For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ

06:59 AM Jul 15, 2024 IST
ਪੰਜਾਬ ਵਿੱਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ
ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤ ਵਿੱਚ ਖੜ੍ਹਾ ਅਬੋਹਰ ਦੇ ਪਿੰਡ ਪੱਤੀ ਸਾਦਿਕ ਦਾ ਕਿਸਾਨ ਗੁਰਪ੍ਰੀਤ ਸਿੰਘ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੁਲਾਈ
ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ ਵਿੱਚ ਨੌਬਤ ਫ਼ਸਲ ਵਾਹੁਣ ਤੱਕ ਦੀ ਬਣ ਗਈ ਹੈ। ਗੁਲਾਬੀ ਸੁੰਡੀ ਨੇ ਖੇਤੀ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਗੁਲਾਬੀ ਸੁੰਡੀ ਦਾ ਹਮਲਾ ਮਾਰੂ ਪੜਾਅ ਤੋਂ ਹੇਠਾਂ ਹੈ ਪ੍ਰੰਤੂ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਐਤਕੀਂ ਪਹਿਲੀ ਸੱਟ ਉਦੋਂ ਵੱਜੀ ਸੀ ਜਦੋਂ ਨਰਮੇ ਹੇਠਲਾ ਰਕਬਾ ਘੱਟ ਕੇ ਸਿਰਫ਼ 99,702 ਹੈਕਟੇਅਰ ਰਹਿ ਗਿਆ ਅਤੇ ਹੁਣ ਉੱਪਰੋਂ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ।
ਰਾਜਸਥਾਨ ਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਨੇ ਕਾਫ਼ੀ ਫ਼ਸਲ ਪ੍ਰਭਾਵਿਤ ਕੀਤੀ ਹੈ। ਪੰਜਾਬ ਦੀ ਅੰਤਰ-ਰਾਜੀ ਸੀਮਾ ਨਾਲ ਲੱਗਦੇ ਪਿੰਡਾਂ ਨੂੰ ਅਗੇਤ ਵਿੱਚ ਹੀ ਗੁਲਾਬੀ ਸੁੰਡੀ ਨੇ ਝੰਬ ਦਿੱਤਾ ਹੈ। ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ ਵਿੱਚ ਗੁਲਾਬੀ ਸੁੰਡੀ ਦੀ ਕਾਫ਼ੀ ਮਾਰ ਪਈ ਹੈ। ਮਿਲੇ ਵੇਰਵਿਆਂ ਅਨੁਸਾਰ ਅਬੋਹਰ ਖਿੱਤੇ ਵਿੱਚ ਨਰਮੇ ਦੀ ਅਗੇਤੀ ਫ਼ਸਲ ਗੁਲਾਬੀ ਸੁੰਡੀ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਭੋਮਾ ਵਿੱਚ ਕਿਸਾਨ ਸੁਰਜੀਤ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਮਗਰੋਂ ਆਪਣੀ ਡੇਢ ਏਕੜ ਫ਼ਸਲ ਹੀ ਵਾਹ ਦਿੱਤੀ। ਇਸੇ ਤਰ੍ਹਾਂ ਕਿਸਾਨ ਮੰਦਰ ਸਿੰਘ ਨੂੰ ਇੱਕ ਏਕੜ ਫ਼ਸਲ ਵਾਹੁਣੀ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕਾਂ ’ਤੇ ਮਹਿੰਗੇ ਖ਼ਰਚੇ ਕਰਨ ਦੀ ਹੁਣ ਪਹੁੰਚ ਨਹੀਂ ਰਹੀ। ਇਸੇ ਤਰ੍ਹਾਂ ਪਿੰਡ ਦਲਮੀਰ ਖੇੜਾ ਵਿੱਚ ਵੀ ਇੱਕ ਕਿਸਾਨ ਵੱਲੋਂ ਫ਼ਸਲ ਵਾਹੇ ਜਾਣ ਦੀ ਖ਼ਬਰ ਹੈ।
ਕਿਸਾਨ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿੱਚ ਅਜਿਹੇ ਹਾਲਾਤ ਬਣਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਨਰਮਾ ਢਾਈ-ਢਾਈ ਫੁੱਟ ਦਾ ਹੋ ਗਿਆ ਹੈ ਅਤੇ ਫੁੱਲ ਪੈਣ ਦੇ ਨਾਲ ਹੀ ਗੁਲਾਬੀ ਸੁੰਡੀ ਦਿਖਣ ਲੱਗੀ ਹੈ। ਕਿਸਾਨ ਵਿਨੋਦ ਆਖਦਾ ਹੈ ਕਿ ਨਰਮਾ ਕਾਸ਼ਤਕਾਰ ਡਰੇ ਹੋਏ ਹਨ ਅਤੇ ਉਹ ਗੁਲਾਬੀ ਸੁੰਡੀ ਅੱਗੇ ਹੱਥ ਖੜ੍ਹੇ ਕਰਨ ਲੱਗੇ ਹਨ। ਅਬੋਹਰ ਦੇ ਪਿੰਡ ਪੱਤੀ ਸਾਦਿਕ ਦੇ ਕਿਸਾਨ ਗੁਰਪ੍ਰੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਐਤਕੀਂ ਗੁਲਾਬੀ ਸੁੰਡੀ ਮੁੜ ਫ਼ਸਲਾਂ ’ਤੇ ਦਿਖ ਰਹੀ ਹੈ ਜਿਸ ਕਰ ਕੇ ਉਹ ਬਹੁਤੇ ਆਸਵੰਦ ਨਹੀਂ ਹਨ। ਉਨ੍ਹਾਂ ਨੇ ਪਿਛਲੇ ਸਾਲ ਨਾਲੋਂ ਐਤਕੀਂ ਨਰਮੇ ਦੀ ਬਿਜਾਂਦ ਘਟਾਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਵਿੱਚ ਕਿਤੇ ਫ਼ਸਲਾਂ ਠੀਕ ਹਨ ਅਤੇ ਕਿਤੇ ਗੁਲਾਬੀ ਸੁੰਡੀ ਦਾ ਕਹਿਰ ਹੈ। ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਕਿਸਾਨ ਟੇਕ ਸਿੰਘ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਤੋਂ ਹਾਲੇ ਤਾਂ ਬਚਾਅ ਹੈ। ਸ਼ੁਰੂ ਵਿੱਚ ਚਿੱਟੇ ਮੱਛਰ ਦੀ ਸ਼ਿਕਾਇਤ ਸੀ ਪਰ ਮਗਰੋਂ ਬਾਰਿਸ਼ ਨੇ ਮੱਛਰ ਨੂੰ ਝਾੜ ਦਿੱਤਾ ਸੀ। ਮਾਨਸਾ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਫੁੱਲ ਆਉਣ ਤੋਂ ਪਹਿਲਾਂ ਹੀ ਗੁਲਾਬੀ ਸੁੰਡੀ ਦਿਖਣ ਲੱਗੀ ਹੈ। ਉਹ ਦੋ ਕੀਟਨਾਸ਼ਕਾਂ ਦਾ ਛਿੜਕਾਅ ਵੀ ਕਰ ਚੁੱਕਾ ਹੈ। ਚੇਤੇ ਰਹੇ ਕਿ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਕਾਰਨ ਫ਼ਸਲਾਂ ਪ੍ਰਭਾਵਿਤ ਹੋਈਆਂ ਸਨ। ਪੰਜਾਬ ਦੀ ਨਰਮਾ ਪੱਟੀ ਨੂੰ ਕਦੇ ਚਿੱਟੀ ਮੱਖੀ ਅਤੇ ਕਦੇ ਗੁਲਾਬੀ ਸੁੰਡੀ ਦੀ ਮਾਰ ਝੱਲਣੀ ਪਈ ਹੈ। ਸਾਲ 2015 ਵਿੱਚ ਤਾਂ ਚਿੱਟੀ ਮੱਖੀ ਨੇ ਪੂਰੀ ਫ਼ਸਲ ਹੀ ਤਬਾਹ ਕਰ ਦਿੱਤੀ ਸੀ। ਇਨ੍ਹਾਂ ਸੰਕਟਾਂ ਦੀ ਬਦੌਲਤ ਪੰਜਾਬ ਵਿੱਚ ਨਰਮੇ ਹੇਠਲਾ ਰਕਬਾ ਲਗਾਤਾਰ ਘੱਟ ਰਿਹਾ ਹੈ। ਸਾਲ 1990-91 ਵਿੱਚ ਰਿਕਾਰਡ ਰਕਬਾ 7.01 ਲੱਖ ਹੈਕਟੇਅਰ ਨਰਮੇ ਦੀ ਬਿਜਾਈ ਹੇਠ ਸੀ ਜੋ ਕਿ ਹੁਣ ਘੱਟ ਕੇ 96 ਹਜ਼ਾਰ ਹੈਕਟੇਅਰ ’ਤੇ ਆ ਗਿਆ ਹੈ।

Advertisement

ਟੀਮਾਂ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਅੱਜ ਤੋਂ: ਡਾਇਰੈਕਟਰ

ਪੰਜਾਬ ਦੇ ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਹਮਲਾ ਚਿੰਤਾ ਦਾ ਕਾਰਨ ਹੈ ਪ੍ਰੰਤੂ ਮਹਿਕਮਾ ਇਸ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਡਾਇਰੈਕਟਰ ਦੀ ਅਗਵਾਈ ਵਿੱਚ ਸੋਮਵਾਰ ਤੋਂ ਟੀਮਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੀਆਂ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਜਾ ਸਕੇ। ਉਹ ਕਿਸਾਨਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਸਲਾਹ ਦੇ ਸਕਦੇ ਹਨ।

Advertisement
Author Image

sukhwinder singh

View all posts

Advertisement
Advertisement
×