ਕਿਸਾਨਾਂ ਵੱਲੋਂ ਕਬਜ਼ਾ ਕਾਰਵਾਈ ਰੋਕਣ ਲਈ ਵਿਉਂਤਬੰਦੀ
ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ
ਪਿੰਡ ਕਣਕਵਾਲ ਭੰਗੂਆਂ ਵਿੱਚ 25 ਸਤੰਬਰ ਨੂੰ ਪ੍ਰਸ਼ਾਸਨ ਵਲੋਂ ਇੱਕ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇੱਥੇ ਇੱਕ ਅਹਿਮ ਮੀਟਿੰਗ ਕੀਤੀ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਮੌਕੇ ਬਲਾਕ ਦੇ ਆਗੂਆਂ ਤੇ ਕਿਸਾਨਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਣਕਵਾਲ ਭੰਗੂਆਂ ਵਿਖੇ ਪ੍ਰਸਾਸ਼ਨ ਵਲੋਂ ਲਏ ਜਾਣ ਵਾਲੇ ਘਰ ਦੇ ਕਬਜ਼ੇ ਨੂੰ ਹਰ ਹੀਲੇ ਅਸਫਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਂ ਵਲੋਂ ਗੁਰਬਤ ਦੇ ਮਾਰੇ ਕਿਸੇ ਵੀ ਕਿਸਾਨ ਮਜ਼ਦੂਰ ਨੂੰ ਬੇਘਰ ਨਹੀਂ ਹੋਣ ਦਿੱਤਾ ਜਾਵੇ। ਇਸ ਮੀਟਿੰਗ ਦੌਰਾਨ ਚੰਡੀਗੜ੍ਹ ਵਿਖੇ ਲੱਗੇ ਧਰਨੇ ਤੇ ਮੰਥਨ ਅਤੇ ਵਿਚਾਰ ਚਰਚਾ ਵੀ ਕੀਤੀ ਗਈ। ਖੇਤੀਬਾੜੀ ਖਰੜੇ ਉੱਤੇ ਆਗੂਆਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਨੀਤੀ ਲੋਕਾਂ ਨੂੰ ਛੱਡ ਕੇ ਕਾਰਪੋਰੇਟ ਘਰਾਣਿਆਂ ਪੱਖੀ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਸਖਤ ਸੰਘਰਸ਼ ਕੀਤੇ ਜਾਣਗੇ ਅਤੇ ਲੋਕ ਪੱਖੀ ਖੇਤੀ ਨੀਤੀ ਬਣਾਉਣ ਤੱਕ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨ ਮਜ਼ਦੂਰਾਂ ਦੇ ਘਰਾਂ ਦੇ ਵਾਰੰਟ ਕਬਜ਼ੇ ਕਰਨੇ ਬੰਦ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੁਖਪਾਲ ਮਾਣਕ, ਪਾਲ ਸਿੰਘ ਦੋਲੇਵਾਲ ਤੇ ਮਨੀ ਸਿੰਘ ਭੈਣੀ ਆਦਿ ਹਾਜ਼ਰ ਸਨ।