For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਦਰਜਨਾਂ ਨਵੇਂ ਸਾਇਲੋਜ਼ ਖੋਲ੍ਹਣ ਦੀ ਵਿਉਂਤ: ਜੋਗਿੰਦਰ ਉਗਰਾਹਾਂ

08:35 AM Apr 12, 2024 IST
ਪੰਜਾਬ ਵਿੱਚ ਦਰਜਨਾਂ ਨਵੇਂ ਸਾਇਲੋਜ਼ ਖੋਲ੍ਹਣ ਦੀ ਵਿਉਂਤ  ਜੋਗਿੰਦਰ ਉਗਰਾਹਾਂ
ਸੁਨਾਮ ਵਿੱਚ ਧਰਨੇ ਦੌਰਾਨ ਸੰਬੋਧਨ ਕਰਦਾ ਹੋਇਆ ਇਕ ਕਿਸਾਨ ਆਗੂ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 11 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੀੜ ਅਤੇ ਯੂਨੀਅਨ ਦੀ ਬਲਾਕ ਸ਼ੇਰਪੁਰ ਇਕਾਈ ਦੇ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਾਈਲੋਜ਼ ਨੂੰ ਜ਼ਬਤ ਕਰਕੇ ਸਰਕਾਰੀ ਕੰਟਰੋਲ ਵਿੱਚ ਲੈਣ ਤੇ ਇਸ ਨੂੰ ਸਰਕਾਰੀ ਅਨਾਜ ਭੰਡਾਰਨ ਲਈ ਵਰਤਣ ਦੀ ਮੰਗ ਨੂੰ ਲੈ ਕੇ ਸਥਾਨਕ ਮਦੇਵੀ ਫਾਟਕ ਨੇੜੇ ਸਥਿਤ ਸਾਇਲੋ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਅੰਦਰ 9 ਸਾਇਲੋਜ਼ (ਗੁਦਾਮਾਂ) ਨੂੰ ਕਣਕ ਖ਼ਰੀਦਣ, ਵੇਚਣ, ਭੰਡਾਰਨ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇਣ ਦੇ ਫ਼ੈਸਲੇ ਤੋਂ ਭਾਵੇਂ ਕਿਸਾਨ ਰੋਹ ਨੂੰ ਦੇਖਦਿਆਂ ਇੱਕ ਵਾਰ ਪੰਜਾਬ ਸਰਕਾਰ ਪਿੱਛੇ ਹਟ ਗਈ ਹੈ ਪਰ ਇਸ ਫ਼ੈਸਲੇ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਕਿਸਾਨ ਤੇ ਲੋਕ ਵਿਰੋਧੀ ਨੀਤੀ ਮੁੜ ਤੋਂ ਜੱਗ ਜ਼ਾਹਿਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਵੰਨਗੀ ਦੀਆਂ ਸਰਕਾਰਾਂ ਵੱਲੋਂ ਸੰਸਾਰ ਵਪਾਰ ਸੰਸਥਾ ਦੀਆਂ ਹਦਾਇਤਾਂ ’ਤੇ ਫ਼ਸਲਾਂ ਦੇ ਮੰਡੀਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਅਤੇ ਮੰਡੀਆਂ ਦੇ ਖੇਤਰ ਵਿੱਚ ਵੱਖ ਵੱਖ ਢੰਗਾਂ ਰਾਹੀਂ ਕਾਰਪੋਰੇਟ ਵਪਾਰੀਆਂ ਦਾ ਪੈਰ ਧਰਾਅ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਮੌਜੂਦਾ ਸਾਇਲੋਜ਼ ਤੋਂ ਇਲਾਵਾ ਦੇਸੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਰ ਦਰਜਨਾਂ ਨਵੇਂ ਸਾਇਲੋ ਖੋਲ੍ਹਣ ਦੀ ਵਿਉਂਤ ਹੈ। ਇੱਕ ਪਾਸੇ ਕਿਸਾਨ ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ, ਫ਼ਸਲਾਂ ਦੀ ਸਰਕਾਰੀ ਖ਼ਰੀਦ ਤੇ ਹਰ ਇੱਕ ਲਈ ਜਨਤਕ ਵੰਡ ਪ੍ਰਣਾਲੀ ਦਾ ਹੱਕ ਮੰਗ ਰਹੇ ਹਨ ਜਦਕਿ ਸਰਕਾਰ ਫ਼ਸਲਾਂ ਦੇ ਵਪਾਰ ਵਿੱਚ ਕਾਰਪੋਰੇਟ ਵਪਾਰੀਆਂ ਨੂੰ ਖੁੱਲ੍ਹ ਦੇ ਰਹੀ ਹੈ ਤੇ ਇਸ ਖ਼ਾਤਰ ਏ.ਪੀ.ਐੱਮ.ਸੀ. ਐਕਟ (ਮੰਡੀਆਂ ਦਾ ਕਾਨੂੰਨ) ਵਿੱਚ ਸੋਧਾਂ ਕਰਨ ਦੇ ਅਖ਼ਤਿਆਰ ਵਰਤ ਰਹੀਆਂ ਹਨ।
ਸ੍ਰੀ ਉਗਰਾਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਅੰਦਰ ਕਾਰਪੋਰੇਟ ਵਪਾਰੀਆਂ ਨੂੰ ਨਵੇਂ ਸਾਇਲੋਜ਼ ਬਣਾਉਣ ਦੀਆਂ ਸਾਰੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ, ਪਹਿਲਾਂ ਬਣੇ ਹੋਏ ਗੁਦਾਮਾਂ ਨੂੰ ਜ਼ਬਤ ਕਰਕੇ ਉਨ੍ਹਾਂ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਸਰਕਾਰੀ ਅਨਾਜ ਭੰਡਾਰਨ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ। ਧਰਨੇ ਨੂੰ ਰੁਪਿੰਦਰ ਕੌਰ ਪੰਜਗਰਾਈਆਂ, ਲਖਵੀਰ ਕੌਰ ਧਨੌਲਾ,ਸਿੰਦਰ ਕੌਰ, ਅਮਰਜੀਤ ਕੌਰ, ਨਵਦੀਪ ਕੌਰ, ਨਿਰਮਲ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਅਮਰਗੜ੍ਹ, ਚਰਨਜੀਤ ਸਿੰਘ ਹਥਨ,ਸੰਦੀਪ ਸਿੰਘ ਉਪੋਕੀ, ਦਰਸ਼ਨ ਸਿੰਘ ਹਥੋਆ, ਨਾਜ਼ਰ ਸਿੰਘ ਠੁੱਲੀਵਾਲ, ਬਲਵਿੰਦਰ ਸਿੰਘ ਕਾਲਾਬੂਲਾ, ਬਲਵੰਤ ਸਿੰਘ ਛੰਨਾਂ,ਸੰਤ ਸਿੰਘ ਤੇ ਚਰਨਜੀਤ ਸਿੰਘ ਟਿੱਬਾ ਆਦਿ ਨੇ ਵੀ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ/ਸਤਨਾਮ ਸਿੰਘ ਸੱਤੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਸਥਾਨਕ ਸਾਇਲੋ (ਗੁਦਾਮ) ਅੱਗੇ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਇਕੱਤਰ ਸੈਂਕੜੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਸਾਇਲੋਜ਼ ਨੂੰ ਫੌਰੀ ਸਰਕਾਰੀ ਗੁਦਾਮਾਂ ’ਚ ਤਬਦੀਲ ਕਰਨ ਦੀ ਮੰਗ ਕੀਤੀ। ਨਵੇਂ ਬਣਨ ਵਾਲੇ ਸਾਇਲੋਜ਼ (ਗੁਦਾਮਾਂ) ਨੂੰ ਮਨਜ਼ੂਰੀ ਨਾ ਦੇਣ ਉੱਤੇ ਜ਼ੋਰ ਦਿੱਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਅਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੋ ਸਾਇਲੋ ਬਣ ਚੁੱਕੇ ਹਨ, ਉਨ੍ਹਾਂ ਦੀ ਵਰਤੋਂ ਐੱਫਸੀਆਈ ਦੇ ਤੌਰ ’ਤੇ ਕੀਤੀ ਜਾਵੇ ਤੇ ਨਵੇਂ ਸਾਇਲੋ ਬਣਾਉਣੇ ਬੰਦ ਕੀਤੇ ਜਾਣ।

Advertisement

Advertisement
Author Image

Advertisement
Advertisement
×