For the best experience, open
https://m.punjabitribuneonline.com
on your mobile browser.
Advertisement

ਬੂਟੇ ਲਾਓ ਤੇ ਸੰਭਾਲੋ ਵੀ

06:13 AM Jun 28, 2025 IST
ਬੂਟੇ ਲਾਓ ਤੇ ਸੰਭਾਲੋ ਵੀ
Advertisement

ਡਾ. ਇਕਬਾਲ ਸਿੰਘ ਸਕਰੌਦੀ
ਜਿਉਂ ਹੀ ਜੇਠ ਹਾੜ ਦੇ ਮਹੀਨੇ ਚੜ੍ਹਦੇ ਹਨ, ਸਾਰਾ ਪੰਜਾਬ ਬਲਦੀ ਭੱਠੀ ਵਾਂਗ ਤਪਣ ਲੱਗਦਾ ਹੈ। ਚਾਰੇ ਪਾਸੇ ਲੋਕੀਂ ਤਰਾਹ-ਤਰਾਹ ਕਰਦੇ ਫਿਰਦੇ ਹਨ। ਹਰ ਕੋਈ ਹਾਏ ਗਰਮੀ, ਹਾਏ ਗਰਮੀ ਦੀ ਦੁਹਾਈ ਦਿੰਦਾ ਨਜ਼ਰ ਪੈਂਦਾ ਹੈ। ਬਿਜਲੀ ਦੀ ਖਪਤ ਵਧਣ ਨਾਲ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਨੂੰ ਸਾਰਿਆਂ ਨੂੰ ਵਰ੍ਹਦੀ ਅੱਗ ਅਤੇ ਅੱਗ ਵਰਸਾਉਂਦੀਆਂ ਤੱਤੀਆਂ ਹਵਾਵਾਂ ਤੋਂ ਬਚਣ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ।
ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਕੀ ਕੁਦਰਤ ਖ਼ੁਦ ਹੀ ਇੰਨੀ ਕਹਿਰਵਾਨ ਹੋ ਗਈ ਹੈ ਕਿ ਉਹ ਧਰਤੀ ’ਤੇ ਵਸਦੇ ਮਨੁੱਖਾਂ, ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਪ੍ਰਕਿਰਤੀ ਨੂੰ ਸਾੜਨ ਦੇ ਰਾਹ ਤੁਰ ਪਈ ਹੈ? ਨਹੀਂ, ਅਜਿਹਾ ਬਿਲਕੁਲ ਨਹੀਂ ਹੈ। ਇਹ ਤਾਂ ਕੁਦਰਤ ਦਾ ਸੁਭਾਅ ਹੀ ਨਹੀਂ ਹੈ ਕਿ ਉਹ ਕਰੋਪੀ ਧਾਰਨ ਕਰੇ। ਕੁਦਰਤ ਨੇ ਤਾਂ ਆਪਣੇ ਸਾਰੇ ਵਿਧੀ-ਵਿਧਾਨ ਨੂੰ ਸੋਹਣੇ ਅਤੇ ਮਿਆਰੀ ਨਿਯਮਾਂ ਵਿੱਚ ਬੰਨ੍ਹਿਆ ਹੋਇਆ ਹੈ। ਕੁਦਰਤ ਤਾਂ ਉਦੋਂ ਹੀ ਆਪਣਾ ਵਿਕਰਾਲ ਰੂਪ ਧਾਰਨ ਕਰਦੀ ਹੈ, ਜਦੋਂ ਧਰਤੀ ’ਤੇ ਵਸਦੇ ਮਨੁੱਖ ਆਪਣੀਆਂ ਲਾਲਸੀ ਪ੍ਰਵਿਰਤੀਆਂ ਕਾਰਨ ਕੇਵਲ ਲੈਣ ਦੀ ਹੀ ਆਸ ਰੱਖਦੇ ਹਨ। ਬਦਲੇ ਵਿੱਚ ਧਰਤੀ, ਵਾਤਾਵਰਨ ਅਤੇ ਸਮਾਜ ਨੂੰ ਕੁਝ ਦੇਣ ਦੀ ਲੋੜ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੰਦੇ ਹਨ। ਸੱਚ ਤਾਂ ਇਹ ਹੈ ਕਿ ਸਮਾਜ ਵਿੱਚ ਰਹਿੰਦੇ ਮਨੁੱਖ ਇੰਨੇ ਬੇਕਿਰਕ, ਬੇਰਹਿਮ, ਅਸੰਵੇਦਨਸ਼ੀਲ ਹੋ ਗਏ ਹਨ ਕਿ ਹੁਣ ਉਹ ਕੇਵਲ ਲੈਣ ਦੀ ਲਾਲਚੀ ਪ੍ਰਵਿਰਤੀ ਦੇ ਧਾਰਨੀ ਬਣ ਬੈਠੇ ਹਨ। ਧਰਤੀ ’ਤੇ ਵਧਦੀ ਤਪਸ਼ ਦਾ ਵਰਤਾਰਾ ਕੋਈ ਇਕਦਮ ਨਹੀਂ ਵਾਪਰਿਆ। ਸਗੋਂ ਪੰਜ ਦਰਿਆਵਾਂ ਦੀ ਹਰੀ ਭਰੀ ਪੰਜਾਬ ਦੀ ਇਸ ਸੋਹਣੀ ਸੁਨੱਖੀ ਅਤੇ ਪਿਆਰੀ ਧਰਤੀ ਨੂੰ ਅੱਗ ਦੀ ਭੱਠੀ ਵਾਂਗ ਤਪਾਉਣ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਅਤੇ ਕਸੂਰਵਾਰ ਹਾਂ। ਕੋਈ ਸਮਾਂ ਹੁੰਦਾ ਸੀ, ਜਦੋਂ ਕਿਸਾਨ ਧਰਤੀ ਵਿੱਚ ਬੀਜ ਪਾਉਂਦਾ ਸੀ ਤਾਂ ਸਭ ਤੋਂ ਪਹਿਲਾਂ ਉਹ ਬੋਲਦਾ ਸੀ- ਚਿੜੀ ਜਨੌਰ ਦੇ ਭਾਗ ਦਾ, ਹਾਲੀ ਪਾਲੀ ਦੇ ਭਾਗ ਦਾ। ਪਰ ਹੁਣ ਨਾ ਕੇਵਲ ਕਿਸਾਨੀ ਵਿੱਚ ਸਗੋਂ ਹਰ ਮਨੁੱਖ ਵਿੱਚ ਇੰਨਾ ਜ਼ਿਆਦਾ ਲਾਲਚ ਵਧ ਗਿਆ ਹੈ ਕਿ ਉਨ੍ਹਾਂ ਨੇ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਥਾਂ-ਥਾਂ ’ਤੇ ਖੜ੍ਹੇ ਹਰੇ ਭਰੇ ਰੁੱਖ ਪਿੱਪਲ, ਨਿੰਮ, ਬਰੋਟਾ, ਟਾਹਲੀ ਆਦਿ ਵੱਢ ਸੁੱਟੇ ਹਨ। ਹੁਣ ਜੇਕਰ ਖੇਤਾਂ ਵਿੱਚ ਨਜ਼ਰ ਮਾਰੀ ਜਾਵੇ ਤਾਂ ਦੂਰ, ਬਹੁਤ ਦੂਰ-ਦੂਰ ਤੱਕ ਕੋਈ ਵੀ ਹਰਿਆ ਭਰਿਆ ਰੁੱਖ ਨਜ਼ਰ ਨਹੀਂ ਪੈਂਦਾ। ਹੁਣ ਕਿਸਾਨ ਆਪਣੀ ਪੱਕੀ ਫ਼ਸਲ ਵੱਢ ਕੇ ਖੇਤ ਨੂੰ ਖਾਲੀ ਛੱਡਣ ਵਿੱਚ ਵਿਸ਼ਵਾਸ ਨਹੀਂ ਕਰਦਾ। ਸਗੋਂ ਉਹ ਨਾੜ ਨੂੰ ਇੱਕ ਤੀਲ੍ਹੀ ਲਾ ਕੇ ਚੁੱਪ ਚਾਪ ਪਿੰਡ ਆ ਵੜਦਾ ਹੈ। ਨਾੜ ਨੂੰ ਅੱਗ ਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਤਾਂ ਨਸ਼ਟ ਹੁੰਦੀ ਹੀ ਹੈ, ਇਸ ਦੇ ਨਾਲ ਹੀ ਸੜਕਾਂ, ਪਹਿਆਂ, ਡੰਡੀਆਂ ਆਦਿ ’ਤੇ ਆਪਣੇ ਆਪ ਉੱਗ ਕੇ ਬਣੇ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਰੁੱਖਾਂ ’ਤੇ ਕੁਦਰਤ ਦੀ ਖ਼ੂਬਸੂਰਤ ਸਿਰਜਣਾ ਵਿੱਚ ਵਾਧਾ ਕਰਨ ਵਾਲੇ ਪੰਛੀਆਂ ਵੱਲੋਂ ਪਾਏ ਆਲ੍ਹਣੇ ਅਤੇ ਆਲ੍ਹਣਿਆਂ ਵਿੱਚ ਦਿੱਤੇ ਆਂਡੇ ਅਤੇ ਨਿੱਕੇ ਬੋਟ ਵੀ ਬਲਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ। ਮਨੁੱਖਾਂ ਵੱਲੋਂ ਪੰਛੀਆਂ ’ਤੇ ਕੀਤਾ ਗਿਆ ਇਹ ਸਿਤਮ ਘਿਨੌਣਾ ਜੁਰਮ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਜਿਉਂ ਹੀ ਬਰਸਾਤਾਂ ਆਰੰਭ ਹੁੰਦੀਆਂ ਹਨ ਤਾਂ ਸਰਕਾਰ ਦੇ ਮੰਤਰੀ, ਸੰਤਰੀ, ਵਿਧਾਇਕ, ਵੱਖ-ਵੱਖ ਅਦਾਰਿਆਂ ਦੇ ਚੇਅਰਮੈਨ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਅਦਾਰਿਆਂ ਦੇ ਪ੍ਰਧਾਨ, ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ, ਬੈਂਕਾਂ ਦੇ ਉੱਚ ਅਧਿਕਾਰੀ, ਸੀਨੀਅਰ ਸਿਟੀਜ਼ਨ ਸੁਸਾਇਟੀਆਂ, ਸ਼ਹਿਰਾਂ, ਕਸਬਿਆਂ, ਪਿੰਡਾਂ ਵਿਚਲੇ ਖੇਡ ਕਲੱਬਾਂ, ਯੂਥ ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਧੜਾ-ਧੜ ਨਵੇਂ ਬੂਟੇ ਲਾਉਣ ਦੀਆਂ ਖ਼ਬਰਾਂ ਦਾ ਹਰ ਤਰ੍ਹਾਂ ਦੇ ਮੀਡੀਆ ਸਾਧਨਾਂ ਰਾਹੀਂ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਨ-ਸਧਾਰਨ ਨੂੰ ਤਾਂ ਇੱਕ ਵਾਰੀ ਇਉਂ ਜਚਾ ਦਿੱਤਾ ਜਾਂਦਾ ਹੈ ਕਿ ਅਗਲੇ ਵਰ੍ਹੇ ਛਿਮਾਹੀ ਵਿੱਚ ਸਾਡੇ ਪੰਜਾਬ ਦੀ ਇਹ ਧਰਤੀ ਪੂਰੀ ਤਰ੍ਹਾਂ ਹਰੀ ਭਰੀ ਹੋ ਜਾਵੇਗੀ। ਅਗਲੇ ਵਰ੍ਹੇ ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਹੋਰ ਨਵੇਂ ਪੌਦੇ ਲਾਉਣ ਲਈ ਕੋਈ ਥਾਂ ਬਾਕੀ ਹੀ ਨਹੀਂ ਰਹੇਗੀ, ਪ੍ਰੰਤੂ ਸਵਾਲ ਤਾਂ ਇਹ ਹੈ ਕਿ ਜੇਕਰ ਨਵੇਂ ਬੂਟੇ ਲਾਉਣ ਦੀ ਦਿਸ਼ਾ ਵਿੱਚ ਇਹ ਸਭ ਕੁਝ ਅਮਲੀ ਰੂਪ ਵਿੱਚ ਕੀਤਾ ਗਿਆ ਹੁੰਦਾ ਤਾਂ ਪੰਜਾਬ ਦੀ ਇਹ ਰੰਗਲੀ ਧਰਤੀ ਕਈ ਸਾਲ ਪਹਿਲਾਂ ਸੱਚਮੁੱਚ ਹੀ ਹਰੀ ਭਰੀ ਹੋ ਜਾਣੀ ਸੀ। ਅਫ਼ਸੋਸ, ਅਜਿਹਾ ਕੁਝ ਵੀ ਨਹੀਂ ਹੋ ਸਕਿਆ।
ਇਸ ਦੀ ਵਜ੍ਹਾ ਬਿਲਕੁਲ ਸਾਫ਼ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਵੱਲੋਂ ਹਰ ਸਾਲ ਨਵੇਂ ਬੂਟੇ ਲਾਉਣ ਦਾ ਕੀਤਾ ਜਾ ਰਿਹਾ ਇਹ ਝੂਠਾ ਪ੍ਰਚਾਰ ਕੇਵਲ ਵਾਹਵਾ ਖੱਟਣ ਲਈ ਹੀ ਕੀਤਾ ਜਾਂਦਾ ਹੈ। ਕੁਝ ਕੁ ਵੱਡੇ ਨਿੱਜੀ ਅਦਾਰਿਆਂ ਅਤੇ ਘਰਾਣਿਆਂ ਵੱਲੋਂ ਪੰਜਾਬ ਹਰਿਆਵਲ ਲਹਿਰ, ਰੰਗਲਾ ਪੰਜਾਬ, ਹਰਿਆਲੀ ਭਰਿਆ ਪੰਜਾਬ ਆਦਿ ਦੇ ਨਾਂ ਹੇਠ ਜਨ-ਸਧਾਰਨ ਕੋਲੋਂ ਕਰੋੜਾਂ ਰੁਪਏ ਦਾਨ ਦੇ ਰੂਪ ਵਿੱਚ ਇਕੱਠੇ ਕਰਕੇ ਖ਼ੁਦ ਡਕਾਰਨ ਦਾ ਢਕਵੰਜ ਰਚਿਆ ਜਾਂਦਾ ਰਿਹਾ ਹੈ, ਜੋ ਗ਼ਲਤ ਵਰਤਾਰਾ ਹੈ। ਅਜਿਹਾ ਕਰਕੇ ਉਹ ਕੇਵਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਬੇੜੀ ਵਿੱਚ ਵੱਟੇ ਹੀ ਨਹੀਂ ਪਾ ਰਹੇ, ਸਗੋਂ ਆਪਣੇ ਲਈ ਵੀ ਅਜਿਹਾ ਪ੍ਰਦੂਸ਼ਿਤ ਵਾਤਾਵਰਨ ਬਣਾਉਣ ਦੇ ਰਾਹ ਪਏ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਖ਼ੁਦ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਸਾਹ ਲੈਣਾ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀ ਵਿਸਫੋਟਕ ਸਥਿਤੀ ਸਾਡੇ ਸਾਰਿਆਂ ਲਈ ਬਹੁਤ ਤਬਾਹਕੁੰਨ, ਭਿਆਨਕ ਅਤੇ ਖ਼ਤਰਨਾਕ ਸਿੱਧ ਹੋਣ ਵਾਲੀ ਹੈ।
ਜੇਕਰ ਪੰਜਾਬ ਦੇ ਰਾਜਸੀ ਲੀਡਰ, ਸਰਕਾਰਾਂ, ਹੋਰ ਸਰਕਾਰੀ, ਗ਼ੈਰ-ਸਰਕਾਰੀ ਅਦਾਰੇ ਸਹੀ ਅਰਥਾਂ ਵਿੱਚ ਪੰਜਾਬ ਦੀ ਧਰਤੀ ਨੂੰ ਸੋਹਣੀ ਅਤੇ ਹਰਿਆਵਲ ਭਰਪੂਰ ਬਣਾਉਣਾ ਲੋਚਦੇ ਹਨ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਕਰਨ ਦੀ ਸੁਹਿਰਦ ਭਾਵਨਾ ਰੱਖਦੇ ਹਨ ਤਾਂ ਇਸ ਖੇਤਰ ਵਿੱਚ ਝੂਠਾ ਲੋਕ ਦਿਖਾਵਾ ਛੱਡ ਕੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਲੋੜ ਹੈ। ਇੱਕ ਜੰਗ ਲੜਨ ਦੀ ਲੋੜ ਹੈ।
ਮੇਰੇ ਵਿਚਾਰ ਅਨੁਸਾਰ ਜਦੋਂ ਵੀ ਕਿਸੇ ਸਰਕਾਰੀ, ਅਰਧ ਸਰਕਾਰੀ, ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਨਵੇਂ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਬਾਕਾਇਦਾ ਉਸ ਸਥਾਨ ਦਾ ਨਾਂ, ਲਗਾਏ ਗਏ ਨਵੇਂ ਬੂਟਿਆਂ ਦੀ ਗਿਣਤੀ, ਕਿਹੜੀ-ਕਿਹੜੀ ਕਿਸਮ ਦੇ ਕਿੰਨੇ ਬੂਟੇ ਲਗਾਏ ਗਏ ਹਨ? ਬੂਟੇ ਕਿੰਨੇ-ਕਿੰਨੇ ਫ਼ਾਸਲੇ ਉੱਤੇ ਲਗਾਏ ਗਏ ਹਨ? ਬੂਟਿਆਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਦਾ ਕੀ ਪ੍ਰਬੰਧ ਕੀਤਾ ਗਿਆ ਹੈ? ਬੂਟਿਆਂ ਨੂੰ ਕਿੰਨੇਂ ਸਮੇਂ ਬਾਅਦ ਪਾਣੀ ਦੇਣਾ ਹੈ? ਪਾਣੀ ਕਿਸ ਨੇ ਦੇਣਾ ਹੈ? ਆਦਿ ਦਾ ਪੂਰਾ ਬਿਉਰਾ ਲਿਖਤੀ ਰੂਪ ਵਿੱਚ ਰੱਖਿਆ ਜਾਵੇ। ਹੋਰ ਵੀ ਵਧੇਰੇ ਚੰਗਾ ਹੋਵੇ, ਜੇਕਰ ਨਵੇਂ ਪੌਦਿਆਂ ਦੀ ਸਾਂਭ ਸੰਭਾਲ ਅਤੇ ਹਿਸਾਬ ਕਿਤਾਬ ਰੱਖਣ ਲਈ ਇੱਕ ਵੱਖਰੀ ਸ਼ਾਖਾ ਸਥਾਪਤ ਕਰ ਲਈ ਜਾਵੇ।
ਪਿੰਡਾਂ ਦੀਆਂ ਪੰਚਾਇਤਾਂ, ਨਗਰ ਕੌਂਸਲ ਦੇ ਐੱਮ.ਸੀ. ਅਤੇ ਹੋਰ ਪਿੰਡਾਂ ਸ਼ਹਿਰਾਂ ਦੇ ਪਤਵੰਤੇ ਸੱਜਣਾਂ ਨੂੰ ਸੇਵਾ ਦਾ ਇਹ ਕਾਰਜ ਸੌਂਪਿਆ ਜਾਣਾ ਚਾਹੀਦਾ ਹੈ, ਜਿਹੜੇ ਇਸ ਖੇਤਰ ਵਿੱਚ ਆਪਣੀ ਰੁਚੀ ਨਾਲ ਆਉਣਾ ਚਾਹੁੰਦੇ ਹੋਣ। ਜੇਕਰ ਕਿਸੇ ਅਜਿਹੀ ਥਾਂ ’ਤੇ ਨਵਾਂ ਬੂਟਾ ਲਗਾਇਆ ਗਿਆ ਹੈ, ਜਿੱਥੇ ਆਸਾਨੀ ਨਾਲ ਪਾਣੀ ਦਾ ਪ੍ਰਬੰਧ ਨਾ ਹੋ ਸਕਦਾ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਜਾਂ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅਤੇ ਬੂਟਾ ਚੱਲਣ ਦੀ ਸੂਰਤ ਵਿੱਚ ਸਰਕਾਰ ਵੱਲੋਂ ਸਬੰਧਿਤ ਸਕੂਲ ਦੇ ਵਿਦਿਆਰਥੀ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਉੱਕੀ ਪੁੱਕੀ ਨਕਦ ਰਾਸ਼ੀ ਦੇ ਕੇ ਨਵੇਂ ਬੂਟਿਆਂ ਨੂੰ ਪਾਲ ਕੇ ਵੱਡੇ ਰੁੱਖਾਂ ਵਿੱਚ ਬਦਲਿਆ ਜਾ ਸਕਦਾ ਹੈ।
ਇਸੇ ਪ੍ਰਕਾਰ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਏ ਜਾਣ ਵਾਲੇ ਹਰ ਨਵੇਂ ਬੂਟੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਉਸ ਸੰਸਥਾ ਵਿੱਚ ਪੜ੍ਹਦੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿਹੜੇ ਬੂਟਿਆਂ ਨੂੰ ਦਿਲੋਂ ਪਿਆਰ ਕਰਦੇ ਹੋਣ। ਸਬੰਧਿਤ ਵਿਦਿਆਰਥੀ ਵੱਲੋਂ ਨਵੇਂ ਬੂਟੇ ਦੀ ਕੀਤੀ ਗਈ ਸਾਂਭ ਸੰਭਾਲ ਉਪਰੰਤ ਜਦੋਂ ਬੂਟਾ ਚੱਲ ਪਵੇ ਤਾਂ ਇੱਕ ਸਾਲ ਬਾਅਦ ਉਸ ਵਿਦਿਆਰਥੀ ਨੂੰ ਵਿਸ਼ੇਸ਼ ਸਮਾਗਮ ਦੌਰਾਨ ਗੋਲਡ ਮੈਡਲ, ਕੁਝ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇ ਤਾਂ ਜੋ ਉਸੇ ਸੰਸਥਾ ਦੇ ਹੋਰ ਵਿਦਿਆਰਥੀਆਂ ਵਿੱਚ ਵੀ ਬੂਟਿਆਂ ਨੂੰ ਪਾਲਣ, ਸੰਭਾਲਣ ਅਤੇ ਪ੍ਰਵਾਨ ਚੜ੍ਹਾਉਣ ਦੀ ਰੁਚੀ ਉਜਾਗਰ ਹੋਵੇ। ਹੋਰ ਵੀ ਚੰਗਾ ਹੋਵੇ, ਜੇਕਰ ਅਜਿਹੇ ਵਿਦਿਆਰਥੀ ਨੂੰ ਉਸ ਦੁਆਰਾ ਪਾਲੇ ਬੂਟੇ ਦੇ ਖੋਲ ਖੜ੍ਹਾ ਕੇ ਫੋਟੋ ਖਿੱਚੀ ਜਾਵੇ। ਇਸ ਤਸਵੀਰ ਨੂੰ ਸਕੂਲ-ਕਾਲਜ ਕੰਪਲੈਕਸ ਵਿੱਚ ਬਣੀ ਲਾਇਬ੍ਰੇਰੀ, ਕਾਮਨ ਰੂਮ, ਸਟਾਫ ਰੂਮ ਆਦਿ ਵਿੱਚ ਲਗਾਇਆ ਜਾਣਾ ਚਾਹੀਦਾ ਹੈ।
ਬੂਟੇ ਪਾਲਣ ਵਾਲੇ ਵਿਦਿਆਰਥੀਆਂ ਨੂੰ ਗਾਈਡ ਕਰਨ ਵਾਲੇ ਅਧਿਆਪਕਾਂ, ਹੈੱਡਮਾਸਟਰਾਂ, ਪ੍ਰਿੰਸੀਪਲਾਂ ਨੂੰ ਆਜ਼ਾਦੀ ਦੇ ਦਿਹਾੜੇ ਮੌਕੇ, ਗਣਤੰਤਰ ਦਿਵਸ ਸਮਾਰੋਹ ਅਤੇ ਹੋਰ ਰਾਜ ਪੱਧਰੀ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇ। ਅਧਿਆਪਕਾਂ ਨੂੰ ਸਟੇਟ ਐਵਾਰਡ, ਨੈਸ਼ਨਲ ਐਵਾਰਡ ਅਤੇ ਹੋਰ ਵੱਡੇ ਐਵਾਰਡ ਦੇਣ ਸਮੇਂ ਵੀ ਉਸ ਅਧਿਆਪਕ ਵੱਲੋਂ ਨਵੇਂ ਪੌਦਿਆਂ ਦੀ ਕੀਤੀ ਸਾਂਭ ਸੰਭਾਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਨਵੀਆਂ ਬਣ ਰਹੀਆਂ ਫਿਲਮਾਂ, ਦਸਤਾਵੇਜ਼ੀਆਂ, ਨਾਟਕਾਂ, ਇਕਾਂਗੀਆਂ ਵਿੱਚ ਇਸ ਪ੍ਰਕਾਰ ਦਾ ਮਾਹੌਲ ਸਿਰਜਿਆ ਜਾਵੇ ਕਿ ਆਮ ਜਨਤਾ ਖ਼ੁਦ-ਬ-ਖ਼ੁਦ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਇਸ ਹਰਿਆਵਲ ਲਹਿਰ ਦਾ ਹਿੱਸਾ ਬਣੇ। ਹਰਿਆਵਲ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਲੇਖਕਾਂ ਨੂੰ ਯੋਗ ਮਾਨ ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇ। ਨਵੇਂ ਬੂਟੇ ਲਗਾਉਣ ਸਬੰਧੀ ਲਗਾਤਾਰ ਪ੍ਰਚਾਰ ਕਰਕੇ ਜਨ-ਸਧਾਰਨ ਵਿੱਚ ਇਨਕਲਾਬੀ ਚੇਤਨਾ ਪੈਦਾ ਕੀਤੀ ਜਾਵੇ ਤਾਂ ਜੋ ਸਮਾਜ ਦਾ ਹਰ ਵਰਗ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਤਤਪਰ ਹੋਵੇ। ਇਸ ਪ੍ਰਕਾਰ ਕੰਮ ਕਰਕੇ ਹੀ ਸਹੀ ਅਰਥਾਂ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕਦਾ ਹੈ।
ਸੰਪਰਕ: 84276-85020

Advertisement

Advertisement
Advertisement
Advertisement
Author Image

Balwinder Kaur

View all posts

Advertisement