ਪੂਜਾ ਸਥਾਨਾਂ ਸਬੰਧੀ ਐਕਟ: Supreme Court ਵੱਲੋਂ ਓਵਾਇਸੀ ਦੀ ਅਪੀਲ ’ਤੇ ਸੁਣਵਾਈ ਅੱਜ
ਨਵੀਂ ਦਿੱਲੀ, 1 ਜਨਵਰੀ
ਸੁਪਰੀਮ ਕੋਰਟ ਪੂਜਾ ਸਥਾਨਾਂ ਸਬੰਧੀ 1991 ਦਾ ਐਕਟ ਲਾਗੂ ਕਰਵਾਉਣ ਲਈ ਏਆਈਐੱਮਆਈਐੱਮ ਮੁਖੀ ਅਸਾਦੁਦੀਨ ਓਵਾਇਸੀ ਵੱਲੋਂ ਦਾਇਰ ਅਪੀਲ ’ਤੇ ਭਲਕੇ 2 ਜਨਵਰੀ ਨੂੰ ਸੁਣਵਾਈ ਕਰੇਗੀ।
ਇਹ ਕਾਨੂੰਨ ਕਿਸੇ ਜਗ੍ਹਾ ਦਾ ਧਾਰਮਿਕ ਰੂਪ 15 ਅਗਸਤ 1947 ਨੂੰ ਮੌਜੂਦ ਇਸ ਦੇ ਸਰੂਪ ਮੁਤਾਬਕ ਕਾਇਮ ਰੱਖਣ ਦੀ ਸਿਫਾਰਸ਼ ਕਰਦਾ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ ਦੇ ਮੁਖੀ ਐੱਮਪੀ ਓਵਾਇਸੀ ਨੇ 17 ਦਸੰਬਰ 2024 ਨੂੰ ਇਹ ਅਪੀਲ ਐਡਵੋਕੇਟ ਫੁਜ਼ੈਲ ਅਹਿਮਦ ਆਯੂਬੀ ਰਾਹੀਂ ਦਾਇਰ ਕੀਤੀ ਗਈ ਸੀ। ਇਸ ਦੌਰਾਨ 12 ਦਸੰਬਰ ਨੂੰ ਚੀਫ਼ ਜਸਟਿਸ ਸੰਜੀਵ ਕੰਨਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਐਕਟ ਖ਼ਿਲਾਫ਼ ਦਾਇਰ ਹੋਰ ਅਪੀਲਾਂ ’ਤੇ ਸੁਣਵਾਈ ਦੌਰਾਨ ਸਾਰੀਆਂ ਅਦਾਲਤਾਂ ਨੂੰ ਅਜਿਹੇ ਹੋਰ ਕੇਸ ਲੈਣ ਜਾਂ ਕੋਈ ਅੰਤ੍ਰਿਮ ਜਾਂ ਆਖ਼ਰੀ ਫ਼ੈਸਲਾ ਦੇਣ ਤੋਂ ਰੋਕ ਦਿੱਤਾ ਸੀ। ਸ੍ਰੀ ਓਵਾਇਸੀ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਇਸ ਅਪੀਲ ਰਾਹੀਂ ਸਰਵਉੱਚ ਅਦਾਲਤ ਤੋਂ ਇਸ ਕਾਨੂੰਨ ਨੂੰ ਉਚਿਤ ਢੰਗ ਨਾਲ ਲਾਗੂ ਕਰਵਾਉਣ ਲਈ ਕੇਂਦਰ ਨੂੰ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ