ਖੇਡ ਸਟੇਡੀਅਮ ਵਿੱਚ ਬੂਟੇ ਲਾਏ
ਪੱਤਰ ਪ੍ਰੇਰਕ
ਪਠਾਨਕੋਟ, 16 ਨਵੰਬਰ
ਮਨਵਾਲ ਮੌਰਨਿੰਗ ਵਾਕ ਕਲੱਬ ਵੱਲੋਂ ਅੱਜ ਮਨਵਾਲ ਖੇਡ ਸਟੇਡੀਅਮ ਗਰਾਊਂਡ ਵਿੱਚ ਪ੍ਰਧਾਨ ਹਰਮੀਤ ਸਿੰਘ ਦੀ ਅਗਵਾਈ ਵਿੱਚ ਸੁੰਦਰੀਕਰਨ ਪ੍ਰਾਜੈਕਟ ਤਹਿਤ ਫੁੱਲਾਂ ਦੇ ਬੂਟੇ ਲਗਾਏ ਗਏ। ਯੋਗ ਗੁਰੂ ਹਰਭਗਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਇੱਕ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮਗਰੌਂ ਕਲੱਬ ਮੈਂਬਰਾਂ ਨੇ 300 ਤੋਂ ਵੱਧ ਅਲੱਗ-ਅਲੱਗ ਪ੍ਰਜਾਤੀਆਂ ਦੇ ਫੁੱਲਾਂ ਵਾਲੇ ਬੂਟੇ ਲਗਾਏ। ਇਸ ਦੌਰਾਨ ਸੇਵਾਮੁਕਤ ਸੁਪਰਡੈਂਟ ਸਵਰਗੀ ਗਿਆਨ ਸਿੰਘ ਕਾਹਲੋਂ ਦੀ ਯਾਦ ਵਿੱਚ ਉਨ੍ਹਾਂ ਦੇ ਬੇਟੇ ਰਘੁਬੀਰ ਸਿੰਘ ਕਾਹਲੋਂ ਨੇ ਗੁਲਮੋਹਰ ਫੁੱਲਾਂ ਦੇ 15 ਪੌਦੇ ਕਲੱਬ ਨੂੰ ਭੇਟ ਕੀਤੇ। ਜਦ ਕਿ ਹਰਿੰਦਰ ਸਿੰਘ ਰੰਧਾਵਾ, ਰਘੁਵਰ ਸ਼ਰਮਾ, ਹਰਮੀਤ ਸਿੰਘ, ਬਲਜੀਤ ਸਿੰਘ ਭੋਗਲ, ਪ੍ਰਿੰਸੀਪਲ ਨਰਿੰਦਰ ਸ਼ਰਮਾ, ਕਮਲ ਮਹਾਜਨ, ਅਨਿਲ ਮਨਕੋਟੀਆ, ਰਾਜੀਵ ਵਡੈਹਰਾ, ਦਿਨੇਸ਼ ਵਡੈਹਰਾ, ਜਸਪ੍ਰੀਤ ਸਿੰਘ ਜੱਸੀ, ਜਸਬੀਰ ਸਿੰਘ ਜੱਸਾ, ਰਾਜੇਸ਼ ਸ਼ਰਮਾ, ਸੁਨੀਲ ਮਹਾਜਨ, ਗੁਲਸ਼ਨ ਮੋਹਨ ਨੇ ਬੂਟੇ ਲਗਾਉਣ ਦਾ ਕੰਮ ਕੀਤਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਵੀ ਪੁੱਜ ਕੇ ਨਿਰੀਖਣ ਕੀਤਾ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਹਰਮੀਤ ਸਿੰਘ ਨੇ ਕਿਹਾ ਕਿ ਅਗਲੇ ਹਫ਼ਤੇ ਐਤਵਾਰ ਨੂੰ ਖੇਡ ਸਟੇਡੀਅਮ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ।