For the best experience, open
https://m.punjabitribuneonline.com
on your mobile browser.
Advertisement

ਰੋਪਨਾ ਬਣੀ ਰਿੰਗ ਸੈਰੇਮਨੀ

12:15 PM Apr 06, 2024 IST
ਰੋਪਨਾ ਬਣੀ ਰਿੰਗ ਸੈਰੇਮਨੀ
Advertisement

ਡਾ. ਸੁਖਦਰਸ਼ਨ ਸਿੰਘ ਚਹਿਲ

‘‘ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬੇ ਕੇ ਲਾਣੇ ਵਾਲੇ ਸ. ਸ਼ਗਨ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਨੂੰ ਅੱਜ ਰੋਪਨਾ ਪੈਣੀ ਹੈ। ਪਰਿਵਾਰ ਵੱਲੋਂ ਬੇਨਤੀ ਹੈ ਕਿ ਬਾਅਦ ਦੁਪਹਿਰ ਢਾਈ ਵਜੇ ਗੁਰਤੇਜ ਸਿੰਘ ਨੂੰ ਛੁਹਾਰਾ (ਰੋਕਾ/ਸ਼ਗਨ/ਠਾਕਾ/ਮੰਗਣਾ) ਲਗਾਇਆ ਜਾਵੇਗਾ। ਸੋ ਸਭ ਮਾਈ ਭਾਈ ਨੇ ਸ. ਸ਼ਗਨ ਸਿੰਘ ਦੇ ਪਰਿਵਾਰ ਦੀ ਖ਼ੁਸ਼ੀ ’ਚ ਸ਼ਰੀਕ ਹੋਣ ਦੀ ਖੇਚਲ ਕਰਨੀ ਜੀ।’’ ਅੰਮ੍ਰਿਤ ਵੇਲੇ ਗੁਰੂ ਘਰ ਦੇ ਸਪੀਕਰ ’ਚੋਂ ਕੀਤੀ ਗਈ ਇਸ ਅਨਾਉਸਮੈਂਟ ਨਾਲ ਪਿੰਡ ’ਚ ਇੱਕ ਵਿਲੱਖਣ ਜਿਹਾ ਚਾਅ ਛਾ ਗਿਆ। ਪਿੰਡ ਵਾਸੀ ਭਾਵੇਂ ਹਰ ਰੋਜ਼ ਹੀ ਗੁਰਤੇਜ ਸਿੰਘ ਨੂੰ ਦੇਖਦੇ/ਮਿਲਦੇ ਸਨ ਪਰ ਉਹ ਅੱਜ ਗੁਲਾਬੀ ਪੱਗ ’ਚ ਸਜੇ ਗੁਰਤੇਜ ਸਿੰਘ ਨੂੰ ਦੇਖਣ ਲਈ ਉਤਾਵਲੇ ਸਨ। ਕਈਆਂ ਨੇ ਸਵੇਰੇ ਹੀ ਕੱਖ-ਪੱਠਾਂ ਲਿਆ ਕੇ, ਢਾਈ ਵਜੇ ਤੋਂ ਪਹਿਲਾਂ ਸ਼ਗਨ ਸਿੰਘ ਦੇ ਘਰ ਪੁੱਜਣ ਲਈ ਤਿਆਰੀਆਂ ਖਿੱਚ ਲਈਆਂ। ਬੀਬੀਆਂ ਭੈਣਾਂ ਵੀ ਕੰਮ-ਕਾਰਾਂ ਦੇ ਨਾਲ-ਨਾਲ ਸ਼ਗਨਾਂ ਵਾਲੇ ਗੀਤ ਗੁਣਗਣਾਉਣ ਲੱਗੀਆਂ।
ਡੇਢ ਕੁ ਵਜੇ ਦੇ ਕਰੀਬ ਪੰਜ-ਸੱਤ ਬੰਦਿਆਂ ਨਾਲ ਭਰੀ ਇੱਕ ਜੀਪ ਪਿੰਡ ’ਚ ਵੜੀ ਤਾਂ ਸਭ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਗੁਰਤੇਜ ਸਿੰਘ ਨੂੰ ਰੋਪਨਾ ਪਾਉਣ ਵਾਲੇ ਆ ਗਏ ਹਨ। ਜਦੋਂ ਉਹ ਸ਼ਗਨਾਂ ਵਾਲਾ ਸਾਮਾਨ ਲੈ ਕੇ ਗੱਡੀ ’ਚੋਂ ਉਤਰੇ ਤਾਂ ਸਭ ਨੂੰ ਪੱਕਾ ਹੋ ਗਿਆ ਕਿ ਗੁਰਤੇਜ ਸਿੰਘ ਦੇ ਹੋਣ ਵਾਲੇ ਸਹੁਰੇ ਪਰਿਵਾਰ ਵਾਲੇ ਆ ਗਏ ਹਨ। ਇਨ੍ਹਾਂ ਮਹਿਮਾਨਾਂ ਦੀ ਆਮਦ ਤੋਂ ਬਾਅਦ ਇਕਦਮ ਪਿੰਡ ’ਚ ਹਲਚਲ ਵਧ ਗਈ। ਪਿੰਡ ਦੇ ਬਜ਼ੁਰਗ, ਨੌਜਵਾਨ ਤੇ ਬੀਬੀਆਂ ਸਜ ਫਬਕੇ ਸ਼ਗਨ ਸਿੰਘ ਦੇ ਘਰ ਵੱਲ ਚੱਲ ਪਏ। ਸ਼ਗਨ ਸਿੰਘ ਦੇ ਘਰ ਮਹਿਮਾਨਾਂ ਦੇ ਬੈਠਣ ਲਈ ਇੱਕ ਬੈਠਕ ’ਚ ਪ੍ਰਬੰਧ ਕੀਤਾ ਗਿਆ ਸੀ ਅਤੇ ਪਿੰਡ ਵਾਸੀਆਂ ਲਈ ਖੁੱਲ੍ਹੇ ਵਿਹੜੇ ’ਚ ਗੁਰੂ ਘਰ ਤੋਂ ਲਿਆਂਦੀਆਂ ਦਰੀਆ ਵਿਛਾਈਆਂ ਗਈਆਂ ਸਨ। ਕੱਕੂ ਹੋਰਾਂ ਦਾ ਦੋ ਮੰਜਿਆਂ ’ਤੇ ਟੰਗਿਆਂ ਸਪੀਕਰ ਵੀ ਬੋਲ ਉੱਠਿਆ। ਬੰਦਾ ਬਹਾਦਰ ਦੀ ਵਾਰ ਤੋਂ ਬਾਅਦ ਨਵੇਂ-ਪੁਰਾਣੇ ਗੀਤ ਵੱਜਣ ਲੱਗੇ ਤਾਂ ਸਾਰੇ ਪਿੰਡ ’ਚ ਇੱਕ ਵਿਲੱਖਣ ਜਿਹੀ ਖ਼ੁਸ਼ੀ ਦੀ ਲਹਿਰ ਦੌੜ ਗਈ।
ਢਾਈ ਵੱਜਣ ਤੋਂ ਪਹਿਲਾਂ ਹੀ ਸ਼ਗਨ ਸਿੰਘ ਦੇ ਘਰ ’ਚ ਰੌਣਕਾਂ ਲੱਗ ਗਈਆਂ। ਸਹੀ ਢਾਈ ਵਜੇ ਸਪੀਕਰ ਬੰਦ ਹੋ ਗਿਆ ਤਾਂ ਜਿਹੜੇ ਲੋਕ ਗੁਰਤੇਜ ਸਿੰਘ ਦੀ ਰੋਪਨਾ ’ਤੇ ਪੁੱਜ ਨਹੀਂ ਸਕੇ ਉਨ੍ਹਾਂ ਨੇ ਅੰਦਾਜ਼ਾ ਲਗਾ ਲਿਆ ਕਿ ਛੁਹਾਰਾ ਲੱਗਣ ਦੀਆਂ ਰਸਮਾਂ ਸ਼ੁਰੂ ਹੋਣ ਲੱਗੀਆਂ ਨੇ। ਦਰੀਆ ’ਤੇ ਪਿੰਡ ਵਾਸੀ ਸਜ ਚੁੱਕੇ ਸਨ ਤੇ ਚਾਰੇ ਪਾਸੇ ਗਹਿਮਾ-ਗਹਿਮੀ ਵਾਲਾ ਮਾਹੌਲ ਬਣ ਚੁੱਕਿਆ ਸੀ। ਗੁਰਤੇਜ ਸਿੰਘ ਦਾ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਬਿਠਾਉਣ ਹਿੱਤ ਇੱਕ ਕੁਰਸੀ ਡਾਹੀ ਗਈ ਜਿਸ ’ਤੇ ਹੱਥ ਨਾਲ ਕੀਤੀ ਕਢਾਈ ਵਾਲੀ ਚਾਦਰ ਪਾਈ ਗਈ। ਗੁਲਾਬੀ ਪੱਗ, ਧਾਰੀਆਂ ਵਾਲਾ ਕੁੜਤਾ ਤੇ ਹਲਕੇ ਗੁਲਾਬੀ ਰੰਗ ਦਾ ਚਾਦਰਾ ਬੰਨ੍ਹੀਂ ਗੁਰਤੇਜ ਸਿੰਘ ਕੁਰਸੀ ’ਤੇ ਆ ਬੈਠਿਆ ਤਾਂ ਹਰੇਕ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ। ਇੰਨੇ ’ਚ ਹੀ ਲੜਕੀ ਵਾਲੇ ਪਰਿਵਾਰ ਦੇ ਮੈਂਬਰ ਸ਼ਗਨਾਂ ਵਾਲੇ ਕੱਪੜਿਆਂ ਨਾਲ ਢਕੇ ਸੱਤ ਥਾਲ ਲੈ ਕੇ ਆ ਗਏ। ਸਭ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਫਲਾਣਾ ਲੜਕੀ ਦਾ ਪਿਤਾ ਹੋ ਸਕਦਾ ਏ, ਫਲਾਣਾ ਭਰਾ ਹੋ ਸਕਦਾ ਏ..। ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਲੜਕੀ ਦਾ ਪਿਤਾ ਉੱਠਿਆ ਅਤੇ ਉਸ ਨੇ ਗੁਰਤੇਜ ਸਿੰਘ ਨੂੰ ਛੁਹਾਰਾ ਲਗਾਇਆ ਅਤੇ ਅਤੇ ਉਸ ਦੀ ਝੋਲੀ ਪਤਾਸੇ, ਨਾਰੀਅਲ ਅਤੇ ਹੋਰ ਸਮੱਗਰੀ ਪਾਈ। ਇਸ ਦੇ ਨਾਲ ਹੀ ਪੰਜ ਰੁਪਏ ਦਾ ਨੋਟ ਗੁਰਤੇਜ ਸਿੰਘ ਦੀ ਝੋਲੀ ’ਚ ਸ਼ਗਨ ਵਜੋਂ ਰੱਖਿਆ। ਫਿਰ ਲੜਕੀ ਦੇ ਮਾਮੇ, ਚਾਚੇ ਤੇ ਭਰਾਵਾਂ ਨੇ ਸ਼ਗਨ ਕੀਤਾ। ਇਨ੍ਹਾਂ ਰਸਮਾਂ ਦੇ ਦੌਰਾਨ ਹੀ ਕੱਕੂ ਦਾ ਸਪੀਕਰ ਮੁੜ ਗੂੰਜ ਉੱਠਿਆ। ਇਸ ਵਾਰ ਰਿਕਾਰਡਡ ਗੀਤਾਂ ਦੀ ਥਾਂ ਪਿੰਡ ਦੀਆਂ ਬੀਬੀਆਂ ਦੀਆਂ ਆਵਾਜ਼ਾਂ ’ਚ ਸ਼ਗਨਾਂ ਦੇ ਗੀਤਾਂ ਦੇ ਬੋਲ ਗੂੰਜ ਰਹੇ ਸਨ।
ਕੁਰਸੀ ਵੇ ਵੀਰਾ ਤੇਰੀ ਮੈਂ ਡਾਹੀ
ਕੋਈ ਚਾਰੇ ਪਾਵੇ ਵੇ ਰੰਗੀਨ।
ਚੌਂਕੀ ’ਤੇ ਤੂੰ ਇਓਂ ਬੈਠਾ
ਜਿਓਂ ਰਾਜੇ ਮੂਹਰੇ
ਵੇ ਅੰਤੋਂ ਪਿਆਰਿਆ ਵਜ਼ੀਰ!
**
ਤੁਸੀਂ ਆਏ ਮੇਰਾ ਮਨ ਵਧਿਆ
ਮਾਸੜ ਜੀ, ਵਿਹੜਾ ਵਧਿਆ ਗਜ਼ ਚਾਰ
ਜੇ ਸੋਡੀ ਬੀਬੀ ਸੰਗਲੀ ਸਾਡਾ ਵੀਰ
ਸੋਨੇ ਦਾ ਜੀ ਹਾਰ!
**
ਸਿਉਨੇ ਦੇ ਕੰਸ ਜੜੇ
ਝਾਲਰ ਲੱਗੀ ਐ ਚੁਫ਼ੇਰੇ
ਮੰਗਣੇ ਦੀ ਜੁਗਤ ਬਣੀ
ਮੇਰੇ ਬਾਬਲ ਦੇ ਵਿਹੜੇ
ਜਿਉਂ ਹੀ ਬੀਬੀਆਂ ਦੇ ਗੀਤਾਂ ਦੇ ਬੋੋਲ ਕੰਨਾਂ ’ਚ ਪਏ ਤਾਂ ਖੇਤਾਂ-ਬੰਨਿਆਂ ’ਚ ਕੰਮ ਕਰਨ ਵਾਲਿਆਂ ਤੇ ਘਰਾਂ ’ਚ ਰਹਿ ਗਈਆਂ ਸੁਆਣੀਆਂ ਨੇ ਅੰਦਾਜ਼ਾ ਲਗਾ ਲਿਆ ਕਿ ਗੁਰਤੇਜ ਸਿੰਘ ਨੂੰ ਰੋਪਨਾ ਪੈ ਗਈ ਹੈ। ਇਸ ਤਰ੍ਹਾਂ ਲੜਕੀ ਵਾਲਿਆਂ ਦੇ ਸ਼ਗਨ ਕਰਨ ਤੋਂ ਬਾਅਦ ਲੜਕੇ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇੱਕ-ਇੱਕ, ਦੋ-ਦੋ ਰੁਪਏ ਸ਼ਗਨ ਵਜੋਂ ਪਾਏ। ਘਰ ਦੇ ਮੁੱਖ ਦਰਵਾਜ਼ੇ ਕੋਲ ਇੱਕ ਮੰਜੇ ’ਤੇ ਟੋਕਰਾ ਰੱਖਿਆ ਹੋਇਆ ਸੀ ਜਿਸ ਵਿੱਚ ਖਾਕੀ ਰੰਗ ਦੇ ਛੋਟੇ-ਛੋਟੇ ਲਿਫ਼ਾਫ਼ਿਆਂ ’ਚ ਪਤਾਸੇ ਪਾਏ ਹੋਏ ਸਨ। ਗੁਰਤੇਜ ਸਿੰਘ ਦੀ ਮਾਸੀ ਤੇ ਚਾਚੇੇ ਦਾ ਪੁੱਤ ਬੀਰੀ ਸਿੰਘ ਹਰ ਪਿੰਡ ਵਾਸੀ ਨੂੰ ਇੱਕ-ਇੱਕ ਲਿਫ਼ਾਫ਼ਾ ਫੜਾ ਰਿਹਾ ਸੀ। ਸ਼ਗਨ ਸਿੰਘ ਆਪਣੇ ਕੁਝ ਖ਼ਾਸ ਬੰਦਿਆਂ ਨੂੰ ਘਰ ਦੇ ਪਿਛਲੇ ਪਾਸੇ ਡਾਹੇ ਮੰਜਿਆਂ ’ਤੇ ਬੈਠਣ ਲਈ ਕਹਿ ਰਿਹਾ ਸੀ। ਜਿਨ੍ਹਾਂ ਦੀ ਸੇਵਾ ਲਈ ਕੁਝ ਖ਼ਾਸ ਪ੍ਰਬੰਧ ਕੀਤੇ ਗਏ ਸਨ। ਇਸ ਦੇ ਨਾਲ ਹੀ ਘੰਟਾ ਭਰ ਚੱਲੇ ਬੀਬੀਆਂ ਦੇ ਗੌਣ ਤੋਂ ਬਾਅਦ ਫਿਰ ਕੱਕੂ ਦੇ ਸਪੀਕਰ ਤੋਂ ਦੋਗਾਣੇ ਤੇ ਕਲੀਆਂ ਸੁਣਾਈ ਦੇਣ ਲੱਗੀਆਂ। ਇਸ ਤਰ੍ਹਾਂ ਸ਼ਗਨ ਸਿੰਘ ਦੇ ਘਰ ਸ਼ਾਮ ਤੱਕ ਖ਼ੁਸ਼ੀ ਵਾਲਾ ਮਾਹੌਲ ਬਣਿਆ ਰਿਹਾ ਅਤੇ ਸਪੀਕਰ ਵੱਜਦਾ ਰਿਹਾ।
ਰੋਪਨਾ ਪੈਣ ਤੋਂ ਬਾਅਦ ਗੁਰਤੇਜ ਸਿੰਘ ਕੁਝ ਦਿਨ ਸੰਗਦਾ-ਸੰਗਾਉਂਦਾ ਹੀ ਘਰੋਂ ਬਾਹਰ ਨਿਕਲਦਾ ਰਿਹਾ। ਉਸ ਨੂੰ ਜਾਪਦਾ ਸੀ ਕਿ ਜਿਵੇਂ ਉਸ ਦੇ ਸਿਰ ’ਤੇ ਕੋਈ ਵੱਡੀ ਜ਼ਿੰਮੇਵਾਰੀ ਆ ਪਈ ਹੋਵੇ। ਇਹ ਜ਼ਿੰਮੇਵਾਰੀ ਸੀ ਉਸ ਨੂੰ ਇੱਕ ਵਧੀਆ ਇਨਸਾਨ ਵਜੋਂ ਬਣ ਕੇ ਰਹਿਣ ਦੀ ਭਾਵ ਨਸ਼ਾ ਰਹਿਤ, ਵਧੀਆ ਚਾਲ ਚਲਣ ਅਤੇ ਮਿਹਨਤੀ ਵਿਅਕਤੀ ਬਣਕੇ ਵਿਚਰਨ ਦੀ। ਉਸ ਦਾ ਵਿਆਹ ਅਜੇ ਤਕਰੀਬਨ ਦੋ-ਤਿੰਨ ਸਾਲ ਬਾਅਦ ਹੋਣਾ ਸੀ। ਜੇਕਰ ਇਸ ਵਕਫ਼ੇ ਦੌਰਾਨ ਉਸ ਦੇ ਵਿਅਕਤੀਤਵ ’ਤੇ ਕੋਈ ਉੱਂਗਲ ਉੱਠ ਗਈ ਤਾਂ ਉਸ ਦਾ ਰਿਸ਼ਤਾ ਵੀ ਟੁੱਟ ਸਕਦਾ ਹੈ। ਇਸ ਕਰਕੇ ਰੋਪਨਾ ਪੈਣ ਤੋਂ ਬਾਅਦ ਗੁਰਤੇਜ ਸਿੰਘ ਦਾ ਕਿਰਦਾਰ ਇਕਦਮ ਬਦਲ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਦਿਲ ਵਿੱਚ ਆਪਣੀ ਮੰਗੇਤਰ ਦੀ ਸ਼ਕਲ ਸੂਰਤ ਉਕਰਦੀ ਰਹਿੰਦੀ ਸੀ ਪਰ ਉਸ ਨੂੰ ਮਿਲਣਾ ਵਿਆਹ ਵੇਲੇ ਹੀ ਨਸੀਬ ਹੁੰਦਾ ਸੀ।
ਉਪਰ ਕੀਤਾ ਵਿਖਿਆਨ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਦੇ ਆਸਪਾਸ ਹੁੰਦੀ ਰੋਕਾ/ਸ਼ਗਨ/ਠਾਕਾ/ਮੰਗਣਾ/ ਰੋਪਨਾ ਦੀ ਰਸਮ ਦੀ ਇੱਕ ਝਲਕ ਹੈ। ਜਦੋਂ ਮੰਗਣਾ ਹੋਣਾ ਲੜਕੇ-ਲੜਕੇ ਲਈ ਇੱਕ ਇਮਤਿਹਾਨ ਦੀ ਸ਼ੁਰੂਆਤ ਹੁੰਦਾ ਸੀ। ਮੰਗਣੇ ਤੇ ਵਿਆਹ ਦਰਮਿਆਨ ਦਾ ਸਮਾਂ ਉਨ੍ਹਾਂ ਦੀ ਸ਼ਖ਼ਸੀਅਤ ਦੀ ਪਰਖ ਦਾ ਸਮਾਂ ਹੁੰਦਾ ਸੀ ਕਿਉਂਕਿ ਪੂਰੇ ਪਿੰਡ ਜਾਂ ਮੁਹੱਲੇ ਦੀ ਹਾਜ਼ਰੀ ’ਚ ਦੋ ਪਰਿਵਾਰਾਂ ਦਰਮਿਆਨ ਪੂਰੀ ਨਿਰਖ-ਪਰਖ ਤੋਂ ਬਾਅਦ ਹੀ ਨਵਾਂ ਰਿਸ਼ਤਾ ਜੁੜਦਾ ਸੀ। ਇਸ ਰਿਸ਼ਤੇ ਨੂੰ ਕਾਇਮ ਰੱਖਣਾ ਲੜਕੇ-ਲੜਕੀ ਦੇ ਪਰਿਵਾਰਾਂ ਦੀ ਇੱਜ਼ਤ ਦਾ ਸਵਾਲ ਮੰਨਿਆ ਜਾਂਦਾ ਸੀ।
ਇਸ ਦੇ ਉਲਟ ਅਜੋਕੇ ਦੌਰ ’ਚ ਰੋਪਨਾ ਦੀ ਥਾਂ ਰਿੰਗ ਸੈਰੇਮਨੀ ਨੇ ਲੈ ਲਈ ਹੈ। ਕਈ ਵਾਰ ਪਿੰਡ ਜਾਂ ਮੁਹੱਲਾ ਤਾਂ ਦੂਰ ਦੀ ਗੱਲ.., ਗਲੀ ਗੁਆਂਢ ’ਚ ਵੀ ਨਵੇਂ ਜੁੜੇ ਰਿਸ਼ਤੇ ਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਲੜਕੇ-ਲੜਕੀ ਵਾਲੇ ਆਪਣੇ 10-20 ਖ਼ਾਸ-ਖ਼ਾਸ ਸਕੇ ਸਬੰਧੀਆਂ ਦੀ ਹਾਜ਼ਰੀ ’ਚ ਨੇੜਲੇ ਸ਼ਹਿਰ ਜਾਂ ਕਸਬੇ ਦੇ ਕਿਸੇ ਰੈਸਤਰਾਂ ਜਾਂ ਹੋਟਲ ’ਚ ਜਾ ਕੇ ਲੜਕੇ-ਲੜਕੇ ਦੀ ਰਿੰਗ ਸੈਰੇਮਨੀ ਕਰ ਦਿੰਦੇ ਹਨ ਭਾਵ ਲੜਕਾ ਲੜਕੀ ਦੇ ਅਤੇ ਲੜਕੀ-ਲੜਕੇ ਦੇ ਮੁੰਦਰੀ (ਰਿੰਗ) ਪਹਿਨਾ ਦਿੰਦੀ ਹੈ। ਆਮ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਕਿਸੇ ਦੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਹੋ ਗਿਆ ਹੈ। ਸਭ ਕੁਝ ਬੜਾ ਲੁਕੋ ਕੇ ਰੱਖਿਆ ਜਾਂਦਾ ਹੈ। ਅਜਿਹੇ ਲੁਕ-ਛਿਪ ਕੇ ਕੀਤੇ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਲੜਕੇ-ਲੜਕੇ ਵੱਲੋਂ ਆਪਣੇ ਕਿਰਦਾਰ ਨੂੰ ਸਾਫ਼-ਸੁਥਰਾ ਬਣਾ ਕੇ ਰੱਖਣ ਲਈ ਕਿਸੇ ਮਰਿਆਦਾ ’ਚ ਰਹਿਣ ਦੀ ਲੋੜ ਨਹੀਂ ਸਮਝੀ ਜਾਂਦੀ ਸਗੋਂ ਮੰਗੇਤਰ ਜੋੜੇ ਦਰਮਿਆਨ ਫੋਨ ਵਾਰਤਾ ਤੇ ਮਿਲਣ-ਗਿਲਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਇਸੇ ਕਰਕੇ ਅਜੋਕੇ ਰਿਸ਼ਤੇ ਬਹੁਤ ਸਾਰੀਆਂ ਜ਼ਰੂਰੀ ਸਮਾਜਿਕ ਕਦਰਾਂ ਕੀਮਤਾਂ ਤੇ ਜ਼ਿੰਮੇਵਾਰੀਆਂ ’ਚ ਕਦੇ ਵੀ ਬੱਝਦੇ ਨਜ਼ਰ ਨਹੀਂ ਆਉਂਦੇ ਅਤੇ ਥੋੜ੍ਹੇ ਜਿਹੇ ਤਕਰਾਰ ਨਾਲ ਹੀ ਤਲਾਕ ਤੱਕ ਗੱਲ ਜਾ ਪਹੁੰਚਦੀ ਹੈ। ਜਦੋਂ ਕਿ ਅੱਜ ਤੋਂ ਢਾਈ-ਤਿੰਨ ਦਹਾਕੇ ਪਹਿਲਾਂ ਨਵੇਂ ਜੁੜਨ ਵਾਲੇ ਰਿਸ਼ਤਿਆਂ ਲਈ ਕੀਤੀਆਂ ਜਾਂਦੀਆਂ ਰਸਮਾਂ ਦੇ ਆਪਣੇ ਮਹੱਤਵ ਹੁੰਦੇ ਸਨ। ਜੋ ਨੌਜਵਾਨਾਂ ਤੇ ਮੁਟਿਆਰਾਂ ਨੂੰ ਕਬੀਲਦਾਰ ਬਣਨ ਲਈ ਸਿਖਲਾਈ ਦਾ ਕੰਮ ਕਰਦੇ ਸਨ। ਲੋੜ ਹੈ ਪਹਿਲਾ ਵਾਂਗ ਹੀ ਗੱਜ-ਵੱਜ ਕੇ ਖ਼ਰਚਾਂ ਰਹਿਤ ਦੇ ਸਮਾਜਿਕ ਜ਼ਿੰਮੇਵਾਰੀਆਂ ਦੀ ਮਹਿਕ ਵੰਡਣ ਵਾਲੀਆਂ ਰਸਮਾਂ ਨੂੰ ਮੁੜ ਸੁਰਜੀਤ ਕਰੀਏ।

Advertisement

ਸੰਪਰਕ: 97795-90575

Advertisement
Author Image

sukhwinder singh

View all posts

Advertisement
Advertisement
×