For the best experience, open
https://m.punjabitribuneonline.com
on your mobile browser.
Advertisement

ਹਾੜ੍ਹੀ ਦੇ ਹਰੇ-ਚਾਰਿਆਂ ਦੀ ਬਿਜਾਈ

12:09 PM Oct 19, 2024 IST
ਹਾੜ੍ਹੀ ਦੇ ਹਰੇ ਚਾਰਿਆਂ ਦੀ ਬਿਜਾਈ
Advertisement

ਡਾ. ਰਣਜੀਤ ਸਿੰਘ
ਮਸ਼ੀਨੀ ਖੇਤੀ ਦੇ ਆਉਣ ਨਾਲ ਪੰਜਾਬ ਵਿੱਚ ਪਸ਼ੂਆਂ ਦੀ ਮਹੱਤਤਾ ਘਟ ਗਈ ਹੈ। ਖੇਤੀ ਵਿੱਚ ਜਿਸਮਾਨੀ ਤਾਕਤ ਦੀ ਲੋੜ ਵੀ ਬਹੁਤੀ ਨਹੀਂ ਰਹੀ। ਇੱਥੇ ਵੱਡੀਆਂ ਕੰਪਨੀਆਂ ਨੇ ਆਪਣੇ ਉਤਪਾਦ ਵੇਚਣੇ ਸਨ ਜਿਸ ਕਰ ਕੇ ਦੁੱਧ ਤੇ ਘਿਉ ਖ਼ਿਲਾਫ਼ ਮੁਹਿੰਮ ਸ਼ੁਰੂ ਹੋ ਗਈ। ਅਜਿਹਾ ਪ੍ਰਚਾਰ ਕੀਤਾ ਗਿਆ ਕਿ ਦੁੱਧ ਅਤੇ ਘਿਉ ਸਰੀਰ ਵਿੱਚ ਕੋਲੈਸਟਰੋਲ ਦਾ ਵਾਧਾ ਕਰਦਾ ਹੈ ਜਿਸ ਨਾਲ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਇੰਜ ਲੋਕਾਂ ਨੇ ਦੇਸੀ ਘਿਉ ਅਤੇ ਦੁੱਧ ਦੀ ਵਰਤੋਂ ਘੱਟ ਕਰ ਦਿੱਤੀ ਤੇ ਚਾਹ ਪ੍ਰਧਾਨ ਬਣ ਗਈ। ਲੋਕਾਂ ਨੇ ਲਵੇਰੇ ਪਾਲਣੇ ਹੀ ਬੰਦ ਕਰ ਦਿੱਤੇ ਹਨ। ਕਦੇ ਸਮਾਂ ਸੀ ਜਦੋਂ ਘਰ ਵਿਚ ਚਾਹ ਦੀ ਵਰਤੋਂ ਨੂੰ ਭੈੜਾ ਮੰਨਿਆ ਜਾਂਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਪੰਜਾਬੀਆਂ ਦੇ ਸਰੀਰ ਵਿੱਚ ਲੋੜੀਂਦੇ ਜ਼ੂਰਰੀ ਤੱਤਾਂ ਦੀ ਘਾਟ ਹੋਣ ਲੱਗ ਪਈ। ਸਾਰੇ ਦੇਸ਼ ਵਿੱਚ ਵਧੀਆ ਖ਼ੁਰਾਕ ਕਾਰਨ ਤਕੜੇ ਮੰਨੇ ਜਾਂਦੇ ਪੰਜਾਬੀ ਵੀ ਕੁਪੋਸ਼ਣ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਇਸ ਨੂੰ ਦੂਰ ਕਰਨ ਲਈ ਲਵੇਰੇ ਪਾਲਣੇ ਸ਼ੁਰੂ ਕਰੀਏ। ਸਵੇਰੇ ਚਾਹ ਦੀ ਥਾਂ ਲੱਸੀ ਤੇ ਮੱਖਣ ਦੀ ਵਰਤੋਂ ਕਰੀਏ ਅਤੇ ਸੌਣ ਤੋਂ ਪਹਿਲਾਂ ਦੁੱਧ ਦਾ ਗਿਲਾਸ ਜ਼ਰੂਰ ਪੀਈਏ। ਇੰਝ ਸ਼ਰਾਬ ਤੇ ਦੂਜੇ ਨਸ਼ਿਆਂ ਤੋਂ ਵੀ ਛੁਟਕਾਰਾ ਹੋ ਜਾਵੇਗਾ। ਦੁਧਾਰੂਆਂ ਤੋਂ ਪੂਰਾ ਦੁੱਧ ਪ੍ਰਾਪਤ ਕਰਨ ਲਈ ਹਰੇ-ਚਾਰੇ ਦੀ ਵਿਸ਼ੇਸ਼ ਮਹੱਤਤਾ ਹੈ।
ਪੰਜਾਬ ਵਿੱਚ ਵਾਹੀ ਹੇਠ ਲਗਪਗ ਸਾਰੀ ਧਰਤੀ ਹੀ ਸੇਂਜੂ ਹੈ। ਇੱਥੇ ਮੌਸਮ ਵੀ ਸਾਰੇ ਹੀ ਆਉਂਦੇ ਹਨ। ਇਸੇ ਕਰ ਕੇ ਇੱਥੇ ਸਾਰਾ ਸਾਲ ਹਰੇ-ਚਾਰਿਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸੇ ਕਰ ਕੇ ਪੰਜਾਬ ਦੇ ਦੁਧਾਰੂ ਪਸ਼ੂ ਦੂਜੇ ਸੂਬਿਆਂ ਦੇ ਮੁਕਾਬਲੇ ਵੱਧ ਦੁੱਧ ਦਿੰਦੇ ਹਨ। ਪੰਜਾਬ ਵਿੱਚ ਦੇਸ਼ ਦੇ ਦੁਧਾਰੂ ਪਸ਼ੂਆਂ ਦਾ ਦੋ ਫ਼ੀਸਦੀ ਹੈ ਪਰ ਦੇਸ਼ ਦੇ ਸਾਰੇ ਦੁੱਧ ਦੀ ਪੈਦਾਵਾਰ ਦਾ 8 ਫ਼ੀਸਦੀ ਇੱਥੇ ਹੁੰਦਾ ਹੈ। ਇਹ ਵੀ ਦੇਖਣ ਵਿਚ ਆਇਆ ਕਿ ਸਿੰਜਾਈ ਸਹੂਲਤਾਂ ਹੋਣ ਦੇ ਬਾਵਜੂਦ ਹਰੇ-ਚਾਰੇ ਦੀ ਪੈਦਾਵਾਰ ਲੋੜ ਤੋਂ ਘੱਟ ਹੈ। ਪੰਜਾਬ ਵਿੱਚ ਹਰੇ-ਚਾਰੇ ਹੇਠ ਰਕਬੇ ਵਿੱਚ ਵਾਧੇ ਦੀ ਲੋੜ ਹੈ ਤਾਂ ਜੋ ਪੈਦਾਵਾਰ ਵਿਚ ਵਾਧਾ ਹੋ ਸਕੇ। ਸਰਦੀਆਂ ਦਾ ਮੁੱਖ ਚਾਰਾ ਬਰਸੀਮ ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰ ਅਤੇ ਅਕਤੂਬਰ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਕਰੀਬ ਦੋ ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕੀਤੀ ਜਾਂਦੀ ਹੈ।
ਜੇ ਨਵੇਂ ਖੇਤ ਵਿੱਚ ਬਿਜਾਈ ਕਰਨੀ ਹੈ ਤਾਂ ਬੀਜ ਨੂੰ ਟੀਕਾ ਜ਼ਰੂਰ ਲਗਾਇਆ ਜਾਵੇ। ਪੰਜਾਬ ਵਿੱਚ ਕਾਸ਼ਤ ਲਈ ਬੀਐਲ-42, ਬੀਐਲ-43, ਬੀਐਲ-10 ਤੇ ਬੀਐਲ-44 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਲਈ 10 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਕੀਤੀ ਜਾਵੇ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਵੋ, ਮੁੜ ਖੜ੍ਹੇ ਪਾਣੀ ਵਿੱਚ ਬੀਜ ਦਾ ਛੱਟਾ ਮਾਰ ਦਿੱਤਾ ਜਾਵੇ। ਬਿਜਾਈ ਉਦੋਂ ਕਰੋਂ ਜਦੋਂ ਮੌਸਮ ਸ਼ਾਂਤ ਹੋਵੇ। ਬੀਜ ਨੂੰ ਕਾਸ਼ਨੀ ਰਹਿਤ ਕਰਨ ਲਈ ਪਾਣੀ ਵਿੱਚ ਡੋਬੋ, ਕਾਸ਼ਨੀ ਦੇ ਬੀਜ ਉੱਪਰ ਤਰ ਜਾਣਗੇ, ਇਨ੍ਹਾਂ ਨੂੰ ਕੱਢ ਦੇਵੋ। ਪਹਿਲਾ ਲੌਅ ਭਰਵਾਂ ਲੈਣ ਲਈ 750 ਗ੍ਰਾਮ ਸਰ੍ਹੋਂ ਪ੍ਰਤੀ ਏਕੜ ਪਾ ਦੇਵੋ। ਬਰਸੀਮ ਨਵੰਬਰ ਤੋਂ ਲੈ ਕੇ ਜੂਨ ਤਕ ਵਧੀਆ ਚਾਰਾ ਦਿੰਦੀ ਹੈ। ਪਹਿਲੀ ਕਟਾਈ ਬਿਜਾਈ ਤੋਂ ਕਰੀਬ 50 ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। ਬਰਸੀਮ ਵਰਗਾ ਹੀ ਇਕ ਹੋਰ ਚਾਰਾ ਸਫ਼ਤਲ (ਛਟਾਲਾ) ਹੈ। ਇਸ ਦੀ ਬਿਜਾਈ ਵੀ ਬਰਸੀਮ ਵਾਂਗ ਹੀ ਕੀਤੀ ਜਾਂਦੀ ਹੈ। ਸਫਤਲ-69 ਸਿਫ਼ਾਰਸ਼ ਕੀਤੀ ਕਿਸਮ ਹੈ। ਪ੍ਰੋਟੀਨ ਵੱਧ ਹੋਣ ਕਰ ਕੇ ਸਫ਼ਤਲ ਡੰਗਰਾਂ ਨੂੰ ਨਿਰੋਲ ਨਹੀਂ ਪਾਉਣਾ ਚਾਹੀਦਾ ਸਗੋਂ ਤੂੜੀ ਵਿਚ ਰਲਾ ਕੇ ਪਾਇਆ ਜਾਵੇ। ਲੂਸਣ ਵੀ ਇਸੇ ਤਰ੍ਹਾਂ ਦਾ ਇਕ ਹੋਰ ਚਾਰਾ ਹੈ। ਇਸ ਦੀ ਬਿਜਾਈ ਅਕਤੂਬਰ ਵਿੱਚ ਕੀਤੀ ਜਾਵੇ। ਇਕ ਏਕੜ ਵਿੱਚ ਸੱਤ ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਿਜਾਈ ਪੋਰ ਜਾਂ ਡਰਿੱਲ ਨਾਲ ਕਰੋ। ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਬੀਜਣਾ ਚਾਹੀਦਾ ਹੈ। ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਦੇਵੋ। ਵੱਤਰ ਆਉਣ ’ਤੇ ਇਕ ਗੋਡੀ ਕਰ ਦੇਣੀ ਚਾਹੀਦੀ ਹੈ। ਇਸ ਦੀ ਪਹਿਲੀ ਕਟਾਈ ਕਰੀਬ 75 ਦਿਨਾਂ ਪਿੱਛੋਂ ਲਈ ਜਾ ਸਕਦੀ ਹੈ। ਐਲਐਲ ਕੰਪਾਜ਼ਿਟ-5 ਕਿਸਮ ਦੀ ਬਿਜਾਈ ਕਰੋ। ਜਵੀਂ ਇਕ ਹੋਰ ਹਾੜ੍ਹੀ ਦਾ ਵਧੀਆ ਚਾਰਾ ਹੈ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਅੱਧ ਵਿੱਚ ਕੀਤੀ ਜਾ ਸਕਦੀ ਹੈ। ਓਐਲ-17, ਓਐਲ-16, ਓਐਲ-15, ਓਐਲ-14, ਓਐਲ-13, ਓਐਲ-10, ਓਐਲ-11 ਅਤੇ ਕੈਂਟ ਉਨਤ ਕਿਸਮਾਂ ਹਨ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਪੋਰੇ ਨਾਲ ਬਿਜਾਈ ਕੀਤੀ ਜਾਵੇ। ਇਕ ਏਕੜ ਲਈ 25 ਕਿਲੋ ਬੀਜ ਚਾਹੀਦਾ ਹੈ। ਸਿਆੜਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖਿਆ ਜਾਵੇ। ਬਿਜਾਈ ਸਮੇਂ 33 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਏ ਜਾਣ। ਕਈ ਕਟਾਈਆਂ ਦੇਣ ਵਾਲਾ ਇਕ ਹੋਰ ਵਧੀਆ ਚਾਰਾ ਰਾਈ ਘਾਹ ਹੈ, ਜਿਸ ਦੀ ਬਿਜਾਈ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਈ ਘਾਹ-2 ਅਤੇ ਰਾਈ ਘਾਹ-1 ਉੱਨਤ ਕਿਸਮਾਂ ਹਨ। ਇਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ। ਇਸ ਦਾ ਬੀਜ ਬਾਰੀਕ ਹੁੰਦਾ ਹੈ, ਇਸ ਕਰ ਕੇ ਗਿੱਲੀ ਮਿੱਟੀ ਵਿੱਚ ਰਲਾ ਕੇ ਛੱਟੇ ਨਾਲ ਬੀਜਿਆ ਜਾਵੇ। ਛਾਪਾ ਫੇਰ ਕੇ ਪਾਣੀ ਲਗਾ ਦਿੱਤਾ ਜਾਵੇ। ਖੇਤ ਤਿਆਰ ਕਰਦੇ ਸਮੇਂ 15 ਕੁ ਟਨ ਰੂੜੀ ਪਾਈ ਜਾਵੇ। ਬਿਜਾਈ ਸਮੇਂ 33 ਕਿਲੋ ਯੂਰੀਆ ਪਾਵੋ। ਇੰਨਾ ਹੀ ਯੂਰੀਆ ਇਕ ਮਹੀਨੇ ਪਿੱਛੋਂ ਹੋਰ ਪਾਵੋ। ਪਹਿਲੀ ਕਟਾਈ 55 ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। ਇਕ ਏਕੜ ’ਚੋਂ 300 ਕੁਇੰਟਲ ਤੋਂ ਵੱਧ ਚਾਰਾ ਪ੍ਰਾਪਤ ਹੋ ਜਾਂਦਾ ਹੈ। ਸੇਂਜੀ ਇਕ ਹੋਰ ਵਧੀਆ ਚਾਰਾ ਹੈ। ਇਸ ਦੀ ਬਿਜਾਈ ਕਪਾਹ ਅਤੇ ਮੱਕੀ ਦੀ ਖੜ੍ਹੀ ਫ਼ਸਲ ਵਿਚ ਵੀ ਛੱਟੇ ਨਾਲ ਕੀਤੀ ਜਾ ਸਕਦੀ ਹੈ। ਸੇਂਜੀ ਸਫੈਦ-76 ਅਤੇ ਵਾਈਐੱਸਐੱਲ-106 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਵਾਈਐੱਸਐੱਲ-106 ਨੂੰ ਅਕਤੂਬਰ ਵਿੱਚ ਬੀਜਣਾ ਚਾਹੀਦਾ ਹੈ। ਇਕ ਏਕੜ ਲਈ 15 ਕਿਲੋ ਛਿਲਕੇ ਵਾਲਾ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਡੰਡੇ ਨਾਲ ਕੁੱਟ ਲਿਆ ਜਾਵੇ ਤਾਂ ਜੋ ਛਿਲਕਾ ਅੱਡ ਹੋ ਸਕੇ। ਬਰਸੀਮ ਦੀ ਬਿਜਾਈ ਤਾਂ ਲਾਗਲੇ ਸ਼ਹਿਰਾਂ ਵਿੱਚ ਚਾਰਾ ਵੇਚਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਘਰ ਦੇ ਖ਼ਰਚੇ ਲਈ ਪੈਸੇ ਮਿਲਦੇ ਰਹਿਣਗੇ। ਪੰਜਾਬ ਵਿੱਚ ਬਹੁ-ਗਿਣਤੀ ਛੋਟੇ ਕਿਸਾਨਾਂ ਦੀ ਹੈ। ਉਨ੍ਹਾਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਕੁਝ ਪਸ਼ੂ ਮੱਝਾਂ ਜਾਂ ਗਾਵਾਂ ਜ਼ਰੂਰੀ ਰੱਖਣੀਆਂ ਚਾਹੀਦੀਆਂ ਹਨ। ਪਸ਼ੂ ਹਮੇਸ਼ਾਂ ਚੰਗੀ ਨਸਲ ਦੇ ਅਤੇ ਭਰੋਸੇਯੋਗ ਵਸੀਲੇ ਤੋਂ ਖ਼ਰੀਦੋ। ਜੇ ਪਸ਼ੂਆਂ ਦੀ ਠੀਕ ਦੇਖ-ਭਾਲ ਕੀਤੀ ਜਾਵੇ ਤਾਂ ਪੂਰਾ ਦੁੱਧ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਵਿਚ ਹਰੇ ਚਾਰੇ ਦੀ ਵਿਸ਼ੇਸ਼ ਮਹੱਤਤਾ ਹੈ। ਜਵੀਂ ਦੀ ਕਾਸ਼ਤ ਦਾਣਿਆਂ ਲਈ ਵੀ ਕੀਤੀ ਜਾ ਸਕਦੀ ਹੈ। ਓਐਲ-15 ਕਿਸਮ ਤੋਂ 11 ਕੁੁਇੰਟਲ ਤੱਕ ਦਾਣੇ ਪ੍ਰਾਪਤ ਹੋ ਜਾਂਦੇ ਹਨ।

Advertisement

Advertisement
Advertisement
Author Image

Advertisement