ਚੋਰੀਆਂ ਨਾਲ ਸਿੱਝਣ ਲਈ ਵਾਲੰਟੀਅਰ ਤਿਆਰ ਕਰਨ ਦੀ ਯੋਜਨਾ
ਪੱਤਰ ਪ੍ਰੇਰਕ
ਕਰਤਾਰਪੁਰ 15 ਜਨਵਰੀ
ਕਰਤਾਰਪੁਰ ਨੇੜਲੇ ਪੰਜ ਪਿੰਡ ਕੁੱਦੋਵਾਲ, ਮਲੀਆ, ਭੀਖਾ ਨੰਗਲ, ਧੀਰਪੁਰ ਅਤੇ ਦਿਆਲਪੁਰ ਦੀਆਂ ਪੰਚਾਇਤਾਂ, ਨੰਬਰਦਾਰਾਂ ਅਤੇ ਪਤਵੰਤੇ ਵਿਅਕਤੀਆਂ ਨੇ ਪਿੰਡ ਕੁੱਦੋਵਾਲ ਵਿੱਚ ਮੀਟਿੰਗ ਕਰ ਕੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਅਤੇ ਨਸ਼ੇੜੀਆਂ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਨਾਲ ਨਜਿੱਠਣ ਅਤੇ ਰੱਖਿਆ ਲਈ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਵਾਲੰਟੀਅਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਪਿੰਡ ਦਿਆਲਪੁਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ, ਕੁਲਵਿੰਦਰ ਚੰਦ, ਮਨਜੀਤ ਸਿੰਘ, ਦੇਸਰਾਜ ਅਤੇ ਸੁਖਜਿੰਦਰ ਸਿੰਘ ਤੇ ਨੰਬਰਦਾਰ ਭਜਨ ਸਿੰਘ ਧੀਰਪੁਰ ਨੇ ਕਿਹਾ ਕਿ ਪਿੰਡਾਂ ਵਿੱਚ ਵਧ ਰਹੀਆਂ ਵਾਰਦਾਤਾਂ ਕਰਕੇ ਪੁਲੀਸ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਨੂੰ ਸਵੈ-ਰੱਖਿਅਕ ਰਹਿਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਡੀਐੱਸਪੀ (ਕਰਤਾਰਪੁਰ) ਸੁਰਿੰਦਰ ਪਾਲ ਧੋਗੜੀ ਨੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵਾਲੰਟੀਅਰ ਬਣਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਥਾਣਾ ਲਾਂਬੜਾ ਅਤੇ ਥਾਣਾ ਮਕਸੂਦਾਂ ਦੇ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਪਿੰਡਾਂ ਨੂੰ ਆਤਮ ਰੱਖਿਆ ਲਈ ਵਾਲੰਟੀਅਰ ਬਣਾਉਣ ਲਈ ਪੰਚਾਇਤਾਂ ਨੂੰ ਪ੍ਰੇਰਿਤ ਕਰਨਗੇ।