ਜਾਗਰੂਕਤਾ ਲਈ ਅੰਬੈਸਡਰ ਨਾਮਜ਼ਦ ਕਰਨ ਦੀ ਯੋਜਨਾ ਉਲੀਕੀ: ਮੇਅਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਜੁਲਾਈ
ਮੁਹਾਲੀ ਦੇ ਮੇਅਰ ਅਮਰਜੀਤ ਸਿੱਧੂ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ, ਮਲੇਰੀਆ ਦੇ ਕੇਸਾਂ ਵਿੱਚ 80 ਫੀਸਦੀ ਕਮੀ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪਿਛਲੇ ਸਾਲ ਡੇਂਗੂ ਦੇ 600 ਤੋਂ ਵੱਧ ਕੇਸ ਸਾਹਮਣੇ ਆਏ ਸਨ ਜਦੋਂਕਿ 2021 ਵਿੱਚ ਇਹ ਅੰਕੜਾ 2500 ਨੂੰ ਪਾਰ ਕਰ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਨਗਰ ਨਿਗਮ ਮੱਛਰ-ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਖਾਸ ਕਰ ਕੇ ਡੇਂਗੂ ਅਤੇ ਡਾਇਰੀਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੇਗੀ ਅਤੇ ਉਹ ਖ਼ੁਦ ਵੱਡੇ ਪੱਧਰ ’ਤੇ ਜਾਗਰੂਕਤਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਫੰਡਾਂ ’ਚੋਂ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਡਾਇਰੀਆ ਦਾ ਡਰ ਵਧ ਗਿਆ ਹੈ। ਜੀਤੀ ਸਿੱਧੂ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲੀ ਪਲਾਟਾਂ ਵਿੱਚ ਸਫ਼ਾਈ ਨਾ ਰੱਖਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਾਲ ਸ਼ਹਿਰ ਦੇ ਸਾਰੇ ਸੈਕਟਰਾਂ ਵਿੱਚ ਪੜਾਅਵਾਰ ਜਾਗਰੂਕਤਾ ਲਈ ਅੰਬੈਸਡਰ ਨਾਮਜ਼ਦ ਕਰਨ ਦੀ ਯੋਜਨਾ ਬਣਾਈ ਹੈ। ਇਸ ਮੁਹਿੰਮ ਵਿੱਚ ਵਾਲੰਟੀਅਰ ਵਜੋਂ ਸ਼ਾਮਲ ਹੋਣ ਦੇ ਚਾਹਵਾਨ ਵਿਅਕਤੀ amarjitsidhu3380gmail.com ’ਤੇ ਆਪਣੇ ਵੇਰਵੇ ਭੇਜ ਸਕਦੇ ਹਨ।