ਸੂਡਾਨ ’ਚ ਹਵਾਈ ਜਹਾਜ਼ ਹਾਦਸਾਗ੍ਰਸਤ; ਨੌਂ ਹਲਾਕ
ਕਾਹਿਰਾ, 24 ਜੁਲਾਈ
ਸੂਡਾਨ ਵਿੱਚ ਉਡਾਨ ਭਰਨ ਤੋਂ ਕੁੱਝ ਹੀ ਸਮੇਂ ਬਾਅਦ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸੂਡਾਨ ਦੀ ਸੈਨਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਹਾਦਸੇ ਦੌਰਾਨ ਚਾਰ ਫ਼ੌਜੀ ਜਵਾਨਾਂ ਸਣੇ ਨੌਂ ਜਣਿਆਂ ਦੀ ਮੌਤ ਹੋ ਗਈ। ਉੱਤਰ ਪੂਰਬੀ ਅਫ਼ਰੀਕੀ ਦੇਸ਼ ਸੂਡਾਨ ਵਿੱਚ ਜਾਰੀ ਜੰਗ ਦੇ ਅੱਜ 100 ਦਨਿ ਪੂਰੇ ਹੋ ਗਏ ਹਨ ਅਤੇ ਇਸ ਦੇ ਖ਼ਤਮ ਹੋਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ। ਸੈਨਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪੋਰਟ ਸੂਡਾਨ ਸ਼ਹਿਰ ਵਿੱਚ ਐਤਵਾਰ ਨੂੰ ਵਾਪਰੇ ਹਵਾਈ ਜਹਾਜ਼ ਹਾਦਸੇ ਦੌਰਾਨ ਇੱਕ ਬੱਚੇ ਦੀ ਜਾਨ ਬਚ ਗਈ। ਲਾਲ ਸਾਗਰ ਦੇ ਤੱਟ ’ਤੇ ਸਥਿਤ ਪ੍ਰਮੁੱਖ ਬੰਦਰਗਾਹ ਸ਼ਹਿਰ ਪੋਰਟ ਸੂਡਾਨ ਸੈਨਾ ਅਤੇ ਉਸ ਦੇ ਵਿਰੋਧੀ ਸਮੂਹ ਅਰਧਸੈਨਿਕ ਰੈਪਿਡ ਸਪੋਰਟ ਫੋਰਸ ਵਿਚਾਲੇ ਜਾਰੀ ਯੁੱਧ ਤੋਂ ਹੁਣ ਤੱਕ ਬਚਿਆ ਹੋਇਆ ਹੈ। ਏਂਟੋਨੋਵ ਜਹਾਜ਼ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁੱਝ ਸਮੇਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਹਵਾਈ ਹਾਦਸੇ ਲਈ ਤਕਨੀਕੀ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਸੂਡਾਨ ਅਪਰੈਲ ਦੇ ਮੱਧ ਤੋਂ ਹੀ ਅਰਾਜਕਤਾ ਵਿੱਚ ਡੁੱਬਿਆ ਹੋਇਆ ਹੈ। -ਏਪੀ