ਪਿਤਰੋਦਾ ਦੀਆਂ ਨਸਲੀ ਟਿੱਪਣੀਆਂ ਨਾਲ ਫਿਰ ਖੜ੍ਹਾ ਹੋਇਆ ਵਿਵਾਦ
ਨਵੀਂ ਦਿੱਲੀ, 8 ਮਈ
ਇੰਡੀਅਨ ਓਵਰਸੀਜ਼ ਕਾਂਰਗਸ ਦੇ ਮੁਖੀ ਸੈਮ ਪਿਤਰੋਦਾ ਦੀਆਂ ਵਿਵਾਦਤ ਟਿੱਪਣੀਆਂ ਨਾਲ ਮੁੜ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਭਾਰਤ ਦੇ ਉੱਤਰ-ਪੂਰਬ ਦੇ ਲੋਕ ਚੀਨੀਆਂ ਜਦਕਿ ਦੱਖਣ ਦੇ ਲੋਕ ਅਫ਼ਰੀਕੀਆਂ ਵਰਗੇ ਦਿਖਦੇ ਹਨ। ਭਾਜਪਾ ਨੇ ਪਿਤਰੋਦਾ ਦੀਆਂ ਟਿੱਪਣੀਆਂ ਨੂੰ ਨਸਲੀ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਵੰਡ-ਪਾਊ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਕਾਂਗਰਸ ਨੇ ਪਿਤਰੋਦਾ ਦੀਆਂ ਟਿੱਪਣੀਆਂ ਤੋਂ ਖੁਦ ਨੂੰ ਵੱਖ ਕਰਦਿਆਂ ਇਸ ਨੂੰ ਮੰਦਭਾਗਾ ਅਤੇ ਅਸਵੀਕਾਰਨਯੋਗ ਕਰਾਰ ਦਿੱਤਾ। ਵਿਵਾਦ ਭਖ਼ਣ ਮਗਰੋਂ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨਜ਼ੂਰ ਕਰ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਲਾਹਕਾਰ ਰਹੇ ਸੈਮ ਪਿਤਰੋਦਾ ਨੇ ਇਕ ਪੌਡਕਾਸਟ ’ਚ ਕਿਹਾ ਸੀ,‘‘ਦੇਸ਼ ਨੇ ਖੁਸ਼ਹਾਲ ਮਾਹੌਲ ’ਚ 75 ਸਾਲ ਪੂਰੇ ਕਰ ਲਏ ਹਨ ਜਿਥੇ ਕੁਝ ਝਗੜਿਆਂ ਨੂੰ ਛੱਡ ਕੇ ਲੋਕ ਇਕੱਠੇ ਰਹਿ ਸਕਦੇ ਹਨ। ਅਸੀਂ ਭਾਰਤ ਵਰਗੇ ਵਿਭਿੰਨਤਾ ਵਾਲੇ ਮੁਲਕ ਨੂੰ ਇਕੱਠਾ ਰੱਖ ਸਕਦੇ ਹਾਂ। ਜਿਥੇ ਪੂਰਬ ’ਚ ਰਹਿਣ ਵਾਲੇ ਲੋਕ ਚੀਨੀਆਂ ਵਰਗੇ ਦਿਖਦੇ ਹਨ ਜਦਕਿ ਪੱਛਮ ਵਾਲੇ ਅਰਬਾਂ ਵਾਂਗ, ਉੱਤਰ ਵਾਲੇ ਅੰਗਰੇਜ਼ਾਂ ਵਰਗੇ ਅਤੇ ਦੱਖਣ ਦੇ ਲੋਕ ਅਫ਼ਰੀਕੀਆਂ ਵਾਂਗ ਨਜ਼ਰ ਆਉਂਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਅਸੀਂ ਸਾਰੇ ਭਰਾਵਾਂ ਅਤੇ ਭੈਣਾਂ ਵਰਗੇ ਹਾਂ। ਭਾਰਤ ’ਚ ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਧਰਮ, ਵੱਖ ਵੱਖ ਰਿਵਾਜ, ਵੱਖ ਵੱਖ ਖਾਣ-ਪਾਣ ਹਨ ਪਰ ਭਾਰਤ ਦੇ ਦੇ ਲੋਕ ਇਕ-ਦੂਜੇ ਦਾ ਸਤਿਕਾਰ ਕਰਦੇ ਹਨ।’’ ਜਿਵੇਂ ਹੀ ਸਿਆਸਤ ਭਖ਼ੀ ਤਾਂ ਕਾਂਗਰਸ ਨੇ ਪਹਿਲਾਂ ਵਾਂਗ ਪਿਤਰੋਦਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਅਤੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਸਵੀਕਾਰਨਯੋਗ ਨਹੀਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ,‘‘ਭਾਰਤ ਦੀ ਵਿਭਿੰਨਤਾ ਦਰਸਾਉਣ ਲਈ ਇੱਕ ਪੌਡਕਾਸਟ ਵਿੱਚ ਸੈਮ ਪਿਤਰੋਦਾ ਵੱਲੋਂ ਕੀਤੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਅਤੇ ਅਸਵੀਕਾਰਨਯੋਗ ਹਨ। ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਆਪ ਨੂੰ ਇਸ ਬਿਆਨ ਤੋਂ ਪੂਰੀ ਤਰ੍ਹਾਂ ਵੱਖ ਕਰਦੀ ਹੈ।’’ -ਪੀਟੀਆਈ
ਦੇਸ਼ਵਾਸੀ ਚਮੜੀ ਦੇ ਰੰਗ ਦੇ ਆਧਾਰ ’ਤੇ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ: ਮੋਦੀ
ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਵੱਲੋਂ ਕੀਤੀ ਗਈ ਵਿਵਾਦਤ ਨਸਲੀ ਟਿੱਪਣੀ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ਵਾਸੀ ਚਮੜੀ ਦੇ ਰੰਗ ਦੇ ਆਧਾਰ ’ਤੇ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸਮਝ ਆ ਗਿਆ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਕੌਮੀ ਪਾਰਟੀ ਦਰੋਪਦੀ ਮੁਰਮੂ ਨੂੰ ਇਸ ਲਈ ਹਰਾਉਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਦੀ ‘ਚਮੜੀ ਦਾ ਰੰਗ ਕਾਲਾ ਹੈ।’ ਪਿਤਰੋਦਾ ਦੇ ਬਿਆਨ ਨਾਲ ਵਿਵਾਦ ਪੈਦਾ ਹੋਣ ਮਗਰੋਂ ਮੋਦੀ ਨੇ ਵਾਰੰਗਲ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘‘ਮੇਰੇ ਦੇਸ਼ ’ਚ ਹੁਣ ਕੀ ਲੋਕਾਂ ਦੀ ਯੋਗਤਾ ਚਮੜੀ ਦੇ ਰੰਗ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ। ‘ਸ਼ਹਿਜ਼ਾਦੇ’ ਨੂੰ ਇਸ ਦੀ ਇਜਾਜ਼ਤ ਕਿਸ ਨੇ ਦਿੱਤੀ।’’ ਪਿਤਰੋਦਾ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਦੇਸ਼ ਦੇ ਪੂਰਬੀ ਹਿੱਸੇ ਦੇ ਲੋਕਾਂ ਦੀ ਦਿਖ ਚੀਨੀਆਂ ਨਾਲ ਮੇਲ ਖਾਂਦੀ ਹੈ ਜਦਕਿ ਦੱਖਣ ਦੇ ਲੋਕ ਅਫ਼ਰੀਕੀਆਂ ਵਰਗੇ ਨਜ਼ਰ ਆਉਂਦੇ ਹਨ। ਮੋਦੀ ਨੇ ਕਿਹਾ,‘‘ਅੱਜ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ। ਜੇਕਰ ਕੋਈ ਮੈਨੂੰ ਗਾਲ੍ਹਾਂ ਦਿੰਦਾ ਹੈ ਤਾਂ ਮੈਂ ਨਾਰਾਜ਼ ਨਹੀਂ ਹੁੰਦਾ। ਪਰ ‘ਸ਼ਹਿਜ਼ਾਦੇ’ ਦੇ ਦਾਰਸ਼ਨਿਕ ਨੇ ਅਜਿਹੀ ਵੱਡੀ ਗਾਲ੍ਹ ਕੱਢੀ ਹੈ ਜਿਸ ਨਾਲ ਮੈਨੂੰ ਗੁੱਸਾ ਚੜ੍ਹ ਗਿਆ ਹੈ।’’ -ਪੀਟੀਆਈ