ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੂੰ ਮਜਬੂਰੀ ’ਚ ਫ਼ਸਲ ਵੇਚਣ ਤੋਂ ਰੋਕਣ ਲਈ ਯੋਜਨਾ ਦੀ ਤਿਆਰੀ: ਚੌਹਾਨ

04:40 AM Feb 23, 2025 IST
featuredImage featuredImage
ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ। -ਫੋਟੋ: ਪੀਟੀਆਈ
ਨਵੀਂ ਦਿੱਲੀ, 22 ਫਰਵਰੀਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੇ ਉਪਾਅ ਕਰ ਰਹੀ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ, ਖ਼ਾਸ ਤੌਰ ’ਤੇ ਫ਼ਲਾਂ ਤੇ ਸਬਜ਼ੀਆਂ ਨਾਮਾਤਰ ਕੀਮਤਾਂ ’ਤੇ ਨਾ ਵੇਚਣੀਆਂ ਪੈਣ।
Advertisement

ਉਨ੍ਹਾਂ ਕੌਮੀ ਰਾਜਧਾਨੀ ਵਿੱਚ 22 ਤੋਂ 24 ਫਰਵਰੀ ਤੱਕ ਹੋਣ ਵਾਲੇ ‘ਪੂਸਾ ਖੇਤੀ ਵਿਗਿਆਨ ਮੇਲਾ’ 2025 ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਆਖੀ। ਚੌਹਾਨ ਨੇ ਲੈਬਾਰਟਰੀਆਂ ਤੋਂ ਬੀਜਾਂ ਦੀਆਂ ਨਵੀਆਂ ਕਿਸਮਾਂ ਤੇ ਤਕਨਾਲੋਜੀ ਜਲਦੀ ਤੋਂ ਜਲਦੀ ਕਿਸਾਨਾਂ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਸਮੱਸਿਆਵਾਂ ਨੂੰ ਸਮਝਣ ਲਈ ਕਿਸਾਨਾਂ ਦੇ ਨਾਲ ਉਨ੍ਹਾਂ ਦੀਆਂ ਜਥਬੰਦੀਆਂ ਰਾਹੀਂ ਸਿੱਧੀ ਚਰਚਾ ਕਰ ਰਹੀ ਹੈ ਅਤੇ ਫਿਰ ਹੱਲ ਲਈ ਯੋਜਨਾਵਾਂ ਬਣਾ ਰਹੀ ਹੈ।

ਮੰਤਰੀ ਨੇ ਕਿਹਾ, ‘‘ਜਿੱਥੇ-ਜਿੱਥੇ ਸਮੱਸਿਆਵਾਂ ਦਿਖ ਰਹੀਆਂ ਹਨ, ਅਸੀਂ ਯੋਜਨਾਵਾਂ ਬਣਾ ਰਹੇ ਹਾਂ।’’ ਉਨ੍ਹਾਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦਾ ਜ਼ਿਕਰ ਕੀਤਾ। ਚੌਹਾਨ ਨੇ ਕਿਹਾ ਕਿ ਸਰਕਾਰ ਨੇ ਚੌਲ ਤੇ ਪਿਆਜ਼ ਦੀ ਬਰਾਮਦ ਤੋਂ ਰੋਕ ਹਟਾ ਦਿੱਤੀ ਹੈ ਜਦਕਿ ਖੁਰਾਕੀ ਤੇਲਾਂ ’ਤੇ ਦਰਾਮਦ ਫੀਸ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਟਮਾਟਰ ਦੀਆਂ ਕੀਮਤਾਂ ਵਿੱਚ ਨਿਘਾਰ ਨੂੰ ਦੇਖਦੇ ਹੋਏ ਕਿਸਾਨਾਂ ਦੀ ਮਦਦ ਲਈ ਕਦਮ ਉਠਾਏ ਜਾਣਗੇ।

Advertisement

ਉਨ੍ਹਾਂ ਕਿਹਾ, ‘‘ਮੈਂ ਆਪਣੇ ਕਿਸਾਨੀ ਭਾਈਚਾਰੇ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਕਿਸਾਨਾਂ ਦੀ ਭਲਾਈ ਲਈ ਸਾਰੇ ਅਹਿਮ ਫੈਸਲੇ ਲਵਾਂਗੇ। ਚਿੰਤਾ ਨਾ ਕਰੋ।’’ ਉਨ੍ਹਾਂ ਕਿਹਾ, ‘‘ਕੁਝ ਮੁੱਦੇ ਹਨ, ਜਿਨ੍ਹਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖੇਤ ਪੱਧਰ ’ਤੇ ਕੀਮਤਾਂ ਘੱਟ ਹਨ ਅਤੇ ਖ਼ਪਤਕਾਰ ਵਾਧੂ ਕੀਮਤਾਂ ਦੇ ਰਹੇ ਹਨ। ਵਿਚਾਲੇ ਫਾਇਦਾ ਕੌਣ ਲੈਂਦਾ ਹੈ? ਲਾਭ ਦਾ ਮਾਰਜਨ ਘੱਟ ਹੋਣਾ ਚਾਹੀਦਾ ਹੈ।’’

ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨਾਮਾਤਰ ਕੀਮਤਾਂ ’ਤੇ ਨਾ ਵੇਚਣੀਆਂ ਪੈਣ।

ਖੁਰਾਕ ਉਤਪਾਦਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਦੇ ਵਿਗਿਆਨੀਆਂ ਦੀ ਸ਼ਲਾਘਾ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਨਵੀਆਂ ਕਿਸਮਾਂ ਤੇ ਤਕਨਾਲੋਜੀ ਨੂੰ ਜਲਦੀ ਤੋਂ ਜਲਦੀ ਖੇਤਾਂ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਚੰਗੀ ਕਿਸਮ ਦੇ ਬੀਜ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਇਸ ਦੀ ਲੋੜ ਹੈ। ਆਈਸੀਏਆਰ ਇਨ੍ਹਾਂ ਬੀਜਾਂ ਨੂੰ ਵਿਕਸਤ ਕਰ ਰਿਹਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਬੀਜ ਜਲਦੀ ਤੋਂ ਜਲਦੀ ਕਿਸਾਨਾਂ ਤੱਕ ਪਹੁੰਚਣ।’’

ਚੌਹਾਨ ਨੇ ਕਿਹਾ ਕਿ ਉਹ ਦਿੱਲੀ ਵਿੱਚ ਸਥਿਤ ਕ੍ਰਿਸ਼ੀ ਭਵਨ ਵਿੱਚ ਬੈਠਣ ਦੀ ਥਾਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸਮਝਦੇ ਹਨ। ਉਹ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਤੇ ਆਈਸੀਏਆਰ ਦੇ ਵਿਗਿਆਨੀਆਂ ਨੂੰ ਵੀ ਅਜਿਹਾ ਕਰਨ ਵਾਸਤੇ ਕਹਿੰਦੇ ਹਨ। ਉਨ੍ਹਾਂ ਦੁਹਾਰਾਇਆ ਕਿ ਸਰਕਾਰ ਫ਼ਸਲਾਂ ਵਿੱਚ ਸੁਧਾਰ ਰਾਹੀਂ ਖੇਤੀ ਉਤਪਾਦਨ ਵਧਾਉਣ, ਉਤਪਾਦਨ ਲਾਗਤ ਘਟਾਉਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਦਿਵਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। -ਪੀਟੀਆਈ

 

ਮਸਰੀ, ਉੜਦ ਤੇ ਅਰਹਰ ਦੀਆਂ ਦਾਲਾਂ ਦੀ ਸਾਰੀ ਫ਼ਸਲ ਖ਼ਰੀਦਣ ਦਾ ਭਰੋਸਾ ਦਿਵਾਇਆ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਣਕ ਤੇ ਝੋਨਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਮਸਰੀ, ਉੜਦ ਤੇ ਅਰਹਰ ਦੀਆਂ ਦਾਲਾਂ ਦੀ ਸਾਰੀ ਫ਼ਸਲ ਖ਼ਰੀਦੇਗੀ ਤਾਂ ਜੋ ਕਿਸਾਨਾਂ ਨੂੰ ਹੋਰ ਵਧੇਰੇ ਦਾਲਾਂ ਉਗਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੂੰ 2047 ਤੱਕ ਇਕ ਵਿਕਸਤ ਦੇਸ਼ ਬਣਾਉਣ ਲਈ ਕਿਸਾਨਾਂ ਤੇ ਖੇਤੀਬਾੜੀ ਖੇਤਰ ਦਾ ਵਿਕਾਸ ਕਰਨਾ ਕਾਫੀ ਜ਼ਰੂਰੀ ਹੈ।

Advertisement