For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਨਿਗਮ ਚੋਣਾਂ ਲਈ ਵਿਉਂਤਬੰਦੀ

10:39 AM Jun 08, 2024 IST
‘ਆਪ’ ਵੱਲੋਂ ਨਿਗਮ ਚੋਣਾਂ ਲਈ ਵਿਉਂਤਬੰਦੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੂਨ
ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਚੋਣ ਜ਼ਾਬਤਾ ਖ਼ਤਮ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ’ਤੇ ਨਜ਼ਰ ਮਾਰਨੀ ਸ਼ੁਰੂ ਕਰ ਦਿੱਤੀ ਹੈ। ਨੌਂ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰੀ ਇਲਾਕਿਆਂ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਤੇ ਚੰਗੀ ਲੀਡ ਨਾਲ ਉਨ੍ਹਾਂ ਨੇ 2022 ’ਚ ਜਿੱਤ ਦਰਜ ਕੀਤੀ ਸੀ, ਪਰ ਲੋਕ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸ਼ਹਿਰ ’ਚ ਪਹਿਲੀ ਵਾਰ ਆਪਣਾ ਮੇਅਰ ਬਣਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਵਿਧਾਇਕਾਂ ਦੀ ਨੀਂਦ ਉੱਡ ਗਈ। ਉਹ ਨਗਰ ਨਿਗਮ ਚੋਣਾਂ ’ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ‘ਆਪ’ ਵਿਧਾਇਕਾਂ ਨੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਹੁਕਮ ਦਿੱਤੇ ਹਨ ਕਿ ਇਹ ਯਕੀਨੀ ਕੀਤਾ ਜਾਵੇ ਕਿ ਨਗਰ ਨਿਗਮ ਚੋਣਾਂ ’ਚ ਲੋਕ ਸਭਾ ਚੋਣਾਂ ਵਰਗਾ ਹਾਲ ਨਾ ਹੋਵੇ। ਹਾਲਾਂਕਿ ਸ਼ਹਿਰੀ ਇਲਾਕਿਆਂ ’ਚ ਭਾਜਪਾ ਨੂੰ ਵਾਧਾ ਮਿਲਿਆ ਹੈ। ਮੌਜੂਦਾ ਵਿਧਾਇਕ ਹੋਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਸ਼ਹਿਰੀ ਇਲਾਕਿਆਂ ’ਚ ਤੀਜੇ ਸਥਾਨ ’ਤੇ ਰਹੀ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ ’ਚ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ 14 ਸੀਟਾਂ ’ਚੋਂ 13 ਸੀਟਾਂ ’ਤੇ ਕਬਜ਼ਾ ਕੀਤਾ ਗਿਆ ਸੀ। ਸ਼ਹਿਰ ਦੀਆਂ 6 ਸੀਟਾਂ ’ਤੇ ‘ਆਪ’ ਦਾ ਹੀ ਕਬਜ਼ਾ ਸੀ। ਇਸ ਤੋਂ ਬਾਅਦ ਇਹ ਤੈਅ ਸੀ ਕਿ ਲੋਕ ਸਭਾ ਚੋਣਾਂ ’ਚ ਇਸ ਵਾਰ ਲੁਧਿਆਣਾ ਤੋਂ ਸੰਸਦ ਮੈਂਬਰ ਸੱਤਾਧਾਰੀ ਧਿਰ ਦਾ ਹੋਵੇਗਾ, ਪਰ ਅਜਿਹਾ ਹੋ ਨਹੀਂ ਸਕਿਆ। ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਤੋਂ ਉਮੀਦਵਾਰ ਬਣ ਕੇ ਲੋਕ ਸਭਾ ਚੋਣ ਲੜੇ ਤੇ ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ’ਚ ਉਤਾਰ ਦਿੱਤਾ ਤੇ ਵੜਿੰਗ ਨੇ ਇਹ ਸੀਟ ਜਿੱਤ ਲਈ। ਹਾਲਾਂਕਿ ਭਾਜਪਾ ਦਾ ਗ੍ਰਾਫ਼ ਕਾਫ਼ੀ ਵਧਿਆ ਤੇ ਸ਼ਹਿਰੀ ਹਲਕਿਆਂ ’ਚ ਭਾਜਪਾ ਨੇ 6 ’ਚੋਂ 5 ’ਤੇ ਜਿੱਤ ਦਰਜ ਕੀਤੀ। ਇਸ ਨੂੰ ਲੈ ਕੇ ਭਾਜਪਾ ਖੁਸ਼ ਹੈ ਤੇ ਨਗਰ ਨਿਗਮ ਚੋਣਾਂ ਕਰਵਾਉਣ ਦੀ ਮੰਗ ਵੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਚੋਣਾਂ ’ਚ ਆਪਣਾ ਅਕਸ ਬਚਾਉਣ ਲਈ ‘ਆਪ’ ਨੇ ਵੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ‘ਆਪ’ ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਚੱਲ ਰਹੇ ਤੇ ਨਵੇਂ ਹੋਣ ਵਾਲੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਲਈ ‘ਆਪ’ ਵਿਧਾਇਕਾਂ ਨੇ ਕਮਰਕੱਸੇ ਕਰ ਲਏ ਹਨ। ਇਸ ਦੇ ਨਾਲ ਹੀ ਵਿਧਾਇਕਾਂ ਨੇ ਚੋਣ ਲੜਨ ਦੇ ਦਾਅਵੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਤੇਜ਼ ਕਰ ਦਿੱਤਾ ਹੈ ਤਾਂ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ ਤੇ ਜਿੱਤ ਹਾਸਲ ਕੀਤੀ ਜਾ ਸਕੇ।

Advertisement

Advertisement
Author Image

sukhwinder singh

View all posts

Advertisement
Advertisement
×