Plane crashes in South Korea ਦੱਖਣੀ ਕੋਰੀਆ ’ਚ ਜਹਾਜ਼ ਹਾਦਸਾਗ੍ਰਸਤ, 179 ਮੌਤਾਂ
ਸਿਓਲ, 29 ਦਸੰਬਰ
ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿਚ ਮੁਆਨ ਕਾਊਂਟੀ ਵਿਚ ਅੱਜ ਸਵੇਰੇ ਮੁਆਨ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 179 ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਵਿਚ ਅਮਲੇ ਸਣੇ 181 ਵਿਅਕਤੀ ਸਵਾਰ ਸਨ। ਜਹਾਜ਼ ਵਿੱਚ ਸਵਾਰ ਸਿਰਫ਼ ਦੋ ਯਾਤਰੀ ਹੀ ਜ਼ਿੰਦਾ ਮਿਲੇ ਹਨ।
ਲੈਂਡਿੰਗ ਮਗਰੋਂ ਜਹਾਜ਼ ਰਨਵੇਅ ਤੋਂ ਤਿਲਕ ਕੇ ਇਕ ਬੈਰੀਅਰ (ਕੰਧ) ਨਾਲ ਜਾ ਟਕਰਾਇਆ ਤੇ ਇਸ ਨੂੰ ਅੱਗ ਲੱਗ ਗਈ। ਹਾਦਸਾ ਸਵੇਰੇ 9:07 ਵਜੇ ਦੇ ਕਰੀਬ ਹੋਇਆ। ਮੁਆਨ ਕਾਊਂਟੀ ਸਿਓਲ ਤੋਂ 280 ਕਿਲੋਮੀਟਰ ਦੱਖਣ-ਪੱਛਮ ਵਿਚ ਹੈ। ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗਿਅਰ ਖਰਾਬ ਹੋ ਗਿਆ ਸੀ। -ਏਪੀ
ਰਾਸ਼ਟਰਪਤੀ ਵੱਲੋਂ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ
ਸਿਓਲ: ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਹਾਦਸੇ ਮਗਰੋਂ ਦੇਰ ਸ਼ਾਮ ਐਮਰਜੈਂਸੀ ਮੀਟਿੰਗ ਸੱਦੀ, ਜਿਸ ਵਿੱਚ ਉਨ੍ਹਾਂ ਦੇਸ਼ ਵਿੱਚ ਚਾਰ ਜਨਵਰੀ ਤੱਕ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ। -ਰਾਇਟਰਜ਼