ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣੀ ਕੋਰੀਆ ਵਿੱਚ ਜਹਾਜ਼ ਹਾਦਸਾਗ੍ਰਸਤ, 179 ਮੌਤਾਂ

07:08 AM Dec 30, 2024 IST
ਮੁਆਨ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋਏ ਜਹਾਜ਼ ’ਚੋਂ ਨਿਕਲਦੀਆਂ ਹੋਈਆਂ ਅੱਗ ਦੀਆਂ ਲਾਟਾਂ। ਫੋਟੋ: ਏਪੀ

ਸਿਓਲ, 29 ਦਸੰਬਰ
ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿੱਚ ਮੁਆਨ ਕਾਊਂਟੀ ’ਚ ਅੱਜ ਸਵੇਰੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟੋ 179 ਵਿਅਕਤੀ ਹਲਾਕ ਹੋ ਗਏ। ਜਹਾਜ਼ ’ਚ ਅਮਲੇ ਸਣੇ 181 ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁਆਨ ਸ਼ਹਿਰ ਰਾਜਧਾਨੀ ਸਿਓਲ ਤੋਂ ਲਗਪਗ 290 ਕਿਲੋਮੀਟਰ ਦੂਰ ਹੈ। ਹਾਦਸੇ ਕਾਰਨਾਂ ਸਬੰਧੀ ਮੁੱਢਲੇ ਤੌਰ ’ਤੇ ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗੇਅਰ ਖਰਾਬ ਹੋ ਗਿਆ ਸੀ।
ਕੌਮੀ ਫਾਇਰ ਏਜੰਸੀ ਨੇ ਕਿਹਾ ਕਿ ਬਚਾਅ ਦਲ ਮੁਆਨ ਸ਼ਹਿਰ ਸਥਿਤ ਇਸ ਹਵਾਈ ਅੱਡੇ ’ਤੇ ਜੇਜੂ ਏਅਰ ਦੇ ਯਾਤਰੀ ਜਹਾਜ਼ ਵਿੱਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ 15 ਸਾਲ ਪੁਰਾਣਾ ਬੋਇੰਗ 737-800 ਜੈੱਟ ਸੀ ਜੋ ਬੈਂਕਾਕ ਤੋਂ ਮੁੜਦੇ ਸਮੇਂ ਸਵੇਰੇ ਲਗਪਗ 9.03 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਫਾਇਰ ਏਜੰਸੀ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ’ਚ ਘੱਟੋ-ਘੱਟ 179 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 83 ਔਰਤਾਂ ਤੇ 82 ਪੁਰਸ਼ ਸ਼ਾਮਲ ਹਨ। ਜਦਕਿ 11 ਜਣਿਆਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ। ਬਚਾਅ ਦਲ ਨੇ ਦੋ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ, ਜੋ ਕਿ ਚਾਲਕ ਅਮਲੇ ਦੇ ਮੈਂਬਰ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਹ ਦੋਵੇਂ ਜਣੇ ਹੋਸ਼ ਵਿੱਚ ਹਨ ਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਵਾਈਟੀਐੱਨ ਟੈਲੀਵਿਜ਼ਨ ਵੱਲੋਂ ਪ੍ਰਸਾਰਿਤ ਇੱਕ ਵੀਡੀਓ ਫੁਟੇਜ ਵਿੱਚ ‘ਜੇਜੂ ਏਅਰ’ ਦਾ ਜਹਾਜ਼ ਹਵਾਈ ਪੱਟੀ ਤੋਂ ਤਿਲਕ ਕੇ ਕੰਕਰੀਟ ਦੇ ਇੱਕ ਬੈਰੀਅਰ ਨਾਲ ਟਰਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਮੁਆਨ ਫਾਇਰ ਬ੍ਰਿਗੇਡ ਦੇ ਮੁਖੀ ਲੀ ਜਿਓਂਗ ਹੇਈਓਨ ਨੇ ਕਿਹਾ ਕਿ ਹਾਦਸੇ ਕਾਰਨ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਮਲਬੇ ਵਿਚੋਂ ਸਿਰਫ ਪਿਛਲਾ ਹਿੱਸਾ ਹੀ ਪਛਾਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ ਦੇ ਪੱਖ ਵੀ ਸ਼ਾਮਲ ਹਨ। ਜਹਾਜ਼ ਦੇ ਬਲੈਕ ਬਾਕਸ ਦਾ ਡਾਟਾ ਤੇ ਕਾਕਪਿਟ ਵਾਇਸ ਰਿਕਾਰਡਰ ਪ੍ਰਾਪਤ ਕਰ ਲਿਆ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਚਾਰ ਰਿਕਾਰਡ ਦੇ ਮੁੱਢਲੇ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਹਵਾਈ ਅੱਡੇ ਦੇ ਕੰਟਰੋਲ ਟਾਵਰ ਨੇ ਜਹਾਜ਼ ਨੂੰ ਉਤਰਨ ਤੋਂ ਕੁਝ ਪਹਿਲਾਂ ਪੰਛੀਆਂ ਦੇ ਟਕਰਾਉਣ ਦੀ ਚਿਤਾਵਨੀ ਜਾਰੀ ਕੀਤੀ ਸੀ ਤੇ ਪਾਇਲਟ ਨੂੰ ਇੱਕ ਵੱਖਰੇ ਖੇਤਰ ’ਚ ਉੱਤਰਨ ਦੀ ਆਗਿਆ ਦਿੱਤੀ ਸੀ। ਅਧਿਕਾਰੀਆਂ ਮੁਤਾਬਕ ਪਾਇਲਟ ਨੇ ਹਾਦਸੇ ਤੋਂ ਪਹਿਲਾਂ ਐਮਰਜੈਂਸੀ ਸਿਗਨਲ ਭੇਜਿਆ ਸੀ। ਅਧਿਕਾਰੀਆਂ ਮੁਤਾਬਕ ਮੁਆਨ ਹਵਾਈ ਅੱਡੇ ਦਾ ਰਨਵੇਅ ਪਹਿਲੀ ਜਨਵਰੀ ਤੱਕ ਬੰਦ ਰਹੇਗਾ। -ਏਪੀ

Advertisement

ਕੈਨੇਡਾ: ਲੈਂਡਿੰਗ ਗੇਅਰ ਨਾ ਖੁੱਲ੍ਹਣ ਕਾਰਨ ਜਹਾਜ਼ ਨੂੰ ਅੱਗ ਲੱਗੀ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ’ਤੇ ਕੈਨੇਡਾ ਦੀ ਪਾਲ ਏਅਰਲਾਈਨ ਦੇ ਜਹਾਜ਼ ਨੂੰ ਅੱਜ ਲੈਂਡਿੰਗ ਦੌਰਾਨ ਅੱਗ ਲੱਗ ਗਈ। ਹਾਦਸੇ ’ਚ ਜਹਾਜ਼ ਦਾ ਇੱਕ ਹਿੱਸਾ ਸੜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਹਾਦਸਾ ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ’ਤੇ ਹੋਏ ਹਾਦਸੇ ਤੋਂ ਦੋ ਕੁ ਘੰਟੇ ਬਾਅਦ ਵਾਪਰਿਆ। ਜਾਣਕਾਰੀ ਅਨੁਸਾਰ ਏਅਰ ਕੈਨੇਡਾ ਦੀ ਫਲਾਈਟ ਨੰਬਰ 2259 ਜਿਸ ਦਾ ਸੰਚਾਲਨ ਪਾਲ ਏਅਰਲਾਈਨ ਵਲੋਂ ਕੀਤਾ ਜਾ ਰਿਹਾ ਸੀ, ਨਿਊਫਾਂਊਡਲੈਂਡ ਤੋਂ ਯਾਤਰੀਆਂ ਸਣੇ ਹੈਰੀਫੈਕਸ ਹਵਾਈ ਅੱਡੇ ਪਹੁੰਚੀ ਤਾਂ ਉੱਤਰਦੇ ਸਮੇਂ ਲੈਂਡਿੰਗ ਗੇਅਰ ਖੁੱਲ੍ਹਣ ’ਚ ਰੁਕਾਵਟ ਆ ਗਈ। ਇਸ ਕਾਰਨ ਜਹਾਜ਼ ਹਵਾਈ ਪੱਟੀ ਤੋਂ ਖਿਸਕ ਕੇ ਮਿੱਟੀ ਵਿੱਚ ਜਾ ਫਸਿਆ ਤੇ ਉਸ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ। ਹਾਲਾਂਕਿ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਅਲਰਟ ’ਤੇ ਰੱਖੇ ਅੱਗ ਬੁਝਾਊ ਤੇ ਬਚਾਅ ਅਮਲੇ ਨੇ ਅੱਗ ’ਤੇ ਕਾਬੂ ਪਾ ਲਿਆ ਤੇ ਸਾਰੇ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇੱਕ ਯਾਤਰੀ ਅਨੁਸਾਰ ਜਹਾਜ਼ ਜਿਵੇਂ ਹੀ ਹਵਾਈ ਪੱਟੀ ’ਤੇ ਉਤਰਿਆ ਤਾਂ ਉਸ ਦਾ ਉਲਾਰ ਖੱਬੇ ਪਾਸੇ ਹੋ ਗਿਆ ਤੇ ਇੰਜਣ ਸਣੇ ਜਹਾਜ਼ ਦਾ ਖੱਬਾ ਖੰਭ ਜ਼ਮੀਨ ’ਤੇ ਰਗੜਨ ਕਾਰਨ ਉਸ ਨੂੰ ਅੱਗ ਲੱਗ ਗਈ। ਹੈਲੀਫੈਕਸ ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਪਾਇਲਟ ਵਲੋਂ ਲੈਂਡਿੰਗ ਗੇਅਰ ਖੋਲ੍ਹਣ ਦੀ ਕੋਸ਼ਿਸ਼ ਦੌਰਾਨ ਖੱਬੇ ਪਾਸੇ ਵਾਲਾ ਪਹੀਆ ਖੁੱਲ੍ਹ ਕੇ ਬਾਹਰ ਨਹੀਂ ਨਿਕਲਿਆ, ਜਿਸ ਕਾਰਨ ਹਾਦਸਾ ਵਾਪਰਿਆ।

Advertisement
Advertisement