ਪੀਰਖਾਨਾ ਬੇਅਦਬੀ ਮਾਮਲਾ: ਵਫ਼ਦ ਉਪ ਪੁਲੀਸ ਕਪਤਾਨ ਨੂੰ ਮਿਲਿਆ
ਪੱਤਰ ਪ੍ਰੇਰਕ
ਅਮਲੋਹ, 2 ਅਕਤੂਬਰ
ਅਮਲੋਹ ਦੇ ਬੁੱਗਾ ਕੈਂਚੀਆਂ ਸਥਿਤ ਪੀਰ ਖਾਨੇ ਦੇ ਸਥਾਨ ਉੱਪਰ ਕਥਿਤ ਬੇਅਦਬੀ ਦੇ ਮਾਮਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਦਾ ਇੱਕ ਵਫ਼ਦ ਉਪ ਪੁਲੀਸ ਕਪਤਾਨ ਅਮਲੋਹ ਨੂੰ ਮਿਲਿਆ। ਵਫ਼ਦ ਦੇ ਮੈਂਬਰਾਂ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਵਫ਼ਦ ਵਿੱਚ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਮੀਤ ਪ੍ਰਧਾਨ ਰਘਵੀਰ ਸਿੰਘ ਬਡਲਾ, ਕਾਫ਼ਲਾ-ਏ-ਮੀਰ ਮਰਦਾਨੇਕੇ ਦੇ ਸੂਬਾ ਜਨਰਲ ਸਕੱਤਰ ਹਾਜ਼ੀ ਮਸ਼ਹੂਰ ਅਲੀ, ਸਰਪ੍ਰਸਤ ਨਜ਼ੀਰ ਮੁਹੰਮਦ, ਜਰਨਲ ਸਕੱਤਰ ਮੁਸਲਿਮ ਮੀਰ ਮੀਰਸੀ ਸੰਸਥਾ ਦਿੱਲੀ ਜ਼ਮੀਰ ਅਲੀ, ਰਵੀਨਾ ਬੇਗਮ ਪ੍ਰਧਾਨ ਮਹਿਲਾ ਵਿੰਗ, ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਭਾ ਅਮਲੋਹ ਹਰਭਜਨ ਸਿੰਘ, ਨਿਹੰਗ ਜਥੇਬੰਦੀ ਦੇ ਕਮਲਜੀਤ ਸਿੰਘ ਖਾਲਸਾ, ਤਰਨਾ ਦਲ ਤੋਂ ਲਵਪ੍ਰੀਤ ਸਿੰਘ ਖਾਲਸਾ, ਨਿਹੰਗ ਬਾਬਾ ਅਵਤਾਰ ਸਿੰਘ ਖਾਲਸਾ ਬੁੱਢਾ ਦਲ, ਪਵਨ ਕੁਮਾਰ ਅਮਲੋਹ ਅਤੇ ਇਮਰਾਨ ਕਲੇਟ ਅਮਲੋਹ ਆਦਿ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਜ਼ੀ ਮਸ਼ਹੂਰ ਅਲੀ, ਲੋਕ ਚੇਤਨਾ ਲਹਿਰ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਬਡਲਾ ਅਤੇ ਖਲੀਫਾ ਬੂਟੇ ਸ਼ਾਹ ਸਾਬਰੀ ਨੇ ਦੋਸ਼ ਲਾਇਆ ਕਿ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਉਪ ਪੁਲੀਸ ਕਪਤਾਨ ਦੇ ਦਫ਼ਤਰ ਦੀ ਹਦੂਦ ਵਿੱਚ ਹੀ ਪਿਛਲੇ ਦਿਨੀਂ ਸ਼ਿਕਾਇਤਕਰਤਾ ਬੂਟੇ ਸ਼ਾਹ ਸਾਬਰੀ ਉੱਪਰ ਹਮਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ, ਪੁਲੀਸ ਜ਼ਿੰਮੇਵਾਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ।