ ਅਲੋਪ ਹੋ ਰਹੇ ਹਨ। ਫੇਰ ਵੀ ਅੱਖਾਂ ਮੀਟੀ ਬੈਠਾ। ਪਤਾ ਨਹੀਂ ਇਸ ਨੂੰ ਹੋਸ਼ ਕਦੋਂ ਆਉਣੀ ਹੈ?”
“ਜਦੋਂ ਕੁਦਰਤ ਨੇ ਇਸ ਨੂੰ ਗਰਦਨ ਤੋਂ ਫੜ ਲਿਆ, ਓਦੋਂ ਹੋਸ਼ ਆਊ ਇਸ ਨੂੰ।” ਇੱਕ ਡੱਡੂ ਗੁੱਸੇ ’ਚ ਬੋਲਿਆ।
ਦੇਖਦੇ ਦੇਖਦੇ ਦੋ ਡੱਡੂ ਉੱਥੇ ਆ ਕੇ ਘਾਹ ’ਤੇ ਲਿਟਣ ਲੱਗੇ। ਬਜ਼ੁਰਗ ਡੱਡੂ ਛੜੱਪਾ ਮਾਰ ਕੇ ਉਨ੍ਹਾਂ ਕੋਲ ਚਲਾ ਗਿਆ। ਉਨ੍ਹਾਂ ਦੇ ਪਿੰਡੇ ਪਲੋਸਦਾ ਬੋਲਿਆ, ‘‘ਯੂਰੀਆ ਸੋਖ ਲਿਆ ਇਨ੍ਹਾਂ ਦੀ ਚਮੜੀ ਨੇ।”
ਕੁਝ ਸੋਚ ਕੇ ਉਹ ਕਹਿੰਦਾ,‘‘ਘੰਟੇ ਦੋ ਘੰਟੇ ਦੇ ਪ੍ਰਾਹੁਣੇ ਨੇ ਇਹ ਤਾਂ।” ਚਾਰੇ ਪਾਸੇ ਮੁਰਦੇਹਾਣੀ ਚੁੱਪ ਪਸਰ ਗਈ।
“ਇਹ ਬੰਦਾ ਤਾਂ ਸਾਡੇ ਪਿੱਛੇ ਹੀ ਪੈ ਗਿਆ।”
“ਪਸ਼ੂ ਸਾਨੂੰ ਖੁਰਾਂ ਥੱਲੇ ਦੱਬ ਜਾਂਦੇ ਨੇ। ਸਾਡੇ ਘਰ ਢਾਹ ਜਾਂਦੇ ਨੇ। ਪਾਣੀਆਂ ’ਚ ਮੌਤ ਖਲੋਤੀ ਹੈ। ਭੁੱਖ ਨਾਲ ਤਾਂ ਸ਼ਾਇਦ ਅਸੀਂ ਨਾ ਮਰਦੇ, ਪਰ ਜ਼ਹਿਰੀਲੇ ਪਾਣੀ ਸਾਨੂੰ ਜ਼ਰੂਰ ਮਾਰ ਦੇਣਗੇ।”
ਦੇਖਦੇ ਦੇਖਦੇ ਇੱਕ ਉੱਡਣਾ ਬਾਜ਼ ਧਰਤੀ ’ਤੇ ਉਤਰਿਆ ਅਤੇ ਇੱਕ ਮੋਟੇ ਡੱਡੂ ਨੂੰ ਨੋਕੀਲੇ ਪੰਜਿਆਂ ’ਚ ਦਬੋਚ ਕੇ ਔਹ ਗਿਆ ਔਹ ਗਿਆ। ਡੱਡੂਆਂ ਵਿਚਕਾਰ ਭਗਦੜ ਮੱਚ ਗਈ। ਸਾਰੇ ਆਪੋ ਆਪਣੀਆਂ ਲੁਕਣ ਗਾਹਾਂ ਵੱਲ ਦੌੜੇ।
“ਬੰਦੇ ਨੂੰ ਛੱਡੋ, ਸਾਨੂੰ ਤਾਂ ਜਾਨਵਰ ਵੀ ਮਾਰਨ ਦੀ ਝਾਕ ’ਚ ਰਹਿੰਦੇ ਹਨ।”
“ਮੌਤ ਸਾਡੇ ਸਿਰਾਂ ’ਤੇ ਮੰਡਰਾਉਂਦੀ ਆ ਦਾਦਾ, ਚਲੋ ਕਿਸੇ ਠਿਕਾਣੇ ਲੱਗੀਏ, ਕਿਤੇ ਅਣਿਆਈ ਮੌਤ ਨਾ ਮਾਰੇ ਜਾਈਏ।’’
ਸਾਰੇ ਡੱਡੂ, ਬੁੱਢੇ ਡੱਡੂ ਨੂੰ ਨਾਲ ਲੈ ਕੇ ਛੱਪੜ ’ਚ ਲੁਕਣ ਲਈ ਚਲੇ ਗਏ। ਡੱਡੂਆਂ ਨੇ ਦੇਖਿਆ ਕਿ ਇੱਕ ਆਦਮੀ ਪਲਾਸਟਿਕ ਦਾ ਡੱਡੂ, ਜਿਸ ਦੇ ਮੂੰਹ ਵਿੱਚ ਧਾਤ ਦਾ ਸਿੱਕਾ ਸੀ, ਹੱਥ ਵਿੱਚ ਫੜੀ ਜਾ ਰਿਹਾ।
“ਦਾਦਾ! ਇਹ ਕੀ।” ਇੱਕ ਡੱਡੂ ਨੇ ਬੁੱਢੇ ਡੱਡੂ ਤੋਂ ਪੁੱਛਿਆ।
“ਮੈਂ ਬੰਦੇ ਕਹਿੰਦੇ ਸੁਣੇ ਹਨ ਕਿ ਪੈਸੇ ਵਾਲੇ ਡੱਡੂ ਦੇ ਘਰ ਵਿੱਚ ਰੱਖਣ ਨਾਲ ਧਨ ਤੇ ਖ਼ੁਸ਼ਹਾਲੀ ਆਉਂਦੀ ਹੈ।” ਬੁੱਢੇ ਡੱਡੂ ਨੇ ਦੱਸਿਆ।
“ਜਿਉਂਦਿਆਂ ਨੂੰ ਮੁਕਾਉਣ ਲੱਗਾ ਹੈ ਅਤੇ ਪਲਾਸਟਿਕ ਦੇ ਡੱਡੂਆਂ ਦੇ ਮੂੰਹ ਵਿੱਚ ਪੈਸੇ ਤੁੰਨ ਕੇ ਦੌਲਤ ਅੜੇ ਖ਼ੁਸ਼ਹਾਲੀ ਭਾਲਦਾ ਫਿਰਦਾ ਹੈ ਅੱਜ ਦਾ ਮਨੁੱਖ।” ਬੁੱਢੇ ਡੱਡੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।

Advertisement

Advertisement