For the best experience, open
https://m.punjabitribuneonline.com
on your mobile browser.
Advertisement

ਰੁੱਖ ਲਗਾਈਏ, ਪੰਜਾਬ ਬਚਾਈਏ

08:56 AM Jul 13, 2024 IST
ਰੁੱਖ ਲਗਾਈਏ  ਪੰਜਾਬ ਬਚਾਈਏ
Advertisement

ਡਾ. ਰਣਜੀਤ ਸਿੰਘ

Advertisement

ਇਸ ਸਾਲ ਪਿਛਲੇ ਸਾਲਾਂ ਨਾਲੋਂ ਵਧ ਗਰਮੀ ਪਈ ਹੈ। ਦਿਨ ਦੇ ਤਾਪਮਾਨ ਵਿੱਚ ਵਾਧਾ ਧਰਤੀ ’ਤੇ ਜੀਵਨ ਲਈ ਖ਼ਤਰਾ ਬਣ ਰਿਹਾ ਹੈ। ਆਲਮੀ ਤਪਸ਼ ਵਿੱਚ ਹੋ ਰਹੇ ਵਾਧੇ ਲਈ ਅਸੀਂ ਆਪ ਜ਼ਿੰਮੇਵਾਰ ਹਾਂ। ਕਦੇ ਸਮਾਂ ਸੀ ਜਦੋਂ ਜੇਠ ਮਹੀਨੇ ਸਿਖਰ ਦੁਪਹਿਰੇ ਕਣਕ ਦੀ ਗਹਾਈ ਕੀਤੀ ਜਾਂਦੀ ਸੀ। ਸਾਡਾ ਸਕੂਲ ਪਿੰਡੋਂ ਕੋਈ ਚਾਰ ਕਿਲੋਮੀਟਰ ਦੂਰ ਸੀ, ਦੁਪਹਿਰੇ ਛੁੱਟੀ ਪਿੱਛੋਂ ਪੈਦਲ ਹੀ ਘਰ ਆਈਦਾ ਸੀ ਪਰ ਹੁਣ ਦੁਪਹਿਰੇ ਘਰੋਂ ਬਾਹਰ ਪੈਰ ਪਾਉਣ ਦਾ ਹੌਸਲਾ ਨਹੀਂ ਪੈਂਦਾ। ਇੰਝ ਜਾਪਦਾ ਹੈ ਜਿਵੇਂ ਬਾਹਰ ਅੱਗ ਵਰਸ ਰਹੀ ਹੋਏ।
ਇਸ ਬਦਲਦੀ ਸਥਿਤੀ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਅਸੀਂ ਬੇਰਹਿਮੀ ਨਾਲ ਰੁੱਖਾਂ ਦੀ ਕਟਾਈ ਕੀਤੀ ਹੈ। ਕਦੇ ਸਮਾਂ ਸੀ ਜਦੋਂ ਹਰੇਕ ਪਿੰਡ ਦੀ ਆਪਣੀ ਝਿੜੀ ਹੁੰਦੀ ਸੀ। ਬਾਗ਼ ਬਗੀਚੇ ਆਮ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਆਮ ਕਰਕੇ ਰੁੱਖਾਂ ਹੇਠ ਹੀ ਕੱਟਦੇ ਸਨ, ਪਰ ਮੁਰੱਬੇਬੰਦੀ ਪਿੱਛੋਂ ਕਿਸਾਨਾਂ ਨੇ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕੀਤੀ ਹੈ। ਸਿੰਚਾਈ ਸਹੂਲਤਾਂ ਵਿੱਚ ਹੋਏ ਵਾਧੇ ਕਾਰਨ ਵੱਧ ਤੋਂ ਵੱਧ ਧਰਤੀ ਨੂੰ ਵਾਹੀ ਹੇਠ ਲਿਆਉਣ ਦੇ ਲਾਲਚ ਵਿੱਚ ਰੁੱਖਾਂ ਦੀ ਕਟਾਈ ਕੀਤੀ ਗਈ। ਦੁਆਬੇ ਵਿੱਚ ਅੰਬਾਂ ਦੇ ਬਗੀਚੇ ਆਮ ਸਨ। ਹਰੇਕ ਕਿਸਾਨ ਦੇ ਖੂਹ ’ਤੇ ਵੀ ਦੋ ਚਾਰ ਰੁੱਖ ਹੁੰਦੇ ਸਨ। ਸਾਡੇ ਪਿੰਡਾਂ ਵਿੱਚ ਤਾਂ ਢੱਕ ਦੇ ਜੰਗਲ ਹੁੰਦੇ ਹਨ। ਦੁਪਹਿਰ ਵੇਲੇ ਢੱਕ ਦੇ ਲਾਲ ਰੰਗ ਦੇ ਫੁੱਲ ਇੰਝ ਜਾਪਦੇ ਸਨ ਜਿਵੇਂ ਅੱਗ ਲੱਗੀ ਹੋਵੇ।
ਪੰਜਾਹ ਸਾਲ ਪਹਿਲਾਂ ਫਰਿੱਜ ਅਤੇ ਏਸੀ ਨਹੀਂ ਸਨ। ਕਾਰਾਂ, ਮੋਟਰ ਸਾਈਕਲ ਜਾਂ ਸਕੂਟਰ ਵੀ ਵਿਰਲੇ ਟਾਵੇਂ ਹੀ ਸਨ। ਹੁਣ ਪੰਜਾਬ ਦੇ ਬਹੁਤੇ ਘਰਾਂ, ਦਫ਼ਤਰਾਂ, ਦੁਕਾਨਾਂ ਆਦਿ ਵਿੱਚ ਏਸੀ ਲੱਗ ਗਏ ਹਨ। ਫਰਿੱਜ ਵੀ ਲਗਭਗ ਹਰੇਕ ਘਰ ਵਿੱਚ ਹੈ। ਵਾਹਨ ਵੀ ਹਰੇਕ ਘਰ ਵਿੱਚ ਹੀ ਹੈ। ਇਨ੍ਹਾਂ ਵਿੱਚੋਂ ਨਿਕਲਦੀਆਂ ਗੈਸਾਂ ਤਪਸ਼ ਵਿੱਚ ਵਾਧਾ ਕਰਦੀਆਂ ਹਨ। ਪੰਜਾਬ ਦਾ ਵਾਤਾਵਰਨ ਬੜੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਇੱਕ ਮੁੱਖ ਕਾਰਨ ਪੰਜਾਬ ਵਿੱਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ’ਤੇ ਮਾਣ ਸੀ। ਰੁੱਖ ਤਾਂ ਉੱਥੇ ਹੀ ਹੁੰਦੇ ਹਨ ਜਿੱਥੇ ਪਾਣੀ ਹੋਵੇ। ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ। ਇਸ ਕਰਕੇ ਇੱਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਪੰਜਾਬ ਨੂੰ ਪੀਰਾਂ, ਭਗਤਾਂ ਤੇ ਗੁਰੂ ਸਾਹਿਬਾਨ ਦੀ ਧਰਤੀ ਆਖਿਆ ਜਾਂਦਾ ਹੈ। ਇੱਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾ। ਭਾਰਤ ਦੇ ਸਭ ਤੋਂ ਪਵਿੱਤਰ ਮੰਨੇ ਗਏ ਚਾਰ ਗ੍ਰੰਥਾਂ ਦੀ ਰਚਨਾ ਪੰਜਾਬ ਵਿੱਚ ਰੁੱਖਾਂ ਹੇਠ ਬੈਠ ਕੀਤੀ ਗਈ। ਮਹਾਂਰਿਸ਼ੀ ਬਾਲਮੀਕ ਨੇ ਰਾਮਾਇਣ ਦੀ ਰਚਨਾ ਵੀ ਅੰਮ੍ਰਿਤਸਰ ਨੇੜੇ ਆਪਣੀ ਬਾਟਿਕਾ ਵਿੱਚ ਹੀ ਕੀਤੀ ਸੀ। ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੁਰੂਕਸ਼ੇਤਰ ਨੇੜੇ ਜਿਯੋਤੀਸਰ ਵਿਖੇ ਇੱਕ ਰੁੱਖ ਹੇਠ ਹੀ ਬੈਠ ਕੇ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਲਿਖਾਈ ਰਾਮਸਰ ਸਾਹਿਬ ਵਿਖੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਅੰਮ੍ਰਿਤਸਰ ਵਿਖੇ ਹੀ ਪਵਿੱਤਰ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਸਾਹਿਬਾਨ ਨੇ ਰੁੱਖਾਂ ਹੇਠ ਬੈਠ ਕੇ ਹੀ ਕਰਵਾਈ ਸੀ।
ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖ਼ਸ਼ੀ ਹੈ। ਬਹੁਤ ਸਾਰੇ ਗੁਰੂ ਘਰ ਰੁੱਖਾਂ ਦੇ ਨਾਮ ਉੱਤੇ ਹਨ ਜਿਵੇਂ ਕਿ ਅੰਬ ਸਾਹਿਬ, ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ। ਸਾਰੇ ਗੁਰੂ ਸਾਹਿਬਾਨ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਹ ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਬਸਤੀ ਦੇ ਬਾਹਰ ਕਿਸੇ ਰੁੱਖ ਹੇਠ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ’ਤੇ ਬਾਣੀ ਦਾ ਉਚਾਰਨ ਕਰਦੇ ਸਨ। ਦੂਜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਰੁੱਖਾਂ ਹੇਠ ਸਕੂਲ ਖੋਲ੍ਹੇ ਤੇ ਲੋਕਾਈ ਲਈ ਵਿੱਦਿਆ ਦੇ ਦਰਵਾਜ਼ੇ ਖੋਲ੍ਹੇ ਸਨ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ 12 ਵਰ੍ਹੇ ਆਪਣੇ ਮੁਰਸ਼ਦ ਦੀ ਤਨ ਤੇ ਮਨ ਨਾਲ ਸੇਵਾ ਕੀਤੀ। ਉਹ ਖਡੂਰ ਸਾਹਿਬ ਵਿੱਚ ਭਗਤੀ ਅਤੇ ਆਰਾਮ ਇੱਕ ਰੁੱਖ ਹੇਠ ਹੀ ਕਰਦੇ ਸਨ। ਇਹ ਪਵਿੱਤਰ ਰੁੱਖ ਹੁਣ ਵੀ ਉੱਥੇ ਮੌਜੂਦ ਹੈ।
ਚੌਥੇ ਸਤਿਗੁਰੂ ਸ੍ਰੀ ਰਾਮ ਦਾਸ ਜੀ ਨੇ 28 ਸਾਲ ਆਪਣੇ ਮੁਰਸ਼ਦ ਤੀਜੇ ਗੁਰੂ ਦੀ ਸੇਵਾ ਕੀਤੀ। ਉਹ ਵੀ ਭਗਤੀ ਅਤੇ ਆਰਾਮ ਰੁੱਖਾਂ ਹੇਠ ਹੀ ਕਰਦੇ ਸਨ। ਉਨ੍ਹਾਂ ਨੇ ਜੰਗਲ ਵਿੱਚ ਮੰਗਲ ਕੀਤਾ ਅਤੇ ਅੰਮ੍ਰਿਤਸਰ ਨਗਰ ਵਸਾਇਆ। ਪਵਿੱਤਰ ਸਰੋਵਰ ਦੀ ਕਾਰ ਸੇਵਾ ਵੀ ਗੁਰੂ ਜੀ ਦੁਖਭੰਜਨੀ ਬੇਰੀ ਹੇਠ ਬੈਠ ਕੇ ਹੀ ਕਰਵਾਉਂਦੇ ਸਨ। ਪੰਜਵੇਂ ਪਾਤਸ਼ਾਹ ਨੇ ਵੀ ਇਸੇ ਬੇਰੀ ਹੇਠ ਬੈਠ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਰੁੱਖਾਂ ਹੇਠ ਬੈਠ ਕੇ ਹੀ ਕੀਤੀ। ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਰਮਣੀਕ ਜੰਗਲ ਵਿੱਚ ਡੇਰੇ ਲਗਾਏ ਤੇ ਇੱਕ ਸੁੰਦਰ ਬਗੀਚੀ ਦਾ ਨਿਰਮਾਣ ਕੀਤਾ। ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦਾ ਬਚਪਨ ਇਸੇ ਬਗੀਚੀ ਵਿੱਚ ਬੀਤਿਆ। ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਤਾਂ ਦੁਰਲੱਭ ਜੜ੍ਹੀਆਂ ਬੂਟੀਆਂ ਦਾ ਬਗੀਚਾ ਵੀ ਬਣਾਇਆ। ਜੰਗਲੀ ਜੀਵ ਜੰਤੂਆਂ ਲਈ ਜੰਗਲ ਦੀ ਰਾਖੀ ਕੀਤੀ। ਇਸੇ ਕਰਕੇ ਉਨ੍ਹਾਂ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਆਖਰੀ ਸਮੇਂ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਇੱਕ ਰੁੱਖ ਹੇਠ ਬੈਠ ਹੀ ਸਰੀਰ ਤਿਆਗਿਆ ਸੀ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੰਗਲ ਵਿੱਚ ਹੀ ਅਨੰਦਪੁਰ ਨਗਰ ਵਸਾ ਕੇ ਉੱਥੇ ਡੇਰੇ ਲਗਾਏ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਬਾਣੀ ਦੀ ਰਚਨਾ, ਭਵਿੱਖੀ ਨੀਤੀ ਦੀ ਤਿਆਰੀ ਜੰਗਲ ਵਿੱਚ ਬੈਠ ਕੇ ਹੀ ਕੀਤੀ ਸੀ। ਉਨ੍ਹਾਂ ਦਾ ਪਹਿਲਾ ਚਿੰਤਨ ਕੈਂਪ ਜਮਨਾ ਦੇ ਕੰਢੇ ਜੰਗਲ ਵਿੱਚ ਲੱਗਿਆ ਸੀ। ਇੱਕ ਪਾਸੇ ਉੱਚਾ ਪਹਾੜ ਤੇ ਦੂਜੇ ਪਾਸੇ ਸੰਘਣਾ ਜੰਗਲ। ਇੱਥੇ ਜਮਨਾ ਬਿਲਕੁਲ ਸ਼ਾਂਤ ਵਗਦੀ ਹੈ। ਇਸ ਪਵਿੱਤਰ ਸਥਾਨ ਨੂੰ ਹੁਣ ਪਾਉਂਟਾ ਸਾਹਿਬ ਆਖਿਆ ਜਾਂਦਾ ਹੈ ਭਾਵ ਚਰਨਾਂ ਦੀ ਛੋਹ। ਗੁਰੂ ਜੀ ਨੇ ਦੂਜਾ ਪੜਾਅ ਤਲਵੰਡੀ ਸਾਬੋ (ਹੁਣ ਦਮਦਮਾ ਸਾਹਿਬ) ਵਿਖੇ ਇੱਕ ਝਿੜੀ ਵਿੱਚ ਹੀ ਕੀਤਾ ਸੀ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਸਤਿਗੁਰੂ ਦੀ ਬਾਣੀ ਨੂੰ ਦਰਜ ਕਰਕੇ ਸੰਪੂਰਨਤਾ ਦੀ ਬਖ਼ਸ਼ਿਸ਼ ਕੀਤੀ ਸੀ।
ਬਹੁਤ ਸਾਲ ਜੰਗਲ ਹੀ ਸਿੱਖਾਂ ਦੇ ਘਰ ਰਹੇ ਹਨ। ਪੰਜਾਬੀ ਤਾਂ ਰੁੱਖਾਂ ਦੀ ਪੂਜਾ ਕਰਦੇ ਹਨ। ਹਰ ਪਿੰਡ ਵਿੱਚ ਰੁੱਖਾਂ ਦੀ ਝਿੜੀ ਹੁੰਦੀ ਸੀ। ਕਿਸਾਨਾਂ ਦੇ ਖੇਤਾਂ ਅਤੇ ਰਾਹਾਂ ’ਤੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਰੁੱਖਾਂ ਹੇਠ ਹੀ ਕੱਟਦੇ ਸਨ। ਰੁੱਖਾਂ ਦੀ ਪਹਿਲੀ ਕਟਾਈ ਮੁਰੱਬੇਬੰਦੀ ਸਮੇਂ ਹੋਈ। ਜ਼ਮੀਨ ਦੀ ਅਦਲਾ ਬਦਲੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖ ਵੱਢ ਲਏ। ਜਿਹੜੇ ਥੋੜ੍ਹੇ ਬਹੁਤੇ ਰੁੱਖ ਸਨ ਉਹ ਸੰਘਣੀ ਖੇਤੀ ਕਾਰਨ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਵੱਢੇ ਗਏ। ਸੜਕਾਂ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਚੱਲੀ ਸੀ। ਬਹੁਤੀਆਂ ਸੜਕਾਂ ਰੁੱਖਾਂ ਦੇ ਵੱਡੇ ਹੋਣ ਨਾਲ ਠੰਢੀਆਂ ਸੜਕਾਂ ਬਣ ਗਈਆਂ ਸਨ ਪਰ ਹੁਣ ਇਨ੍ਹਾਂ ਸੜਕਾਂ ਨੂੰ ਚੌੜਿਆਂ ਕਰਨ ਦੇ ਪ੍ਰੋਗਰਾਮ ਅਧੀਨ ਲਗਭਗ ਸਾਰੇ ਹੀ ਰੁੱਖ ਵੱਢੇ ਗਏ ਹਨ। ਸੜਕਾਂ ਇੰਨੀਆਂ ਚੌੜੀਆਂ ਹੋ ਗਈਆਂ ਹਨ ਕਿ ਨਵੇਂ ਰੁੱਖ ਲਗਾਉਣ ਲਈ ਥਾਂ ਹੀ ਨਹੀਂ ਰਹੀ।
ਪੰਜਾਬ ਵਿੱਚ ਹਰੇਕ ਵਰ੍ਹੇ ਲੱਖਾਂ ਪੌਦੇ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੀ ਦੇਖ ਰੇਖ ਦੀ ਅਣਗਹਿਲੀ ਕਾਰਨ ਇਹ ਆਮ ਕਰਕੇ ਮਰ ਜਾਂਦੇ ਹਨ। ਪੰਜਾਬ ਵਿੱਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਵਾਤਾਵਰਨ ਦੀ ਸਫ਼ਾਈ ਰੁੱਖ ਹੀ ਕਰਦੇ ਹਨ, ਉਹ ਹੁਣ ਨਹੀਂ ਹੋ ਰਹੀ। ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਜੁਗਾਦ ਤੋਂ ਹੀ ਰਿਹਾ ਹੈ। ਪਹਿਲਾਂ ਤਾਂ ਮਨੁੱਖ ਦਾ ਠਿਕਾਣਾ ਹੀ ਰੁੱਖਾਂ ਹੇਠ ਸੀ। ਹਰੇਕ ਘਰ ਦੇ ਵਿਹੜੇ ਰੁੱਖ ਜ਼ਰੂਰ ਹੁੰਦਾ ਸੀ। ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰੇਕ ਕਿਸਾਨ ਦੇ ਖੇਤਾਂ ਵਿੱਚ ਕੁਝ ਰੁੱਖ ਜ਼ਰੂਰ ਹੁੰਦੇ ਸਨ। ਹੁਣ ਤਾਂ ਹਰ ਪਾਸੇ ਸੁੰਨਾ ਸੁੰਨਾ ਹੀ ਲੱਗ ਰਿਹਾ ਹੈ।
ਪੰਜਾਬ ਦੇ ਵਾਤਾਵਰਨ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾਬਹਾਰ ਰੁੱਖਾਂ ਦੇ ਬੂਟੇ ਲਗਾਉਣ ਲਈ ਬਹੁਤ ਢੁੱਕਵਾਂ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਹਰੇਕ ਕਿਸਾਨ ਨੂੰ ਇਸ ਵਾਰ ਪੰਜ ਪੌਦਿਆਂ ਦਾ ਟੀਚਾ ਮਿੱਥਣਾ ਚਾਹੀਦਾ ਹੈ। ਉਸ ਨੂੰ ਆਪਣੀ ਬੰਬੀ ’ਤੇ ਜਾਂ ਖੇਤ ਦੇ ਬੰਨਿਆਂ ’ਤੇ ਘੱਟੋ ਘੱਟ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਪੰਜਾਬ ਵਿੱਚ ਲੱਕੜ ਦੀ ਘਾਟ ਹੈ। ਲੱਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ। ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਕੁਝ ਥਾਵੀਂ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਪੰਜਾਬ ਦੇ ਮਹਾਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ। ਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣ। ਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇ। ਰੁੱਖ ਲਗਾਉਣਾ ਵਿਖਾਵਾ ਨਹੀਂ ਬਣਨਾ ਚਾਹੀਦਾ ਸਗੋਂ ਪੂਰੀ ਯੋਜਨਾ ਅਨੁਸਾਰ ਰੁੱਖਾਂ ਦੀ ਚੋਣ ਕਰਕੇ ਸਹੀ ਢੰਗ ਨਾਲ ਉਨ੍ਹਾਂ ਦੇ ਪੌਦਿਆਂ ਨੂੰ ਲਗਾਇਆ ਜਾਵੇ। ਮੁੜ ਬੱਚਿਆਂ ਵਾਂਗ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ। ਪੌਦੇ ਲਗਾਉਣ ਸਮੇਂ ਦੀਆਂ ਤਸਵੀਰਾਂ ਦੀ ਥਾਂ ਵੱਡੇ ਹੋਏ ਰੁੱਖਾਂ ਨਾਲ ਤਸਵੀਰਾਂ ਖਿਚਾਉਣੀਆਂ ਚਾਹੀਦੀਆਂ ਹਨ।
ਕਿਸਾਨਾਂ ਵੱਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿੱਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫ਼ਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘੱਟ ਹੈ। ਰਸਾਇਣਾਂ ਦੀ ਵੀ ਨਾਂਮਾਤਰ ਹੀ ਲੋੜ ਪੈਂਦੀ ਹੈ। ਹੁਣ ਸਫੈਦਾ, ਕਿੱਕਰ, ਪਹਾੜੀ ਕਿੱਕਰ, ਟਾਹਲੀ, ਨਿੰਮ, ਤੂਤ, ਸਾਗਵਾਨ ਅਤੇ ਡੇਕ ਦੇ ਪੌਦੇ ਲਗਾਏ ਜਾ ਸਕਦੇ ਹਨ। ਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਟੇ ਪੁੱਟ ਲਵੋ। ਇੱਕ ਮੀਟਰ ਘੇਰਾ ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਸਫੈਦੇ ਦੇ ਬੂਟੇ ਲਗਾਉਣ ਸਮੇਂ ਲਾਈਨਾਂ ਵਿਚਕਾਰ ਚਾਰ ਅਤੇ ਬੂਟਿਆਂ ਵਿਚਕਾਰ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇ।
ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ’ਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਲਈ 2x2 ਮੀਟਰ ਦਾ ਫਾਸਲਾ ਰੱਖੋ। ਸਾਗਵਾਨ ਦੇ ਬੂਟੇ 2x2 ਮੀਟਰ ’ਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖਾਂ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿੱਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ, ਕੇਵਲ ਰਸਮ ਜਾਂ ਫੋਟੋਗ੍ਰਾਫੀ ਲਈ ਹੀ ਅਜਿਹਾ ਨਾ ਕੀਤਾ ਜਾਵੇ। ਬੇਸ਼ੱਕ ਰੁੱਖਾਂ ਦੇ ਬੂਟੇ ਘੱਟ ਗਿਣਤੀ ਵਿੱਚ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਲੋਹੇ ਦੇ ਗਾਰਡ ਲਗਾਏ ਜਾਣ ਅਤੇ ਸਮੇਂ ਸਿਰ ਪਾਣੀ ਦਿੱਤਾ ਜਾਵੇ। ਇਸ ਤਰ੍ਹਾਂ ਅਸੀਂ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਦੇ ਹਾਂ।

Advertisement

Advertisement
Author Image

joginder kumar

View all posts

Advertisement