ਚੰਡੀਗੜ੍ਹ ਵਿੱਚ ਸਿੰਥੈਟਿਕ ਐਥਲੈਟਿਕ ਟਰੈਕ ਬਣਾਉਣ ਲਈ ਯੋਜਨਾਬੰਦੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ। ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਸਿੰਥੇਟਿਕ ਟਰੈਕ ਬਣਾਉਣ ਮਗਰੋਂ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ‘ਚ ਵੀ 400 ਮੀਟਰ ਲੰਬਾ ਅੱਠ ਲਾਈਨਾਂ ਵਾਲਾ ਸਿੰਥੈਟਿਕ ਟਰੈਕ ਬਣਾਉਣ ਲਈ ਵਿਉਂਤਬੰਦੀ ਕਰ ਲਈ ਹੈ। ਇਸ ਦੇ ਨਾਲ ਹੀ ਸੈਕਟਰ-42 ਸਪੋਰਟਸ ਕੰਪਲੈਕਸ ਵਿੱਚ ਵੀ ਸਨੂਕਰ ਤੇ ਹੋਰਨਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਖੇਡ ਵਿਭਾਗ ਦੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ਵਿੱਚ 6.80 ਕਰੋੜ ਰੁਪਏ ਦੀ ਲਾਗਤ ਨਾਲ 400 ਮੀਟਰ ਲੰਬਾ ਅੱਠ ਲਾਈਨਾਂ ਵਾਲਾ ਸਿੰਥੈਟਿਕ ਟਰੈਕ ਬਣਾਇਆ ਜਾਵੇਗਾ। ਇਸ ਸਬੰਧੀ ਯੂਟੀ ਪ੍ਰਸ਼ਾਸਨ ਨੇ ਲਗਪਗ ਛੇ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਇਸ ਸਾਲ ਅਗਸਤ ਤੱਕ ਮੁਕੰਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਸੈਕਟਰ-42 ਸਪੋਰਟਸ ਕੰਪਲੈਕਸ ‘ਚ 5.56 ਕਰੋੜ ਰੁਪਏ ਦੀ ਲਾਗਤ ਨਾਲ ਸਨੂਕਰ ‘ਤੇ ਹੋਰਨਾਂ ਖੇਡਾਂ ਨੂੰ ਪ੍ਰਫੂੱਲਤ ਕੀਤਾ ਜਾਵੇਗਾ। ਇਸ ਕੰਮ ਨੂੰ ਵੀ ਇਸੇ ਸਾਲ ਅਕਤੂਬਰ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਇਸ ਤੋਂ ਇਲਾਵਾ ਵੀ ਸਿੱਖਿਆ ਵਿਭਾਗ ਵੱਲੋਂ ਸੈਕਟਰ-11 ਦੇ ਸਰਕਾਰੀ ਕਾਲਜ ‘ਚ 59 ਲੱਖ ਰੁਪਏ ਦੀ ਲਾਗਤ ਨਾਲ ਟੈਨਿਸ ਕੋਰਟ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ‘ਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਖੇਡ ਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ।