ਸਕੂਲੀ ਪਾੜ੍ਹਿਆਂ ਨੂੰ ਸਿੱਖਿਅਤ ਕਰਨ ਲਈ ਪਾਇਲਟ ਪ੍ਰਾਜੈਕਟ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਸਤੰਬਰ
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਜ਼ਿਲ੍ਹੇ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਲਈ ਆਧੁਨਿਕ ਤਕਨਾਲੋਜੀ ਉਤੇ ਅਧਾਰਤ ਵਿੱਦਿਅਕ ਮੌਕੇ ਵਧਾਉਣ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਗੂਗਲ ਟੀਮ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਗੂਗਲ ਦੇ ਪ੍ਰੋਗਰਾਮ ਮੈਨੇਜਰ ਅਭਿਨਵ ਊਨੀ ਨੇ ਗੂਗਲ ਰੀਡ ਅਲੌਂਗ ਐਪ ਨੂੰ ਪੇਸ਼ ਕੀਤਾ। ਇਹ ਮਹੱਤਵਪੂਰਨ ਐਪਲੀਕੇਸ਼ਨ ਵਿਦਿਆਰਥੀਆਂ ਦੇ ਪੜ੍ਹਨ ਦੇ ਹੁਨਰ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਲਈ ਟੈਕਸਟ-ਟੂ-ਸਪੀਚ ਅਤੇ ਆਵਾਜ਼ ਪਛਾਣ ਤਕਨੀਕਾਂ ਦੁਆਰਾ ਅਤਿ ਆਧੁਨਿਕ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦੀ ਹੈ।
ਡੀਸੀ ਨੇ ਉਮੀਦ ਪ੍ਰਗਟਾਈ ਕਿ ਇਹ ਪਾਇਲਟ ਪ੍ਰਾਜੈਕਟ ਸਫ਼ਲ ਹੋਣ ’ਤੇ ਨਾ ਸਿਰਫ਼ ਪਟਿਆਲਾ ਦੇ ਵਿਦਿਅਕ ਖੇਤਰ ਨੂੰ ਲਾਭ ਹੋਵੇਗਾ, ਸਗੋਂ ਇਹ ਭਾਰਤ ਵਿੱਚ ਸਿੱਖਿਆ ਦੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਦੇ ਨਾਲ ਰਾਜ ਅਤੇ ਰਾਸ਼ਟਰ ਪੱਧਰ ’ਤੇ ਮਾਡਲ ਵਜੋਂ ਵੀ ਕੰਮ ਕਰੇਗਾ। ਗੂਗਲ ਨਾਲ ਕੀਤੀ ਜਾਣ ਵਾਲੀ ਇਸ ਸਾਂਝੇਦਾਰੀ ਦਾ ਉਦੇਸ਼ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਤਹਿਤ ਸਕੂਲਾਂ ਵਿੱਚ ਗੂਗਲ ਰੀਡ ਅਲੌਂਗ ਐਪ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਵੇਗਾ। ਇਹ ਐਪ ਵਿਦਿਆਰਥੀਆਂ ਲਈ ਸਟੋਰੀ ਟੈਲਿੰਗ ਤੇ ਪੜ੍ਹਨ ਵਿੱਚ ਮਦਦ ਕਰੇਗੀ ਤੇ ਇਸ ਲਈ ਸਿੱਖਿਆ ਵਿਭਾਗ ਵੱਲੋਂ ਕਹਾਣੀਆਂ ਲਿਖਤ ਤੇ ਆਡੀਓ ਰੂਪ ਵਿਚ ਪ੍ਰਦਾਨ ਕੀਤੀਆਂ ਜਾਣਗੀਆਂ। ਮੀਟਿੰਗ ਮੌਕੇ ਪਟਿਆਲਾ ਪ੍ਰਸ਼ਾਸਨ ਅਤੇ ਗੂਗਲ ਦਰਮਿਆਨ ਸਮਝੌਤਾ (ਐੱਮਓਯੂ) ਕਰਨ ਦੀ ਵੀ ਸਹਿਮਤੀ ਬਣੀ। ਸਾਕਸ਼ੀ ਸਾਹਨੀ ਨੇ ਅੱਗੇ ਕਿਹਾ, ਇਸ ਦੀ ਵਰਤੋਂ ਹਰ ਉਮਰ ਦੇ ਵਿਦਿਆਰਥੀਆਂ ਲਈ ਦਿਲਚਸਪ ਅਤੇ ਪਹੁੰਚਯੋਗ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਹਿਮਤੀ ਪੱਤਰ ਦੇ ਜ਼ਰੀਏ, ਦੋਵੇਂ ਧਿਰਾਂ ਵਿਦਿਆਰਥੀਆਂ ਲਈ ਸਿੱਖਣ ਦੇ ਤਜਰਬੇ ਨੂੰ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੋਣਗੀਆਂ ਕਿ ਉਨ੍ਹਾਂ ਦੀ ਪਹੁੰਚ ਨਵੀਨਤਾਕਾਰੀ ਵਿਦਿਅਕ ਸਾਧਨਾਂ ਤੱਕ ਹੋ ਜਾਵੇ ਹੈ।ਇਸ ਮੌਕੇ ਏਡੀਸੀ(ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡੀਈਓ (ਸੈਕੰਡਰੀ) ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਰਚਨਾ ਮਹਾਜਨ ਹਾਜ਼ਰ ਸਨ।