ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਭਗਤ ਸਿੰਘ ਦਾ ਪਿਸਤੌਲ

11:28 AM Sep 22, 2024 IST

ਜੁਪਿੰਦਰਜੀਤ ਸਿੰਘ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ
ਇਹ ਸਤਰਾਂ ਉੱਘੇ ਕਵੀ ਜਗਦੰਬਾ ਪ੍ਰਸਾਦ ਹਿਤੈਸ਼ੀ ਦੀਆਂ ਹਨ ਜੋ ਹਰ ਸਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 28 ਸਤੰਬਰ ਅਤੇ 23 ਮਾਰਚ ਨੂੰ ਰਾਜਗੁਰੂ ਅਤੇ ਸੁਖਦੇਵ ਨਾਲ ਉਸ ਦੇ ਸ਼ਹੀਦੀ ਦਿਵਸ ’ਤੇ ਸਜੀਵ ਹੋ ਉੱਠਦੀਆਂ ਹਨ। ਨਵਾਂਸ਼ਹਿਰ ’ਚ ਉਸ ਦੇ ਜੱਦੀ ਪਿੰਡ ਖਟਕੜ ਕਲਾਂ ਸਥਿਤ ਅਜਾਇਬਘਰ ਅਤੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹੁਸੈਨੀਵਾਲਾ ਸ਼ਹੀਦੀ ਯਾਦਗਾਰ ’ਤੇ ਵੱਡੀ ਗਿਣਤੀ ਲੋਕ ਸਿਜਦਾ ਕਰਨ ਪਹੁੰਚਦੇ ਹਨ ਤੇ ਆਜ਼ਾਦੀ ਹਾਸਿਲ ਕਰਨ ਲਈ ਸ਼ਹੀਦਾਂ ਵੱਲੋਂ ਦਿੱਤੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ।
ਸ਼ਹੀਦਾਂ ਦੇ ਘਰਾਂ, ਛੁਪਣਗਾਹਾਂ ਅਤੇ ਮੀਟਿੰਗਾਂ ਕਰਨ ਲਈ ਵਰਤੇ ਜਾਂਦੇ ਗੁਪਤ ਟਿਕਾਣਿਆਂ ਤੋਂ ਪ੍ਰਾਪਤ ਕਿਤਾਬਾਂ, ਚਿੱਠੀ-ਪੱਤਰਾਂ, ਕੱਪੜਿਆਂ ਅਤੇ ਹਥਿਆਰਾਂ ਸਮੇਤ ਹੋਰ ਯਾਦਗਾਰੀ ਵਸਤਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਤੇ ਆਜ਼ਾਦੀ ਸੰਘਰਸ਼ ਦੇ ਪ੍ਰਤੀਕਾਂ ਵਜੋਂ ਖ਼ਾਸ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਵਸਤਾਂ ਦੇ ਸਫ਼ਰ ਦੀ ਆਪਣੀ ਕਹਾਣੀ ਹੈ। ਅਲਾਹਾਬਾਦ ਦੇ ਅਜਾਇਬਘਰ ’ਚ ਲੋਕ ਖ਼ਾਸ ਤੌਰ ’ਤੇ ਉਹ ਪਿਸਤੌਲ ਦੇਖਣ ਜਾਂਦੇ ਹਨ ਜੋ ਭਗਤ ਸਿੰਘ ਹਮੇਸ਼ਾਂ ਆਪਣੇ ਕੋਲ ਰੱਖਦਾ ਸੀ। ਉਸ ਨੇ ਇਹ ਪਿਸਤੌਲ 17 ਦਸੰਬਰ 1928 ਨੂੰ ਜੌਹਨ ਸਾਂਡਰਸ ਨੂੰ ਮਾਰਨ ਲਈ ਵਰਤਿਆ ਸੀ ਅਤੇ ਫਿਰ ਲੰਮਾ ਅਰਸਾ ਇਹ ਸਮੇਂ ਦੀ ਧੂੜ ਹੇਠ ਦੱਬਿਆ ਰਿਹਾ। ਅਖ਼ੀਰ ਲੇਖਕ ਨੇ ਇਸ ਦਾ ਖ਼ੁਰਾ ਖੋਜ ਨੱਪਦਿਆਂ ਲੰਮੀ ਜੱਦੋਜਹਿਦ ਤੋਂ ਬਾਅਦ ਨਵੰਬਰ 2016 ’ਚ ਪਿਸਤੌਲ ਲੱਭ ਲਿਆ। ਇਹ ਇੰਦੌਰ ’ਚ ਬੀਐੱਸਐੱਫ ਦੇ ‘ਸੈਂਟਰਲ ਸਕੂਲ ਫਾਰ ਵੈਪਨਜ਼ ਐਂਡ ਟੈਕਟਿਕਸ’ ’ਚ ਅਣਗੌਲਿਆ ਪਿਆ ਸੀ। ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸ਼ਹੀਦ ਭਗਤ ਸਿੰਘ ਦਾ ਪਿਸਤੌਲ ਹੈ।

Advertisement

ਸ਼ਹੀਦ ਭਗਤ ਸਿੰਘ ਦਾ ਪਿਸਤੌਲ

ਪਿਸਤੌਲ ਲੱਭਣ ਦਾ ਇਹ ਸਫ਼ਰ ਸਤੰਬਰ 2016 ’ਚ ਸ਼ੁਰੂ ਹੋਇਆ ਜਦੋਂ ‘ਦਿ ਟ੍ਰਿਬਿਊਨ’ ’ਚ ਸ਼ਹੀਦ ਭਗਤ ਸਿੰਘ ਦੀਆਂ ਗੁਆਚੀਆਂ ਵਸਤਾਂ ਬਾਰੇ ਸਾਰਿਕਾ ਸ਼ਰਮਾ ਦਾ ਇੱਕ ਲੇਖ ਪ੍ਰਕਾਸ਼ਿਤ ਹੋਇਆ। ਲੇਖ ’ਚ ਜ਼ਿਕਰ ਸੀ ਕਿ ਇਹ ਪਿਸਤੌਲ ਲਾਹੌਰ (ਪਾਕਿਸਤਾਨ) ਜਾਂ ਫਿਲੌਰ (ਭਾਰਤ) ਵਿੱਚ ਕਿਧਰੇ ਵੀ ਨਹੀਂ ਹੈ ਜਦੋਂਕਿ ਇਹ ਇਨ੍ਹਾਂ ’ਚੋਂ ਹੀ ਕਿਸੇ ਇੱਕ ਜਗ੍ਹਾ ’ਤੇ ਹੋਣਾ ਚਾਹੀਦਾ ਸੀ। ਇਸ ਲੇਖ ਨੇ ਮੈਨੂੰ ਇਹ ਪਿਸਤੌਲ ਲੱਭਣ ਲਈ 2005-06 ’ਚ ਕੀਤੀ ਮੇਰੀ ਖੋਜ ਯਾਦ ਕਰਵਾ ਦਿੱਤੀ। ਮੈਂ ਸੁਣਿਆ ਸੀ ਕਿ ਇੱਕ ਵਾਰ ਇਹ ਪਿਸਤੌਲ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਅਜਾਇਬਘਰ ’ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਮੈਂ ਪੁਲੀਸ ਅਕੈਡਮੀ ਦੇ ਸੀਨੀਅਰ ਅਫਸਰਾਂ ਤੇ ਇਤਿਹਾਸਕਾਰਾਂ ਨਾਲ ਗੱਲਬਾਤ ਕਰ ਕੇ ਇਸ ਬਾਰੇ ਜਾਣਨ ਦਾ ਯਤਨ ਕੀਤਾ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ। ਫਿਰ ਜਦੋਂ 2016 ’ਚ ਇੱਕ ਲੇਖ ਛਪਿਆ ਤਾਂ ਉਸ ’ਚ ਗੁਆਚੇ ਪਿਸਤੌਲ ਬਾਰੇ ਸਭ ਤੋਂ ਵੱਡਾ ਸੁਰਾਗ਼ ਮੌਜੂਦ ਸੀ। ਉਸ ’ਚ ਇਸ ਹਥਿਆਰ ਦਾ ਨੰਬਰ 168896 ਅਤੇ ਮਾਰਕਾ ‘ਯੂਐੱਸ ਕੋਲਟ ਸੈਮੀਆਟੋਮੈਟਿਕ’ ਦੱਸਿਆ ਗਿਆ ਸੀ। ਹਰ ਹਥਿਆਰ ਦਾ ਆਪਣਾ ਇੱਕ ਖਾਸ ਨੰਬਰ ਹੁੰਦਾ ਹੈ। ਮੈਨੂੰ ਯਕੀਨ ਸੀ ਕਿ ਇਸ ਹਥਿਆਰ ਦਾ ਸਰਕਾਰ ਜਾਂ ਪੁਲੀਸ ਵਿਭਾਗ ਕੋਲ ਕਿਧਰੇ ਨਾ ਕਿਧਰੇ ਕੋਈ ਰਿਕਾਰਡ ਜ਼ਰੂਰ ਹੋਵੇਗਾ।
ਪੰਜਾਬ ਦੇ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਦੀ ਮਦਦ ਨਾਲ ਮੈਂ ਰਿਕਾਰਡ ਜਾਂਚਣ ਲਈ ਫਿਲੌਰ ਅਕੈਡਮੀ ਪਹੁੰਚਿਆ। ਅਕੈਡਮੀ ਡਾਇਰੈਕਟਰ, ਡੀਜੀਪੀ ਕੁਲਦੀਪ ਸਿੰਘ (ਉਦੋਂ ਆਈਜੀ) ਅਤੇ ਉਨ੍ਹਾਂ ਦੇ ਡਿਪਟੀ ਰਵਚਰਨ ਸਿੰਘ ਬਰਾੜ (ਹੁਣ ਡੀਆਈਜੀ) ਨੇ ਮੇਰੇ ਵਾਸਤੇ ਅਕੈਡਮੀ ਦੇ ਦਰ ਖੋਲ੍ਹ ਦਿੱਤੇ। ਭਗਤ ਸਿੰਘ ਦੇ ਨਾਂ ਨੇ ਹਰ ਉਸ ਜਗ੍ਹਾ ਕ੍ਰਿਸ਼ਮਾ ਦਿਖਾਇਆ ਮੈਂ ਜਿੱਥੇ ਵੀ ਇਸ ਪਿਸਤੌਲ ਦੀ ਭਾਲ ਕਰਨ ਵਾਸਤੇ ਗਿਆ। ਅਕੈਡਮੀ ’ਚ ਸਭ ਤੋਂ ਵੱਡਾ ਸਵਾਲ ਸੀ ਕਿ ਪਿਸਤੌਲ ਦਾ ਰਿਕਾਰਡ ਕਿੱਥੇ ਲੱਭਿਆ ਜਾਵੇ। ਅਫਸਰਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਉਹ ਇੰਦਰਾਜ ਰਜਿਸਟਰ ਦੇਖਣਾ ਚਾਹੀਦਾ ਹੈ ਜਿਸ ’ਚ ਹਰ ਸਾਲ ਇੱਥੇ ਕੈਡਿਟਾਂ ਦੇ ਅਭਿਆਸ ਮੌਕੇ ਜਾਂ ਪ੍ਰਦਰਸ਼ਿਤ ਕੀਤੇ ਜਾਣ ਵਾਸਤੇ ਲਿਆਂਦੇ ਜਾਣ ਵਾਲੇ ਹਥਿਆਰਾਂ ਦੇ ਵੇਰਵੇ ਦਰਜ ਹੁੰਦੇ ਹਨ। ਅਸੀਂ ਨਹੀਂ ਸੀ ਜਾਣਦੇ ਕਿ ਇਸ ਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇ।
ਜਦੋਂ 1931 ’ਚ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦਿੱਤੇ ਜਾਣ ਦਾ ਹੁਕਮ ਸੁਣਾਇਆ ਗਿਆ ਤਾਂ ਉਦੋਂ ਹੀ ਜੱਜ ਨੇ ਸਾਰੇ ਦਸਤਾਵੇਜ਼ ਅਤੇ ਪਿਸਤੌਲ ਸਮੇਤ ਹੋਰ ਸਾਰੇ ਸਬੂਤ ਤੇ ਵਸਤਾਂ ਪੁਲੀਸ ਅਕੈਡਮੀ ਫਿਲੌਰ ਭੇਜਣ ਦਾ ਆਦੇਸ਼ ਦਿੱਤਾ ਸੀ। ਬਰਤਾਨਵੀ ਸ਼ਾਸਕ ਆਪਣੇ ਕੈਡਿਟਾਂ ਨੂੰ ਸਿਖਲਾਈ ਦੇਣ ਵਾਸਤੇ ਇਸ ਨੂੰ ‘ਮਿਸਾਲੀ ਮੁਕੱਦਮੇ’ ਵਜੋਂ ਪੇਸ਼ ਕਰਨਾ ਚਾਹੁੰਦੇ ਸਨ। ਇਹ ਭਾਰਤ ਦੇ ਇਤਿਹਾਸ ’ਚ ਅਜਿਹਾ ਪਹਿਲਾ ਮੁਕੱਦਮਾ ਸੀ ਜਿਸ ਵਿੱਚ ਫੋਰੈਂਸਿਕ ਸਾਇੰਸ ਦੀ ਮਦਦ ਨਾਲ ਇਹ ਸਾਬਤ ਕੀਤਾ ਗਿਆ ਸੀ ਕਿ ਬਰਤਾਨਵੀ ਪੁਲੀਸ ਅਫਸਰ ਸਾਂਡਰਸ ਨੂੰ ਮਾਰਨ ਵਾਸਤੇ ਸਬੰਧਿਤ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ 2016 ’ਚ ਇਹ ਪਿਸਤੌਲ ਫਿਲੌਰ ਅਕੈਡਮੀ ’ਚ ਨਹੀਂ ਸੀ। ਕੀ ਇਹ ਇੱਥੇ ਪਹੁੰਚਿਆ ਹੀ ਨਹੀਂ ਸੀ ਜਾਂ ਕਿਧਰੇ ਗੁਆਚ ਗਿਆ ਜਾਂ ਚੋਰੀ ਹੋ ਗਿਆ ਸੀ। ਇਹ ਹਾਲੇ ਭੇਤ ਸੀ।
ਉਦੋਂ ਆਈ.ਜੀ. ਕੁਲਦੀਪ ਸਿੰਘ ਨਾਲ ਗੱਲਬਾਤ ਮਗਰੋਂ ਮੈਨੂੰ ਆਪਣੇ ਖੋਜ ਕਾਰਜ ਵਿੱਚ ਸਫਲਤਾ ਮਿਲਣ ਦੀ ਆਸ ਬੱਝ ਗਈ। ਮੈਨੂੰ ਆਪਣੀ ਉਮੀਦ ਛੇਤੀ ਹੀ ਪੂਰੀ ਹੋਣ ਦਾ ਭਰੋਸਾ ਉਦੋਂ ਹੋਰ ਵੀ ਪੱਕਾ ਹੁੰਦਾ ਜਾਪਿਆ ਜਦੋਂ ਉਨ੍ਹਾਂ ਆਪਣੇ ਡਿਪਟੀ ਰਵਚਰਨ ਸਿੰਘ ਬਰਾੜ ਨੂੰ ਇਸ ਕੰਮ ’ਚ ਮੈਨੂੰ ਸਹਿਯੋਗ ਦੇਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਬਰਾੜ ਦਾ ਨਾਂ ਸੁਣਦਿਆਂ ਹੀ ਮੇਰਾ ਮਨ ਖਿੜ ਗਿਆ। ਉਹ ਇੱਕ ਸਾਬਕਾ ਫ਼ੌਜੀ ਅਫਸਰ ਨੇ ਜੋ ਹਥਿਆਰਾਂ ਦੇ ਮਾਹਿਰ ਹਨ ਅਤੇ ਖੋਜ ਤੇ ਜਾਂਚ-ਪੜਤਾਲ ’ਚ ਉਨ੍ਹਾਂ ਦੀ ਡੂੰਘੀ ਰੁਚੀ ਹੈ। ਮੇਰੀ ਉਨ੍ਹਾਂ ਨਾਲ ਸਾਂਝ ਬਹੁਤ ਪੁਰਾਣੀ ਹੈ। ਅਸੀਂ ਦੋਵੇਂ ਪਟਿਆਲਾ ਦੇ ਹਾਂ ਅਤੇ ਦੋਵੇਂ ਹੀ ਕ੍ਰਿਕਟ ਖੇਡਦੇ ਰਹੇ ਹਾਂ। ਇਤਫ਼ਾਕ ਦੇਖੋ, ਮੈਂ ਜਿਸ ਜਿਸ ਜਗ੍ਹਾ ਰਿਪੋਰਟਰ ਵਜੋਂ ਤਾਇਨਾਤ ਰਿਹਾ, ਬਰਾੜ ਦੀ ਪੋਸਟਿੰਗ ਵੀ ਤਕਰੀਬਨ ਉਨ੍ਹਾਂ ਥਾਵਾਂ ’ਤੇ ਹੀ ਰਹੀ। ਉਹ ਲੁਧਿਆਣਾ, ਜਗਰਾਓਂ ਅਤੇ ਬਠਿੰਡਾ ਤਾਇਨਾਤ ਰਹੇ ਅਤੇ ਹੁਣ ਜਦੋਂ ਮੈਨੂੰ ਫਿਲੌਰ ਅਕੈਡਮੀ ਵਿੱਚ ਮਦਦ ਦੀ ਲੋੜ ਸੀ ਤਾਂ ਉਹ ਉੱਥੇ ਮੌਜੂਦ ਸਨ।
ਇਤਿਹਾਸ ਦੇ ਵਿਦਿਆਰਥੀ ਅਤੇ ਹਥਿਆਰਾਂ ’ਚ ਦਿਲਚਸਪੀ ਰੱਖਣ ਵਾਲੇ ਬਰਾੜ ਵੀ ਇਸ ਗੱਲੋਂ ਖ਼ੁਸ਼ ਸਨ ਕਿ ਮੈਂ ਇਤਿਹਾਸਕ ਮਹੱਤਵ ਵਾਲੇ ਪਿਸਤੌਲ ਦੀ ਖੋਜ ਕਰ ਰਿਹਾ ਸਾਂ। ਬਰਾੜ ਨੂੰ ਕੁਲਦੀਪ ਸਿੰਘ ਰਾਹੀਂ ਡੀਜੀਪੀ ਦਾ ਸੁਨੇਹਾ ਮਿਲ ਚੁੱਕਿਆ ਸੀ ਅਤੇ ਉਨ੍ਹਾਂ ਆਪਣੇ ਸਟਾਫ ਨੂੰ ਪਹਿਲਾਂ ਹੀ ਪੁਰਾਣੇ ਰਜਿਸਟਰ ਅਤੇ ਰਿਕਾਰਡ ਦੇਖਣ ਲਈ ਕਹਿ ਦਿੱਤਾ ਸੀ। ਉਹ ਅਤੇ ਉਨ੍ਹਾਂ ਦਾ ਸਟਾਫ ਉਸ ਵੇਲੇ ਪੰਜਾਬ ’ਚ 7 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਦੇ ਅਮਲ ਵਿੱਚ ਰੁੱਝਿਆ ਹੋਇਆ ਸੀ।
ਇਹ ਪਿਸਤੌਲ ਅਤੇ ਇਸ ਨਾਲ ਸਬੰਧਿਤ ਕੋਈ ਵੀ ਦਸਤਾਵੇਜ਼ੀ ਸਬੂਤ ਲੱਭਣਾ ਕੋਈ ਸੌਖਾ ਕਾਰਜ ਨਹੀਂ ਸੀ। ਸਾਡੇ ਕੋਲ ਪਿਸਤੌਲ ਦਾ ਮਾਡਲ ਅਤੇ ਨੰਬਰ ਮੌਜੂਦ ਸੀ ਪਰ ਸਾਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਕਿਸ ਸਾਲ ਦੇ ਰਜਿਸਟਰ ਤੋਂ ਆਪਣਾ ਕੰਮ ਸ਼ੁਰੂ ਕਰੀਏ। ਮੈਂ ਫਿਲੌਰ ਅਕੈਡਮੀ ਦੇ ਕਈ ਦੌਰੇ ਕੀਤੇ। ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਪੁਰਾਣੇ ਰਜਿਸਟਰਾਂ ਨੂੰ ਚੈੱਕ ਕਰਨਾ ਸੀ। ਉਹ ਰਜਿਸਟਰ ਇੰਨੇ ਖਸਤਾ ਹਾਲ ਸਨ ਕਿ ਹੱਥ ਲਾਉਂਦਿਆਂ ਹੀ ਭੁਰ-ਭੁਰ ਜਾਂਦੇ ਸਨ।
ਇਹ ਲੰਮੀ ਉਡੀਕ ਮੈਨੂੰ ਪ੍ਰੇਸ਼ਾਨ ਕਰ ਰਹੀ ਸੀ। ਅਖੀਰ 30 ਅਕਤੂਬਰ ਨੂੰ ਅਕੈਡਮੀ ਦੇ ਸਟਾਫ ਨੂੰ ਉਸ ਪਿਸਤੌਲ ਦੀ ਡਿਸਪਲੇਅ ਕੈਪਸ਼ਨ ਲੱਭ ਗਈ, ਜਿਸ ਦੀ ਅਸੀਂ ਭਾਲ ਕਰ ਰਹੇ ਸੀ। ਮੈਂ ਬਹੁਤ ਖ਼ੁਸ਼ ਸੀ। ਡਿਸਪਲੇਅ ਕੈਪਸ਼ਨ ਮਿਲਣ ਕਾਰਨ ਸਾਨੂੰ ਇਹ ਗੱਲ ਤਾਂ ਪੱਕੀ ਹੋ ਗਈ ਕਿ ਪਿਸਤੌਲ ਕਿਸੇ ਨਾ ਕਿਸੇ ਵੇਲੇ ਜ਼ਰੂਰ ਅਕੈਡਮੀ ਵਿੱਚ ਰਿਹਾ ਹੈ ਪਰ ਇਹ ਹੁਣ ਕਿੱਥੇ ਸੀ? ਕੀ ਇਸ ਨੂੰ ਇੱਥੋਂ ਚੋਰੀ ਕਰ ਲਿਆ ਗਿਆ? ਜਾਂ ਸਮੱਗਲ ਕਰਕੇ ਬਾਹਰ ਲਿਜਾਇਆ ਜਾ ਚੁੱਕਾ ਹੈ? ਜਾਂ ਫਿਰ ਇਹ ਕਿਤੇ ਇੱਥੇ ਹੀ ਗੁਆਚਿਆ ਹੋਇਆ ਹੈ? ਜਾਂ ਫਿਰ ਇਹ ਕਿਸੇ ਅਫਸਰ ਦੇ ਡਰਾਇੰਗ ਰੂਮ ਦੀ ਸ਼ੋਭਾ ਬਣਿਆ ਹੋਇਆ ਹੈ?
ਅਕੈਡਮੀ ਦੇ ਸਟਾਫ ਨੇ 1980 ਤੋਂ ਪਿੱਛੇ ਜਾਂਦਿਆਂ ਰਜਿਸਟਰਾਂ ਵਿੱਚ ਪਿਸਤੌਲ ਦਾ ਇੰਦਰਾਜ ਲੱਭਣਾ ਸ਼ੁਰੂ ਕਰ ਦਿੱਤਾ। ਸ੍ਰੀ ਬਰਾੜ ਨੇ ਮੈਨੂੰ ਸੁਝਾਅ ਦਿੱਤਾ, ‘‘ਸ਼ੁਰੂ ’ਚ ਅਸੀਂ 1980 ਤੋਂ ਪਹਿਲਾਂ ਦੇ ਰਜਿਸਟਰ ਚੈੱਕ ਕਰਦੇ ਹਾਂ। ਸਾਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਕੋਈ ਸਾਲ ਤਾਂ ਚਾਹੀਦਾ ਹੈ।’’ ਇਹ ਸਾਲ ਮਹਿਜ਼ ਇੱਕ ਨੰਬਰ ਸੀ, ਇਸ ਤੋਂ ਵੱਧ ਕੁਝ ਨਹੀਂ। ਅਸੀਂ ਤੈਅ ਕੀਤਾ ਕਿ ਜੇਕਰ ਲੋੜ ਪਈ ਤਾਂ ਮਗਰੋਂ 1980 ਤੋਂ ਬਾਅਦ ਦਾ ਰਿਕਾਰਡ ਵੀ ਚੈੱਕ ਕਰ ਲਵਾਂਗੇ।
ਪੁਰਾਣੇ ਧੂੜ ਭਰੇ ਕਮਰਿਆਂ ’ਚੋਂ ਪੁਰਾਣੇ ਰਜਿਸਟਰ ਲੱਭਣਾ ਆਪਣੇ ਆਪ ਵਿੱਚ ਔਖਾ ਕੰਮ ਸੀ। ਸਟਾਫ ਨੂੰ ਇਸ ਹਥਿਆਰ ਬਾਰੇ ਪੁਰਾਣੇ ਰਜਿਸਟਰ ’ਚ ਕਿਸੇ ਵੀ ਤਰ੍ਹਾਂ ਦੇ ਇੰਦਰਾਜ ਜਾਂ ਕੋਈ ਹੋਰ ਸੰਕੇਤ ਲੱਭਣ ਲਈ ਕਿਹਾ ਗਿਆ। ਪਹਿਲੀ ਨਵੰਬਰ ਨੂੰ ਮੈਨੂੰ ਰਵਚਰਨ ਸਿੰਘ ਬਰਾੜ ਦਾ ਫੋਨ ਆਇਆ। ਉਨ੍ਹਾਂ ਦੀ ਆਵਾਜ਼ ਖ਼ੁਸ਼ੀ ਅਤੇ ਉਤਸ਼ਾਹ ਨਾਲ ਭਰੀ ਹੋਈ ਸੀ। ਉਨ੍ਹਾਂ ਕਿਹਾ, ‘‘ਆਪਣਾ ਵਟਸਐਪ ਚੈੱਕ ਕਰੋ।’’
ਬਰਾੜ ਨੇ ਮੈਨੂੰ ਸਾਲ 1969 ਦੇ ਰਜਿਸਟਰ ਦੀਆਂ ਤਸਵੀਰਾਂ ਭੇਜੀਆਂ ਸਨ। ਇਸ ਰਜਿਸਟਰ ਵਿੱਚ ਅੱਠ ਹਥਿਆਰਾਂ ਨੂੰ ਬੀ.ਐੱਸ.ਐਫ. ਦੇ ਇੰਦੌਰ, ਮੱਧ ਪ੍ਰਦੇਸ਼ ਵਿਚਲੇ ਮਿਊਜ਼ੀਅਮ ’ਚ ਤਬਦੀਲ ਕਰਨ ਬਾਰੇ ਇੰਦਰਾਜ ਸੀ ਅਤੇ ਇਨ੍ਹਾਂ ਅੱਠ ਹਥਿਆਰਾਂ ਵਿੱਚ ਯੂ.ਐੱਸ. ਦਾ ਬਣਿਆ ਹੋਇਆ .32 ਕੋਲਟ ਦਾ ਨੰਬਰ 168896 ਪਿਸਤੌਲ ਵੀ ਸ਼ਾਮਲ ਸੀ, ਜਿਸ ਦੀ ਅਸੀਂ ਭਾਲ ਕਰ ਰਹੇ ਸੀ।
ਮੈਂ ਬੇਹੱਦ ਖ਼ੁਸ਼ ਸੀ। ਹੁਣ ਸਾਨੂੰ ਸਪੱਸ਼ਟ ਹੋ ਗਿਆ ਸੀ ਕਿ ਇਸ ਸਮੇਂ ਤੱਕ ਇਹ ਪਿਸਤੌਲ ਅਕੈਡਮੀ ਵਿੱਚ ਹੀ ਸੀ। ਇਸ ਨੂੰ 7 ਅਕਤੂਬਰ 1969 ਨੂੰ ਇੱਥੋਂ ਤਬਦੀਲ ਕੀਤਾ ਗਿਆ ਸੀ। ਇਸ ਤਰੀਕ ਤੋਂ ਠੀਕ 39 ਸਾਲ ਪਹਿਲਾਂ ਟ੍ਰਿਬਿਊਨਲ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਹੇ ਲਾਉਣ ਦਾ ਹੁਕਮ ਸੁਣਾਇਆ ਸੀ। ਪਤਾ ਨਹੀਂ, ਇਹ ਮਹਿਜ਼ ਇਤਫ਼ਾਕ ਸੀ ਜਾਂ ਫਿਰ ਇਸ ਦਿਨ ਕਾਰਨ ਇਹ ਪਿਸਤੌਲ ਇੰਦੌਰ ਮਿਊਜ਼ੀਅਮ ’ਚ ਤਬਦੀਲ ਕੀਤਾ ਗਿਆ ਸੀ। ਮੈਂ ਇਹ ਵੱਡੀ ਖ਼ਬਰ ਬਰੇਕ ਕਰਨੀ ਚਾਹੁੰਦਾ ਸੀ, ਪਰ ਪਹਿਲਾਂ ਇਸ ਤੱਥ ਦੀ ਪੜਤਾਲ ਕਰਨੀ ਜ਼ਰੂਰੀ ਸੀ। ਜੇਕਰ ਕੋਈ ਜਾਅਲੀ ਇੰਦਰਾਜ ਕਰਕੇ ਇਹ ਪਿਸਤੌਲ ਅਕੈਡਮੀ ’ਚੋਂ ਬਾਹਰ ਲੈ ਗਿਆ ਹੋਇਆ? ਮੈਂ ਹੈਰਾਨ ਸੀ ਕਿ ਇਸ ਪਿਸਤੌਲ ਨੂੰ ਬੀਐੱਸਐਫ ਦੇ ਮਿਊਜ਼ੀਅਮ ਵਿੱਚ ਕਿਉਂ ਤਬਦੀਲ ਕੀਤਾ ਗਿਆ ਅਤੇ ਬੀਐੱਸਐਫ ਦਾ ਇਸ ਪਿਸਤੌਲ ਨਾਲ ਕੀ ਸਬੰਧ ਹੈ?
ਰਜਿਸਟਰ ਵਿੱਚ ਇਸ ਪਿਸਤੌਲ ਦਾ ਸਿਰਫ਼ ਨੰਬਰ ਲਿਖਿਆ ਹੋਇਆ ਸੀ। ਇਸ ਨੂੰ ਅਕੈਡਮੀ ’ਚੋਂ ਤਬਦੀਲ ਕਰਨ ਬਾਰੇ ਕਿਸੇ ਖ਼ਾਸ ਕਾਰਨ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ। ਇਸ ਦੇ ਭਗਤ ਸਿੰਘ ਜਾਂ ਸਾਂਡਰਸ ਕਤਲ ਕੇਸ ਨਾਲ ਸਬੰਧਿਤ ਹੋਣ ਦਾ ਵੀ ਕਿਤੇ ਕੋਈ ਜ਼ਿਕਰ ਨਹੀਂ ਸੀ। ਸਪੱਸ਼ਟ ਹੈ ਕਿ ਰਿਕਾਰਡ ਵਿੱਚ ਮਨੁੱਖਾਂ ਅਤੇ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਮਹਿਜ਼ ਇੱਕ ਬੇਜਾਨ ਨੰਬਰ ਹੁੰਦੀਆਂ ਹਨ।
ਇਨ੍ਹਾਂ ਹਥਿਆਰਾਂ ਨੂੰ ਬੀਐੱਸਐਫ ਮਿਊਜ਼ੀਅਮ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਅਕੈਡਮੀ ਅਤੇ ਬੀਐੱਸਐਫ ਜਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਦਰਮਿਆਨ ਜ਼ਰੂਰ ਖ਼ਤੋ-ਕਿਤਾਬਤ ਵੀ ਹੋਈ ਹੋਵੇਗੀ ਪਰ ਸਾਨੂੰ ਅਜਿਹਾ ਕੋਈ ਚਿੱਠੀ-ਪੱਤਰ ਨਾ ਮਿਲਿਆ। ਸਾਡੇ ਅੱਗੇ ਇਹ ਵੱਡਾ ਸੁਆਲ ਅਜੇ ਵੀ ਮੂੰਹ ਅੱਡੀ ਖੜ੍ਹਾ ਸੀ ਕਿ ਬੀਐੱਸਐਫ ਸਕੂਲ ਇੰਦੌਰ ਵਿੱਚ ਇਹ ਹਥਿਆਰ ਕਿਉਂ ਤਬਦੀਲ ਕੀਤੇ ਗਏ? ਬਾਕੀ ਹੋਰਨਾਂ ਥਾਵਾਂ ਦੀ ਬਜਾਏ ਇਹ ਹਥਿਆਰ ਤਬਦੀਲ ਕਰਨ ਲਈ ਇੰਦੌਰ ਨੂੰ ਹੀ ਕਿਉਂ ਚੁਣਿਆ ਗਿਆ?
ਰਜਿਸਟਰ ’ਤੇ ਬੀਐੱਸਐਫ ਦੇ ਕਮਾਂਡੈਂਟ ਦੇ ਦਸਤਖ਼ਤ ਸਨ, ਜਿਸ ’ਤੇ ਉਨ੍ਹਾਂ ਨੇ ‘ਵਸੂਲ ਪਾਇਆ’ ਲਿਖਿਆ ਹੋਇਆ ਸੀ ਪਰ ਉਸ ਅਫਸਰ ਦਾ ਨਾਮ ਨਹੀਂ ਸੀ ਪੜਿ੍ਹਆ ਜਾਂਦਾ। ਜੇਕਰ ਉਸ ਅਫ਼ਸਰ ਦਾ ਨਾਂ ਪੜਿ੍ਹਆ ਜਾਂਦਾ ਤਾਂ ਮੈਂ ਉਸ ਨੂੰ ਲੱਭ ਕੇ ਉਸ ਕੋਲੋਂ ਇਸ ਸਬੰਧੀ ਅੱਗੇ ਦਰਿਆਫ਼ਤ ਕਰ ਸਕਦਾ ਸੀ।
ਹੁਣ ਮੇਰੇ ਕੋਲ ਦੂਜਾ ਅਤੇ ਇੱਕੋ-ਇੱਕ ਰਾਹ ਮਿਊਜ਼ੀਅਮ ’ਚ ਜਾ ਕੇ ਖ਼ੁਦ ਇਸ ਸਬੰਧੀ ਪਤਾ ਲਾਉਣ ਦਾ ਹੀ ਬਚਿਆ ਸੀ। ਮੈਂ ਇੰਟਰਨੈੱਟ ’ਤੇ ਬੀਐੱਸਐਫ ਮਿਊਜ਼ੀਅਮ ਇੰਦੌਰ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇੰਟਰਨੈੱਟ ’ਤੇ ਮੈਨੂੰ ਪਤਾ ਲੱਗਿਆ ਕਿ ਇੰਦੌਰ ਵਿੱਚ ਸਿਰਫ਼ ਇੱਕੋ ਮਿਊਜ਼ੀਅਮ ਹੈ ਅਤੇ ਉਹ ਮਿਊਜ਼ੀਅਮ ਬੀਐੱਸਐਫ ਦਾ ਸੀ.ਐੱਸ.ਡਬਲਿਊ.ਟੀ. (ਸੈਂਟਰਲ ਸਕੂਲ ਔਫ ਵੈਪਨਜ਼ ਐਂਡ ਟੈਕਟਿਕਸ) ਹੈ।
ਵੈੱਬਸਾਈਟ ਤੋਂ ਸੀ.ਐੱਸ.ਡਬਲਿਊ.ਟੀ. ਦਾ ਲੈਂਡਲਾਈਨ ਨੰਬਰ ਲੈਣ ਮਗਰੋਂ ਮੈਂ ਉੱਥੇ ਫੋਨ ਕੀਤਾ ਤਾਂ ਅੱਗਿਓਂ ਅਪਰੇਟਰ ਬਹੁਤ ਗੂੜ੍ਹ ਹਿੰਦੀ ਬੋਲ ਰਿਹਾ ਸੀ। ਉਸ ਨੇ ਮੇਰੀ ਗੱਲ ਵਿੱਚ ਕੋਈ ਖ਼ਾਸ ਦਿਲਚਸਪੀ ਨਾ ਦਿਖਾਈ। ਉਸ ਦੀ ਆਵਾਜ਼ ਡਿਫੈਂਸ ਅਦਾਰਿਆਂ ਦੇ ਅਪਰੇਟਰਾਂ ਵਾਂਗ ਮਕੈਨੀਕਲ ਸੀ। ਉਸ ਨੇ ਮੈਨੂੰ ਮੁੜ ਫੋਨ ਕਰਨ ਲਈ ਆਖਿਆ ਤਾਂ ਜੋ ਇਸ ਦੌਰਾਨ ਉਹ ਆਪਣੇ ਹੋਰ ਸੀਨੀਅਰਾਂ ਨਾਲ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸੁਆਲ ਬਾਰੇ ਗੱਲ ਕਰ ਸਕੇ। ਗੱਲ ਸਮਝ ਪੈ ਰਹੀ ਸੀ ਕਿ ਜਿਸ ਅਦਾਰੇ ’ਚ ਰੰਗਰੂਟਾਂ ਨੂੰ ਹਥਿਆਰਾਂ ਤੇ ਰਣਨੀਤੀ ਬਾਰੇ ਪੜ੍ਹਾਇਆ ਜਾ ਰਿਹਾ ਹੋਵੇ, ਉਸ ਦੇ ਦਰਵਾਜ਼ੇ ਕਿਸੇ ਪੱਤਰਕਾਰ ਲਈ ਖੁੱਲ੍ਹਣੇ ਸੌਖੇ ਨਹੀਂ ਸਨ।
ਸ਼ਾਮ ਵੇਲੇ ਇੱਕ ਹੋਰ ਅਪਰੇਟਰ ਨੇ ਮੈਨੂੰ ਅਗਲੇ ਦਿਨ ਦੁਪਹਿਰ ਵੇਲੇ ਉਦੋਂ ਫੋਨ ਕਰਨ ਲਈ ਕਿਹਾ ਜਦੋਂ ‘ਸਾਹਿਬ’ ਦਫ਼ਤਰ ਵਿੱਚ ਹੋਣ। ਮੈਨੂੰ ਇਹ ਉਡੀਕ ਬਹੁਤ ਦੁੱਖ ਦੇ ਰਹੀ ਸੀ। ਮੇਰੇ ਦਿਲ ਅੰਦਰੋਂ ਇੱਕ ਆਵਾਜ਼ ਇਹ ਆ ਰਹੀ ਸੀ ਕਿ ਮੈਨੂੰ ਇਹ ਖ਼ਬਰ ਬਰੇਕ ਕਰ ਦੇਣੀ ਚਾਹੀਦੀ ਹੈ ਕਿ ਭਗਤ ਸਿੰਘ ਦਾ ਪਿਸਤੌਲ ਦੇਸ਼ ਅੰਦਰ ਹੀ ਹੈ ਅਤੇ ਉਸ ਨੂੰ ਆਖ਼ਰੀ ਵਾਰ ਫਿਲੌਰ ’ਚ ਦੇਖਿਆ ਗਿਆ ਸੀ, ਪ੍ਰੰਤੂ ਫਿਰ ਮੈਨੂੰ ਲਗਦਾ ਸੀ ਕਿ ਇਹ ਖ਼ਬਰ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਇਸ ਨੂੰ ਇੰਦੌਰ ਤਬਦੀਲ ਕਰਨ ਲਈ ਕਿਉਂ ਕਿਹਾ ਗਿਆ ਅਤੇ ਇਸ ਵੇਲੇ ਇਹ ਕਿੱਥੇ ਹੈ?
ਅਖ਼ੀਰ ਚਾਰ ਦਿਨਾਂ ਬਾਅਦ ਇੱਕ ਅਪਰੇਟਰ, ਜਿਸ ਨੂੰ ਮੇਰੀ ਆਵਾਜ਼ ਦੀ ਪਛਾਣ ਹੋ ਗਈ ਸੀ, ਨੇ ਇਕ ਅਫਸਰ ਸ੍ਰੀ ਰਾਏ ਨਾਲ ਮੇਰਾ ਫੋਨ ਮਿਲਾ ਦਿੱਤਾ। ਮੈਂ ਜਦੋਂ ਉਨ੍ਹਾਂ ਨੂੰ ਭਗਤ ਸਿੰਘ ਦੇ ਪਿਸਤੌਲ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਪਿਸਤੌਲ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਮੈਂ ਜਦੋਂ ਉਨ੍ਹਾਂ ਨੂੰ ਮਿਊਜ਼ੀਅਮ ਦਾ ਰਿਕਾਰਡ ਚੈੱਕ ਕਰਨ ਲਈ ਕਿਹਾ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ? ਜੇਕਰ ਉਸ ਦਾ ਪਿਸਤੌਲ ਇੱਥੇ ਹੁੰਦਾ ਤਾਂ ਸਾਨੂੰ ਜ਼ਰੂਰ ਪਤਾ ਹੁੰਦਾ।’’ ਇਹ ਗੱਲ ਸੁਣਨ ਮਗਰੋਂ ਮੇਰੀ ਆਵਾਜ਼ ਵਿਚਲੀ ਨਿਰਾਸ਼ਾ ਤੇ ਉਦਾਸੀ ਉਨ੍ਹਾਂ ਭਾਂਪ ਲਈ ਸੀ।
ਉਨ੍ਹਾਂ ਕਿਹਾ, ‘‘ਮੈਨੂੰ ਸਿਰਫ਼ ਇੱਕ ਦਿਨ ਦਾ ਸਮਾਂ ਹੋਰ ਦਿਓ, ਮੈਂ ਇਸ ਬਾਰੇ ਹੋਰ ਪਤਾ ਕਰਦਾ ਹਾਂ।’’ ਮੈਂ ਉਨ੍ਹਾਂ ਨੂੰ ਫਿਲੌਰ ਅਕੈਡਮੀ ਦੇ ਰਿਕਾਰਡ ਰਜਿਸਟਰ ਦੇ ਉਸ ਪੰਨੇ ਦੀ ਤਸਵੀਰ ਭੇਜ ਦਿੱਤੀ ਜਿਸ ’ਤੇ ਹਥਿਆਰਾਂ ਨੂੰ ਤਬਦੀਲ ਕਰਨ ਬਾਰੇ ਲਿਖਿਆ ਹੋਇਆ ਸੀ। ਇਨ੍ਹਾਂ ਹਥਿਆਰਾਂ ਵਿੱਚ ਪਿਸਤੌਲ ਨੰਬਰ 168896 ਵੀ ਸ਼ਾਮਲ ਸੀ।
ਅਗਲੇ ਦਿਨ ਵੀ ਉਨ੍ਹਾਂ ਦਾ ਜਵਾਬ ਉਹੀ ਸੀ। ਉਨ੍ਹਾਂ ਕਿਹਾ, ‘‘ਮਿਊਜ਼ੀਅਮ ਦੇ ਰਿਕਾਰਡ ਵਿੱਚ ਕਿਧਰੇ ਵੀ ‘ਭਗਤ ਸਿੰਘ ਦੇ ਪਿਸਤੌਲ’ ਦਾ ਕੋਈ ਜ਼ਿਕਰ ਨਹੀਂ ਹੈ। ਇਹ ਪਿਸਤੌਲ ਸਾਡੇ ਮਿਊਜ਼ੀਅਮ ’ਚ ਡਿਸਪਲੇਅ ਨਹੀਂ ਕੀਤਾ ਹੋਇਆ। ਪਰ ਤੁਸੀਂ ਹੁਣ ਜਦੋਂ ਇੰਨਾ ਜ਼ੋਰ ਪਾ ਰਹੇ ਹੋ ਤਾਂ ਅਸੀਂ ਹੋਰ ਰਿਕਾਰਡ ਚੈੱਕ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਤੇ ਇੱਥੋਂ ਬੀਐੱਸਐਫ ਦੇ ਕਿਸੇ ਹੋਰ ਮਿਊਜ਼ੀਅਮ ਵਿੱਚ ਤਬਦੀਲ ਤਾਂ ਨਹੀਂ ਕਰ ਦਿੱਤਾ ਗਿਆ?”
ਮੈਂ ਇੱਕ ਵਾਰ ਫਿਰ ਸੀ.ਐੱਸ.ਡਬਲਿਊ.ਟੀ. ਫੋਨ ਘੁਮਾਇਆ ਅਤੇ ਅਪਰੇਟਰ ਨੂੰ ਸਕੂਲ ਦੇ ਡਾਇਰੈਕਟਰ ਨਾਲ ਗੱਲ ਕਰਵਾਉਣ ਦੀ ਬੇਨਤੀ ਕੀਤੀ। ਪੰਜਾਬ ਪੁਲੀਸ ਅਕੈਡਮੀ ਵਿੱਚ ਜਿਵੇਂ ‘ਬੌਸ’ (ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਅਕੈਡਮੀ ਦੇ ਡਾਇਰੈਕਟਰ ਕੁਲਦੀਪ ਸਿੰਘ) ਵੱਲੋਂ ਮੈਨੂੰ ਅਕੈਡਮੀ ’ਚ ਪੂਰੀ ਰਸਾਈ ਦੇ ਹੁਕਮ ਮਗਰੋਂ ਗੱਲ ਕਿਸੇ ਕੰਢੇ ਲੱਗੀ ਸੀ, ਮੈਨੂੰ ਲੱਗਿਆ ਕਿ ਚਾਹੀਦਾ ਤਾਂ ਹੁਣ ਵੀ ਇਹੀ ਹੈ ਕਿ ਇਸ ਪਿਸਤੌਲ ਦੇ ਇਤਿਹਾਸਕ ਮਹੱਤਵ ਬਾਰੇ ਸੀ.ਐਸ.ਡਬਲਿਊ.ਟੀ. ਦੇ ਬੌਸ ਨੂੰ ਸਮਝਾਇਆ ਜਾਵੇ।
ਪਰ ਡਾਇਰੈਕਟਰ ਨਾਲ ਟੈਲੀਫੋਨ ’ਤੇ ਸੰਪਰਕ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਉਹ ਇੱਕ ਵੱਡੇ ਅਦਾਰੇ ਦੀ ਅਗਵਾਈ ਕਰ ਰਹੇ ਸਨ। ਲਾਜ਼ਮੀ ਹੈ ਕਿ ਉਹ ਬਹੁਤ ਸਾਰੇ ਕੰਮਾਂ ਵਿੱਚ ਰੁੱਝੇ ਹੋਣਗੇ ਅਤੇ ਇਸ ਤੋਂ ਇਲਾਵਾ ਬੀਐੱਸਐਫ ਦੇ ਸੰਵੇਦਨਸ਼ੀਲ ਸਿਖਲਾਈ ਅਮਲ ਕਾਰਨ ਵੀ ਉਨ੍ਹਾਂ ਤੱਕ ਪਹੁੰਚ ਸੌਖੀ ਨਹੀਂ ਸੀ। ਅਖ਼ੀਰ ਤੀਜੇ ਦਿਨ ਮੈਂ ਆਈਜੀ ਪੰਕਜ ਨਾਲ ਗੱਲ ਕਰਨ ’ਚ ਸਫ਼ਲ ਹੋਇਆ। ਆਈਜੀ ਨੇ ਜਿੰਨੇ ਨਿੱਘ ਨਾਲ ਮੇਰੇ ਨਾਲ ਗੱਲਬਾਤ ਕੀਤੀ, ਉਸ ਤੋਂ ਮੈਂ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਿਆ। ਮੈਂ ਹਾਲਾਂਕਿ ਆਈਜੀ ਨਾਲ ਅੰਗਰੇਜ਼ੀ ਵਿੱਚ ਗੱਲ ਕੀਤੀ ਪਰ ਉਨ੍ਹਾਂ ਅੱਗਿਓਂ ਮੇਰੀ ਗੱਲ ਦਾ ਜਵਾਬ ਪੰਜਾਬੀ ਵਿੱਚ ਦਿੱਤਾ। ਉਹ ਤਿੰਨ ਸਾਲ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਨਿਯੁਕਤ ਰਹੇ ਸਨ। ਉਨ੍ਹਾਂ ਨੂੰ ਹੋਰਨਾਂ ਦੇ ਮੁਕਾਬਲੇ ਇਹ ਗੱਲ ਵਧੇਰੇ ਚੰਗੀ ਤਰ੍ਹਾਂ ਪਤਾ ਸੀ ਕਿ ਪੰਜਾਬੀਆਂ ਲਈ ਭਗਤ ਸਿੰਘ ਦਾ ਕੀ ਮਹੱਤਵ ਹੈ। ਉਹ ਸਾਡੇ ਅਖ਼ਬਾਰ ਦੇ ਇਤਿਹਾਸ ਤੋਂ ਵੀ ਵਾਕਿਫ਼ ਸਨ। ‘ਦਿ ਟ੍ਰਿਬਿਊਨ’ ਉੱਤਰੀ ਭਾਰਤ ਵਿੱਚ ਵਿਕਣ ਵਾਲਾ ਸਭ ਤੋਂ ਵੱਡਾ ਅਖ਼ਬਾਰ ਹੈ। ਇਹ ਦੇਸ਼ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ ਹੈ। ਇਸ ਦੀ ਪ੍ਰਕਾਸ਼ਨਾ 1881 ਵਿੱਚ ਸ਼ੁਰੂ ਹੋਈ ਸੀ।
ਉਨ੍ਹਾਂ ਮੈਨੂੰ ਫਿਲੌਰ ਅਕੈਡਮੀ ਦੇ ਰਿਕਾਰਡ ਰਜਿਸਟਰ ਦੀ ਕਾਪੀ ਭੇਜਣ ਲਈ ਕਿਹਾ ਅਤੇ ਵਾਅਦਾ ਕੀਤਾ ਕਿ ਉਹ ਖ਼ੁਦ ਇਸ ਸਾਰੇ ਮਾਮਲੇ ਨੂੰ ਦੇਖਣਗੇ। ਉਨ੍ਹਾਂ ਦੀ ਗੱਲ ਸੁਣ ਕੇ ਮੈਨੂੰ ਯਕੀਨ ਹੋ ਗਿਆ ਕਿ ਉਹ ਵਾਕਈ ਮੇਰੀ ਮਦਦ ਕਰਨਗੇ। ਉਨ੍ਹਾਂ ਮੈਨੂੰ ਕਿਹਾ ਕਿ ਜਦੋਂ ਵੀ ਇਸ ਬਾਰੇ ਕੁਝ ਪਤਾ ਲੱਗੇਗਾ ਤਾਂ ਉਹ ਮੇਰੇ ਨਾਲ ਸੰਪਰਕ ਕਰਨਗੇ। ਮੇਰੇ ਲਈ ਇਹ ਉਡੀਕ ਬਹੁਤ ਲੰਬੀ ਸੀ। ਗੱਲ ਕੀ, ਇੱਕ ਦਿਨ ਦੀ ਹੋਰ ਉਡੀਕ ਕਰਨਾ ਵੀ ਮੈਨੂੰ ਔਖਾ ਹੋਇਆ ਪਿਆ ਸੀ। ਮੈਂ ਫਿਰ ਉਨ੍ਹਾਂ ਨੂੰ ਫੋਨ ਕੀਤਾ। ਉਨ੍ਹਾਂ ਅੱਗਿਓਂ ਮੈਨੂੰ ਕਿਹਾ, ‘‘ਥੋੜ੍ਹਾ ਹੋਰ ਉਡੀਕ ਕਰੋ ਤੇ ਜ਼ਰਾ ਸਬਰ ਰੱਖੋ।’’
ਪਤਾ ਨਹੀਂ ਕਿਉਂ ਮੈਨੂੰ ਉਨ੍ਹਾਂ ’ਤੇ ਭਰੋਸਾ ਸੀ ਕਿ ਉਹ ਮੇਰੇ ਨਾਲ ਅਫਸਰਸ਼ਾਹੀ ਦਾ ਖ਼ਾਸ ‘ਉਡੀਕ ਕਰੋ’ ਵਾਲਾ ਰਵੱਈਆ ਨਹੀਂ ਅਪਣਾ ਰਹੇ । ਇਸੇ ਦੌਰਾਨ ਮੈਨੂੰ ਨਾਲ ਹੀ ਇਹ ਖ਼ਿਆਲ ਵੀ ਆਉਂਦਾ ਕਿ ਕਿਤੇ ਰਿਕਾਰਡ ਵਿੱਚ ਜਿਸ ਪਿਸਤੌਲ ਦਾ ਜ਼ਿਕਰ ਹੈ, ਉਹ ਮਿਊਜ਼ੀਅਮ ਜਾਂ ਸਟੋਰ ਵਿੱਚੋਂ ਲਾਪਤਾ ਤਾਂ ਨਹੀਂ?
ਕੋਈ ਤੀਜੇ ਦਿਨ ਫੋਨ ’ਤੇ ਦੂਜੇ ਪਾਸਿਓਂ ਮੈਨੂੰ ਬਹੁਤ ਉਤਸ਼ਾਹ ਭਰੀ ਆਵਾਜ਼ ਸੁਣਾਈ ਦਿੱਤੀ। ਇਹ ਉਤਸ਼ਾਹ ਬਿਲਕੁਲ ਉਵੇਂ ਦਾ ਸੀ ਜਿਵੇਂ ਫਿਲੌਰ ਅਕੈਡਮੀ ਵਿੱਚ ਡੀਆਈਜੀ ਰਵਚਰਨ ਬਰਾੜ ਦਾ ਭਗਤ ਸਿੰਘ ਦੇ ਪਿਸਤੌਲ ਦਾ ਰਿਕਾਰਡ ਲੱਭਣ ਵੇਲੇ ਸੀ।
ਆਈਜੀ ਪੰਕਜ ਨੇ ਫੌਰੀ ਗ਼ੈਰ-ਰਸਮੀ ਅੰਦਾਜ਼ ਵਿੱਚ ਮੈਨੂੰ ਉੱਚੀ ਆਵਾਜ਼ ’ਚ ਕਿਹਾ, ‘‘ਤੇਰਾ ਪਿਸਤੌਲ ਲੱਭ ਗਿਆ ਹੈ।’’ ਆਈ.ਜੀ. ਦੀ ਗੱਲ ਸੁਣ ਕੇ ਮੈਂ ਹੱਦੋਂ ਵੱਧ ਖ਼ੁਸ਼ ਸੀ ਅਤੇ ਮੈਂ ਉਨ੍ਹਾਂ ਦਾ ਉਵੇਂ ਸ਼ੁਕਰੀਆ ਅਦਾ ਕਰ ਰਿਹਾ ਸੀ ਜਿਵੇਂ ਕੋਈ ਪ੍ਰੇਮੀ ਆਪਣੀ ਮਹਿਬੂਬਾ ਦੇ ਪਿਤਾ ਵੱਲੋਂ ਉਸ ਦਾ ਰਿਸ਼ਤਾ ਪ੍ਰਵਾਨ ਕਰ ਲੈਣ ’ਤੇ ਕਰਦਾ ਹੈ। ਮੈਂ ਆਈਜੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਪਿਸਤੌਲ ਦੀ ਤਸਵੀਰ ਭੇਜ ਦੇਣ ਤਾਂ ਜੋ ਅਸੀਂ ਖ਼ਬਰ ਦੇ ਨਾਲ ਉਸ ਨੂੰ ਅਖ਼ਬਾਰ ਵਿੱਚ ਛਾਪ ਸਕੀਏ।
ਉਨ੍ਹਾਂ ਮੇਰੀ ਇਹ ਬੇਨਤੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਟਰੇਨਿੰਗ ਸਕੂਲ ਤੋਂ ਕੋਈ ਵੀ ਤਸਵੀਰ ਬਿਨਾਂ ਪ੍ਰਵਾਨਗੀ ਦੇ ਨਹੀਂ ਦਿੱਤੀ ਜਾ ਸਕਦੀ। ਮੇਰੇ ਲਈ ਹੁਣ ਹੋਰ ਇੰਤਜ਼ਾਰ ਕਰਨਾ ਔਖਾ ਸੀ। 9 ਨਵੰਬਰ ਨੂੰ ਅਸੀਂ ਭਗਤ ਸਿੰਘ ਦਾ ਪਿਸਤੌਲ ਬੀ.ਐੱਸ.ਐਫ. ਦੇ ਇੰਦੌਰ ਮਿਊਜ਼ੀਅਮ ’ਚੋਂ ਲੱਭਣ ਬਾਰੇ ਖ਼ਬਰ ਛਾਪੀ। ਪੰਜਾਬ ਦੇ ਲੋਕਾਂ ਲਈ ਇਹ ਬੇਹੱਦ ਖ਼ੁਸ਼ੀ ਵਾਲੀ ਖ਼ਬਰ ਸੀ ਕਿਉਂਕਿ ਉਨ੍ਹਾਂ ਦੇ ਸ਼ਹੀਦ ਪੁੱਤਰ ਦਾ ਪਿਸਤੌਲ ਆਖ਼ਰ ਲੱਭ ਗਿਆ ਸੀ।
ਸੰਪਰਕ: 98729-99203

'ਮੈਂ ਬੇਹੱਦ ਖ਼ੁਸ਼ ਸੀ। ਹੁਣ ਸਾਨੂੰ ਸਪੱਸ਼ਟ ਹੋ ਗਿਆ ਸੀ ਕਿ ਇਸ ਸਮੇਂ ਤੱਕ ਇਹ ਪਿਸਤੌਲ ਅਕੈਡਮੀ ਵਿੱਚ ਹੀ ਸੀ। ਇਸ ਨੂੰ 7 ਅਕਤੂਬਰ 1969 ਨੂੰ ਇੱਥੋਂ ਤਬਦੀਲ ਕੀਤਾ ਗਿਆ ਸੀ। ਇਸ ਤਰੀਕ ਤੋਂ ਠੀਕ 39 ਸਾਲ ਪਹਿਲਾਂ ਟ੍ਰਿਬਿਊਨਲ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਹੇ ਲਾਉਣ ਦਾ ਹੁਕਮ ਸੁਣਾਇਆ ਸੀ। ਪਤਾ ਨਹੀਂ, ਇਹ ਮਹਿਜ਼ ਇਤਫ਼ਾਕ ਸੀ ਜਾਂ ਫਿਰ ਇਸ ਦਿਨ ਕਾਰਨ ਇਹ ਪਿਸਤੌਲ ਇੰਦੌਰ ਮਿਊਜ਼ੀਅਮ ’ਚ ਤਬਦੀਲ ਕੀਤਾ ਗਿਆ ਸੀ।

 

Advertisement

ਇਉਂ ਪੰਜਾਬ ਮੁੜਿਆ ਪਿਸਤੌਲ

ਭਗਤ ਸਿੰਘ ਦਾ ਪਿਸਤੌਲ ਚੁੱਕੀ ਖੜ੍ਹਾ ਲੇਖਕ।

ਪਿਸਤੌਲ ਲੱਭੇ ਜਾਣ ਦੀਆਂ ਰਿਪੋਰਟਾਂ ਛਪਣ ਉਪਰੰਤ ਪੰਜਾਬ ਦੇ ‘ਪੀ.ਆਈ.ਐਲ. ਮੈਨ’ ਐਚ.ਸੀ. ਅਰੋੜਾ ਦੀ ਇਸ ਮੁੱਦੇ ’ਤੇ ਨਿੱਜੀ ਹੈਸੀਅਤ ਵਿੱਚ ਸਰਗਰਮੀ ਸਾਹਮਣੇ ਆਈ। ਸ੍ਰੀ ਅਰੋੜਾ ਨੇ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ 9 ਮਾਰਚ 2017 ਨੂੰ ਭਗਤ ਸਿੰਘ ਦੇ ਪਿਸਤੌਲ ਦੇ ਮਾਮਲੇ ’ਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਅਦਾਲਤ ਦੇ ਦਖ਼ਲ ਦੀ ਮੰਗ ਕੀਤੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਕਿ ਸ਼ਹੀਦ-ਏ-ਆਜ਼ਮ ਵੱਲੋਂ ਸਾਂਡਰਸ ਨੂੰ ਮਾਰਨ ਲਈ ਵਰਤੇ ਗਏ ਪਿਸਤੌਲ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਣੀ ਬਣਦੀ ਹੈ ਅਤੇ ਇਸ ਪਿਸਤੌਲ ਨੂੰ ਭਗਤ ਸਿੰਘ ਦੇ ਪੰਜਾਬ ਵਿਚਲੇ ਜੱਦੀ ਪਿੰਡ ਵਿੱਚ ਸ਼ਹੀਦ ਦੇ ਨਾਂ ‘ਤੇ ਕਾਇਮ ਕੀਤੇ ਮਿਊਜ਼ੀਅਮ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਹੀ ਢੁੱਕਵਾਂ ਰਹੇਗਾ ਕਿ ਬੀਐੱਸਐਫ ਦੇ ਡਾਇਰੈਕਟਰ ਜਨਰਲ ਵੱਲੋਂ ਇਹ ਪਿਸਤੌਲ ਪੰਜਾਬ ਸਰਕਾਰ ਨੂੰ ਦੇ ਦਿੱਤਾ ਜਾਵੇ ਤਾਂ ਜੋ ਇਸ ਨੂੰ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਚਲੇ ਮਿਊਜ਼ੀਅਮ ਵਿੱਚ ਆਮ ਲੋਕਾਂ ਦੇ ਦੇਖਣ ਲਈ ਰੱਖਿਆ ਜਾ ਸਕੇ। ਇੱਥੇ ਵਰਣਨਯੋਗ ਹੈ ਕਿ ਇਹ ਮਿਊਜ਼ੀਅਮ ਆਮ ਲੋਕਾਂ ਲਈ ਖੁੱਲ੍ਹਾ ਹੈ ਜਦੋਂਕਿ ਬੀਐੱਸਐਫ ਦੇ ਸੈਂਟਰਲ ਸਕੂਲ ਔਫ ਵੈਪਨਜ਼ ਐਂਡ ਟੈਕਟਿਕਸ, ਇੰਦੌਰ ਵਿਚਲਾ ਮਿਊਜ਼ੀਅਮ ਆਮ ਲੋਕਾਂ ਲਈ ਖੁੱਲ੍ਹਾ ਨਹੀਂ ਹੈ। ਇਸ ਤੋਂ ਇਲਾਵਾ ਖਟਕੜ ਕਲਾਂ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਹੋਰ ਵਸਤਾਂ ਵੀ ਪਈਆਂ ਹਨ।
ਇਹ ਦਲੀਲ ਵੀ ਦਿੱਤੀ ਗਈ, “ਪੰਜਾਬ ਸਰਕਾਰ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਰਾਹੀਂ ਬੀ.ਐੱਸ.ਐਫ. ਨੂੰ ਇਹ ਪਿਸਤੌਲ ਪੰਜਾਬ ਨੂੰ ਦੇਣ ਬਾਰੇ ਬੇਨਤੀ ਕੀਤੀ ਹੈ। ਬੀ.ਐੱਸ.ਐਫ. ਕੋਲ ਉਠਾਇਆ ਗਿਆ ਇਹ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਅਤੇ ਨਾ ਹੀ ਇਸ ਬਾਰੇ ਕੋਈ ਜਵਾਬ ਮਿਲਿਆ ਹੈ। ਇਸ ਤਰ੍ਹਾਂ ਪਟੀਸ਼ਨਰ (ਸ੍ਰੀ ਅਰੋੜਾ) ਕੋਲ ਲੋਕ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਇਸ ਮਾਮਲੇ ਵਿੱਚ ਆਪਣੀ ਸ਼ਿਕਾਇਤ ਦੇ ਨਿਵਾਰਣ ਲਈ ਅਦਾਲਤ ਤੱਕ ਪਹੁੰਚ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ।”
ਇਸ ਪਟੀਸ਼ਨ ਮਗਰੋਂ ਅਦਾਲਤ ਵੱਲੋਂ ਬੀ.ਐੱਸ.ਐਫ. ਨੂੰ ਨੋਟਿਸ ਜਾਰੀ ਕੀਤਾ ਗਿਆ, ਜਿਸ ਨਾਲ ਅੱਗੋਂ ਘਟਨਾਕ੍ਰਮ ਦੀ ਲੜੀ ਤੁਰ ਪਈ। ਸਭ ਤੋਂ ਪਹਿਲਾਂ ਤਾਂ ਬੀ.ਐੱਸ.ਐਫ. ਨੇ ਇਹ ਪਿਸਤੌਲ ਸੌਂਪਣ ਤੋਂ ਨਾਂਹ ਕਰ ਦਿੱਤੀ ਅਤੇ ਫਿਰ ਇਸ ਗੱਲ ਦਾ ਸਬੂਤ ਮੰਗਿਆ ਗਿਆ ਕਿ ਕੀ ਇਹ ਪਿਸਤੌਲ ਕਦੇ ਭਗਤ ਸਿੰਘ ਨੇ ਵਰਤਿਆ ਸੀ। ਇਹ ਮਾਮਲਾ ਅਜੇ ਸੁਣਵਾਈ ਅਧੀਨ ਹੀ ਸੀ ਕਿ ਬੀਐੱਸਐਫ ਨੇ ਆਪਣੇ ਆਪ ਇੱਕ ਫ਼ੈਸਲਾ ਲੈ ਲਿਆ। ਇਸ ਨੇ ਅਗਲੇ ਕਿਸੇ ਵੀ ਫ਼ੈਸਲੇ ਲਈ ਇਹ ਪਿਸਤੌਲ ਆਪਣੇ ਪੰਜਾਬ ਵਿਚਲੇ ਸਰਹੱਦੀ ਹੈੱਡਕੁਆਰਟਰ ਵਿੱਚ ਤਬਦੀਲ ਕਰ ਦਿੱਤਾ। ਮੈਨੂੰ ਇਹ ਪਿਸਤੌਲ ਬੀਐੱਸਐਫ ਦੇ ਹੁਸੈਨੀਵਾਲਾ ਮਿਊਜ਼ੀਅਮ ਵਿੱਚ ਤਬਦੀਲ ਅਤੇ ਪ੍ਰਦਰਸ਼ਿਤ ਕੀਤੇ ਜਾਣ ਬਾਰੇ ਪਤਾ ਲੱਗਿਆ। ਇਸ ਤਰ੍ਹਾਂ ਬੀਐੱਸਐਫ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਲਏ। ਉਨ੍ਹਾਂ ਪਿਸਤੌਲ ਪੰਜਾਬ ਭੇਜ ਵੀ ਦਿੱਤਾ ਅਤੇ ਇਸ ਨੂੰ ਰੱਖਿਆ ਵੀ ਆਪਣੇ ਕੋਲ ਹੀ। ਹੁਸੈਨੀਵਾਲਾ ਮਿਊਜ਼ੀਅਮ ਵਿੱਚ ਰੱਖਿਆ ਗਿਆ ਇਹ ਪਿਸਤੌਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ।

Advertisement
Tags :
Bhagat SinghBhagat Singh PistolShaheed Bhagat Singh