For the best experience, open
https://m.punjabitribuneonline.com
on your mobile browser.
Advertisement

(ਪਿਤਰ) ਸੱਤਾ ਵਿਚ ਔਰਤਾਂ ਦੀ ਨੁਮਾਇੰਦਗੀ

08:47 AM Oct 03, 2023 IST
 ਪਿਤਰ  ਸੱਤਾ ਵਿਚ ਔਰਤਾਂ ਦੀ ਨੁਮਾਇੰਦਗੀ
Advertisement

ਸੰਗੀਤ ਤੂਰ
2015 ’ਚ ਮੇਰੀ ਇਕ ਸਹੇਲੀ ਨੇ ਵਿਆਹ ਤੋਂ ਥੋੜ੍ਹਾ ਚਿਰ ਬਾਅਦ ਵਿਮੈਨ ਵਿੰਗ ਥਾਣੇ ਵਿਚ ਆਪਣੇ ਪਰਦੇਸੀ ਘਰਵਾਲੇ ਖਿਲਾਫ਼ ਜਾਅਲਸਾਜ਼ੀ ਦੀ ਦਰਖ਼ਾਸਤ ਦੇ ਦਿੱਤੀ; ਉਸ ਬੰਦੇ ਦਾ ਬਾਹਰਲੇ ਮੁਲਕ ਵਿਚ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ। ਮਸ਼ਹੂਰ ਔਰਤ ਡੀਐੱਸਪੀ ਜਿਸ ਨੂੰ ਪੁਲੀਸ ਵਿਚ ਆਹਲਾ ਔਰਤ ਅਧਿਕਾਰੀ ਹੋਣ ਦਾ ਮਾਣ ਹਾਸਿਲ ਸੀ, ਨੇ ਸਾਡੀ ਗੱਲ ਧਿਆਨ ਨਾਲ ਸੁਣੀ ਅਤੇ ਐਕਸ਼ਨ ਦਾ ਭਰੋਸਾ ਦਿੱਤਾ ਪਰ ਦੋ ਦਨਿ ਬਾਅਦ ਇਸ ਮਾਮਲੇ ਦੀ ਰਿਪੋਰਟ ਫਾਈਲ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦੋਂ ਅਸੀਂ ਦੁਬਾਰਾ ਮਿਲਣ ਗਏ ਤਾਂ ਪਹਿਲਾਂ ਤਾਂ ਸਾਨੂੰ ਦੋ ਤਿੰਨ ਘੰਟੇ ਉਡੀਕਣਾ ਪਿਆ, ਜਦੋਂ ਮਿਲੇ ਤਾਂ ਉਸ ਦੀਆਂ ਤਲਖ ਫਿਟਕਾਰਾਂ ਸੁਣ ਕੇ ਵਾਪਸ ਆ ਗਏ। ਅਖ਼ੀਰ ਅਸੀਂ ਇਲਾਕੇ ਦੇ ਮਰਦ ਐੱਮਐੱਲਏ ਨੂੰ ਮਿਲੇ ਅਤੇ ਉਸ ਨੂੰ ਮਦਦ ਲਈ ਕਿਹਾ। ਇਸ ਘਟਨਾ ਤੋਂ ਬਾਅਦ ਮੈਨੂੰ ਅਹੁਦੇ ਦੀ ਤਾਕਤ ਵਾਲੀਆਂ ਥਾਵਾਂ ’ਤੇ ਔਰਤਾਂ ਦੀ ਨੁਮਾਇੰਦਗੀ ਕਾਰਨ ਆਮ ਔਰਤਾਂ ਨੂੰ ਇਨਸਾਫ਼ ਮਿਲਣ ਦੇ ਦਾਅਵੇ ਖੋਖਲੇ ਲੱਗਣ ਲੱਗ ਪਏ।
ਇਸੇ ਕਰ ਕੇ ਔਰਤ ਰਿਜ਼ਰਵੇਸ਼ਨ ਬਿੱਲ ਜਿਹੜਾ ਹੁਣ ਕਾਨੂੰਨ ਬਣ ਜਾਵੇਗਾ, ਦੀ ਮੈਨੂੰ ਕੋਈ ਬਹੁਤ ਖੁਸ਼ੀ ਨਹੀਂ ਹੋਈ। ਆਮ ਲੋਕਾਂ ਵਾਸਤੇ ਕਿਸੇ ਔਰਤ ਦੇ ਲੋਕ ਸਭਾ ਵਿਚ ਮੈਂਬਰ ਬਣਨ ਦਾ ਕੀ ਮਤਲਬ ਹੈ? ਔਰਤ ਹੋਣ ਦੇ ਨਾਤੇ ਮੈਂ ਔਰਤ ਐੱਮਪੀ ਤੋਂ ਇਹ ਉਮੀਦ ਕਰਦੀ ਹਾਂ ਕਿ ਉਹ ਔਰਤਾਂ ਦੇ ਮਸਲਿਆਂ ਬਾਰੇ ਜਾਗਰੂਕ ਹੋਵੇ ਅਤੇ ਔਰਤਾਂ ਦੀ ਜਿ਼ੰਦਗੀ ਬਿਹਤਰ ਬਣਾਉਣ ਦੀ ਇੱਛਾ ਰੱਖਦੀ ਹੋਵੇ। ਹਾਲੀਆ ਲੋਕ ਸਭਾ ਵਿਚ ਭਾਵੇਂ ਔਰਤਾਂ ਦੀਆਂ ਸੀਟਾਂ ਰਾਖਵੀਆਂ ਨਹੀਂ, ਉੱਥੇ ਜਿਹੜੀਆਂ ਔਰਤਾਂ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ? ਇਕ ਪਾਸੇ ਸੱਤਾਧਾਰੀ ਪਾਰਟੀ ਦੀਆਂ ਔਰਤ ਮੰਤਰੀ ਅਤੇ ਐੱਮਪੀ ਹਨ ਜਨਿ੍ਹਾਂ ਨੇ ਆਪਣੀ ਪਾਰਟੀ ਦੇ ਬ੍ਰਿਜ ਭੂਸ਼ਨ ਸ਼ਰਨ ਸਿੰਘ ’ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਅੱਖੋਂ ਪਰੋਖੇ ਕੀਤਾ ਅਤੇ ਪੀੜਤ ਪਹਿਲਵਾਨ ਕੁੜੀਆਂ ਨੂੰ ਧਰਨੇ ਮੁਜ਼ਾਹਰੇ ਕਰ ਕੇ ਇਨਸਾਫ਼ ਮੰਗਣਾ ਪਿਆ। ਸੱਤਾਧਾਰੀ ਪਾਰਟੀ ਦੀਆਂ ਔਰਤ ਐੱਮਪੀ ਉਨ੍ਹਾਂ ਪਹਿਲਵਾਨ ਕੁੜੀਆਂ ਦੀ ਹਮਾਇਤ ਕਰਨ ਲਈ ਵੀ ਨਹੀਂ ਪਹੁੰਚੀਆਂ। ਔਰਤ ਲੋਕ ਸਭਾ ਮੈਂਬਰਾਂ ਵਿਚ ਇਕ ਵਰਗ ਅਦਾਕਾਰਾ ਔਰਤਾਂ ਦਾ ਵੀ ਹੈ, ਇਹ ਮੈਂਬਰਸ਼ਿਪ ਉਨ੍ਹਾਂ ਦੀ ਆਪਣੇ ਅਦਾਕਾਰੀ ਪੇਸ਼ੇ ਦੀ ਸ਼ੋਹਰਤ ਕਾਰਨ ਮਿਲਦੀ ਹੈ; ਉਨ੍ਹਾਂ ਦਾ ਉੱਥੇ ਹੋਣਾ ਨਾਕਾਰਾਤਮਕ ਤਕ ਨਹੀਂ ਪਰ ਇਹ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ ਕਿ ਕੀ ਉਹ ਔਰਤ ਵਰਗ ਦੀ ਸਹੀ ਨੁਮਾਇੰਦਗੀ ਕਰਦੀਆਂ ਹਨ ਜਾਂ ਨਹੀਂ। ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਦੀ ਮਹੁਆ ਮਿਤਰਾ ਵਰਗੀਆਂ ਔਰਤ ਮੈਂਬਰ ਵੀ ਹਨ ਜਨਿ੍ਹਾਂ ਦੇ ਭਾਸ਼ਣਾਂ ਅਤੇ ਵਿਚਾਰਾਂ ਤੋਂ ਪਤਾ ਲੱਗਦਾ ਹੈ ਕਿ ਇਕ ਸੁਡੌਲ ਸਿਆਸੀ ਸੂਝ-ਬੂਝ ਵਾਲੀ ਔਰਤ ਦਾ ਲੋਕ ਸਭਾ ’ਚ ਹੋਣਾ ਕਿੰਨਾ ਸ਼ਕਤੀਵਰਧਕ ਹੈ। ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਸੂਝਵਾਨ ਔਰਤਾਂ ਦਾ ਲੋਕ ਸਭਾ ਵਿਚ ਪਹੁੰਚਣਾ ਜਿ਼ਆਦਾ ਮਹੱਤਵਪੂਰਨ ਹੈ।
ਹੁਣ ਜਦੋਂ ਔਰਤ ਰਾਖਵਾਂਕਰਨ ਕਾਨੂੰਨ ਲਾਗੂ ਹੋ ਜਾਵੇਗਾ ਤਾਂ ਬਹੁਤੇ ਆਸਾਰ ਇਹ ਹਨ ਕਿ ਸਿਆਸੀ ਪਾਰਟੀਆਂ ਉਨ੍ਹਾਂ ਔਰਤ ਉਮੀਦਵਾਰਾਂ ਨੂੰ ਹੀ ਟਿਕਟ ਦੇਣਗੀਆਂ ਜਿਹੜੀਆਂ ਜਿੱਤ ਸਕਦੀਆਂ ਹੋਣ। ਜਿੱਤ ਸਕਣ ਵਾਲ਼ੀਆਂ ਜਿ਼ਆਦਾਤਰ ਔਰਤਾਂ ਸਿਆਸੀ ਘਰਾਣਿਆਂ ’ਚੋਂ ਆਉਣਗੀਆਂ। ਸਥਾਪਿਤ ਸਿਆਸੀ ਘਰਾਣਿਆਂ ਦੇ ਪੁੱਤਰਾਂ ਜਾਂ ਭਰਾਵਾਂ ਦੀ ਥਾਂ ’ਤੇ ਪਤਨੀਆਂ, ਧੀਆਂ ਅਤੇ ਭੈਣਾਂ ਲੋਕ ਸਭਾ ਦੀਆਂ ਰਾਖਵੀਆਂ 181 ਸੀਟਾਂ ’ਚੋਂ ਜਿ਼ਆਦਾ ਨੂੰ ਭਰ ਦੇਣਗੀਆਂ। ਪਰਨਾਲਾ ਉੱਥੇ ਦਾ ਉੱਥੇ। ਜੇ ਪਾਰਟੀਆਂ ਟਿਕਟ ਦੇਣ ਵੇਲੇ ਸਿਆਸੀ ਘਰਾਣਿਆਂ ਦੀ ਤਾਕਤ, ਜਾਤ ਤੇ ਜਿੱਤਣ ਸ਼ਕਤੀ ਵਰਗੇ ਸਮੀਕਰਨਾਂ ਨੂੰ ਹੀ ਮੰਨਦੀਆਂ ਰਹਿਣਗੀਆਂ ਤਾਂ ਸਿਆਸੀ ਸੂਝ-ਬੂਝ ਵਾਲੀਆਂ ਔਰਤਾਂ ਜਨਿ੍ਹਾਂ ਨੂੰ ਸਮਾਜਿਕ ਤੇ ਆਰਥਿਕ ਮਸਲਿਆਂ ਦੀ ਸਮਝ ਹੈ, ਦੇ ਲੋਕ ਸਭਾ ਦੀਆਂ 181 ਰਾਖਵੀਆਂ ਮੈਂਬਰਸ਼ਿਪਾਂ ਵਿਚ ਨੁਮਾਇੰਦਗੀ ਦੇ ਆਸਾਰ ਬਹੁਤ ਘੱਟ ਹਨ।
ਔਰਤਾਂ ਜਦੋਂ ਸੱਤਾ ਵਿਚ ਹੁੰਦੀਆ ਹਨ ਤਾਂ ਉਨ੍ਹਾਂ ਵਿਚ ਸਮਰੱਥਾ ਹੁੰਦੀ ਹੈ ਕਿ ਉਹ ਤਬਦੀਲੀ ਲੈ ਆਉਣ ਜਾਂ ਉਹੀ ਕਰਦੀਆਂ ਰਹਿਣ ਜੋ ਉਸ ਤੋਂ ਪਹਿਲਾਂ ਮਰਦ ਅਹੁਦੇਦਾਰਾਂ ਨੇ ਕੀਤਾ। ਸੰਜੀਦਾ ਅਤੇ ਸੰਵੇਦਨਸ਼ੀਲ ਔਰਤ ਆਗੂ ਪਾਰਲੀਮੈਂਟ ਵਿਚ ਆ ਕੇ ਬਹੁਤ ਸੁਚੱਜੀ ਤਬਦੀਲੀ ਲਿਆ ਸਕਦੀ ਹੈ; ਇਹ ਧਾਰਨਾ ਸਿਰਫ਼ ਸਿਆਸਤ ਵਿਚ ਹੀ ਨਹੀਂ, ਸਰਕਾਰੀ ਜਾਂ ਕਾਰਪੋਰੇਟ ਦਫਤਰਾਂ, ਖੇਡ ਪ੍ਰਬੰਧ ਜਾਂ ਹੋਰ ਅਜਿਹੇ ਖੇਤਰਾਂ ਵਿਚ ਵੀ ਲਾਗੂ ਹੁੰਦੀ ਹੈ ਜਿੱਥੇ ਔਰਤਾਂ ਦੀ ਲੀਡਰਸ਼ਿਪ ਪੁਜ਼ੀਸ਼ਨ ਜਾਂ ਫ਼ੈਸਲਾਕੁਨ ਥਾਵਾਂ ’ਤੇ ਨੁਮਾਇੰਦਗੀ ਬਹੁਤ ਥੋੜ੍ਹੀ ਹੈ।
ਕੁਰਸੀ ਜਾਂ ਅਹੁਦੇ ਦੀ ਸੱਤਾ ਲਿੰਗਭੇਦ ਨਹੀਂ ਕਰਦੀ। ਸਿਆਸਤ ਵਿਚ ਕਈ ਤਾਕਤਵਾਰ ਮਹਿਲਾ ਨੇਤਾਵਾਂ ਹਨ ਜਵਿੇਂ ਮਮਤਾ ਬੈਨਰਜੀ; ਉਨ੍ਹਾਂ ਨੂੰ ਮਰਦ ਜਾਂ ਔਰਤ ਨੇਤਾ ਦੀ ਸ਼੍ਰੇਣੀ ਵਿਚ ਬੰਨ੍ਹਣਾ ਔਖਾ ਹੈ। ਉਹ ਸਿਰਫ਼ ਸੱਤਾਧਾਰੀ ਨੇਤਾ ਨੇ ਅਤੇ ਮਰਦ ਆਗੂਆਂ ਵਾਂਗ ਹੀ ਕਾਰਜ ਕਰਦੀਆਂ ਹਨ। ਅਹੁਦੇ ਜਾਂ ਸੱਤਾ ਦੀ ਦੁਰਵਰਤੋਂ ਕਰਨ ਦੀ ਇੱਛਾ ਮਰਦਾਂ ਅਤੇ ਔਰਤਾਂ ਵਿਚ ਇਕੋ ਜਿਹੀ ਹੈ। ਇਸ ਲਈ ਔਰਤਾਂ ਦੇ ਰਾਖਵੇਂਕਰਨ ਦਾ ਮਤਲਬ ਹੈ ਕਿ ਕੁਝ ਨਵੇਂ ਅਤੇ ਮਹਿਲਾ ਚਿਹਰੇ ਉਸ ਤੰਤਰ ਵਿਚ ਉਹੀ ਕੰਮ ਕਰਨਗੇ ਜਿਹੜਾ ਬਹੁਤ ਦੇਰ ਆਮ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਨਹੀਂ ਉਤਰ ਰਿਹਾ। ਹਾਂ, ਸੰਸਦ ਵਿਚ ਔਰਤ ਚਿਹਰਿਆਂ ਦਾ ਹੋਣਾ ਨੌਜਵਾਨ ਕੁੜੀਆਂ ਲਈ ਇਹ ਆਸ ਜ਼ਰੂਰ ਲਿਆ ਸਕਦਾ ਹੈ ਕਿ ਉਹ ਵੀ ਸਿਆਸਤ ਵਿਚ ਸ਼ਾਮਿਲ ਹੋਣ ਅਤੇ ਉਮਰਦਰਾਜ਼ ਮਰਦ ਪ੍ਰਧਾਨ ਪਾਰਲੀਮੈਂਟ ਵਿਚ ਤਰੋ-ਤਾਜ਼ਗੀ ਦੀ ਹਵਾ ਲੈ ਆਉਣ। ਇਸ ਨਾਲ਼ ਸਾਡੇ ਭਵਿੱਖ ਦੇ ਸਮਾਜ ਵਿਚ ਸਿਫਤੀ ਤਬਦੀਲੀ ਆਉਣ ਦੀਆਂ ਸੰਭਾਵਨਾਵਾਂ ਵਧਣਗੀਆਂ। ਮੇਰੀ ਬੀਅਰਡ ਨੇ ‘ਵਿਮੈਨ ਐਂਡ ਪਾਵਰ: ਏ ਮੈਨੀਫੈਸਟੋ’ ਕਿਤਾਬ ਵਿਚ ਕਿਹਾ ਹੈ, “ਤੁਸੀਂ ਕਿਸੇ ਔਰਤ ਨੂੰ ਅਜਿਹੇ ਢਾਂਚੇ ਵਿਚ ਆਸਾਨੀ ਨਾਲ ਨਹੀਂ ਫਿੱਟ ਕਰ ਸਕਦੇ ਜਿਸ ਦੀ ਬਣਤਰ ਹੀ ਮਰਦਾਵੀਂ ਹੈ; ਤੁਹਾਨੂੰ ਉਹ ਢਾਂਚਾ ਹੀ ਬਦਲਣਾ ਪਵੇਗਾ।”
ਸੰਪਰਕ: 82849-80760

Advertisement

Advertisement
Advertisement
Author Image

Advertisement