ਸਵੱਛ ਭਾਰਤ ਮਿਸ਼ਨ ਤਹਿਤ ਪਾਇਲਟ ਪ੍ਰੋਜੈਕਟ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਸਤੰਬਰ
ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਨਾਭਾ ਗੇਟ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਦਾ ਮੁੱਖ ਮਕਸਦ ਸ਼ਹਿਰ ਵਿੱਚ ਕੂੜੇ ਦੀ ਮਿਕਦਾਰ ਨੂੰ ਖ਼ਤਮ ਕਰਨਾ ਅਤੇ ਸ਼ਹਿਰ ਨੂੰ ਸਾਫ਼ ਰੱਖਣਾ ਹੈ। ਇਸ ਸਮੇਂ ਵਿਧਾਇਕ ਵੱਲੋਂ ਹੋਰਨਾਂ ਅਧਿਕਾਰੀਆਂ ਤੇ ਪਾਰਟੀ ਅਹੁਦੇਦਾਰਾਂ ਸਣੇ ਨਾਭਾ ਗੇਟ, ਸ਼ਾਹੀ ਸਮਾਧਾ ਸਾਹਮਣੇ ਬਣੇ ਕੂੜੇ ਦੇ ਸੈਕੰਡਰੀ ਡੰਪ ’ਤੇ ਕੂੜਾ ਨਾ ਸੁੱਟਣ ਸਬੰਧੀ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਵਿਧਾਇਕ ਨੇ ਦੱਸਿਆ ਇਸ ਡੰਪ ਨੂੰ ਖ਼ਤਮ ਕਰਨ ਉਪਰੰਤ ਇਸ ਜਗ੍ਹਾ ਨੂੰ ਵਧੀਆ ਦਿੱਖ ਦੇਣ ਦੀ ਦਿਸ਼ਾ ਵਿੱਚ ਢੁਕਵੇਂ ਕਦਮ ਪੁੱਟੇ ਜਾਣਗੇ।
ਇਸ ਸਬੰਧ ਵਿੱਚ ਲਹਿਲ ਕਲੋਨੀ ਆਦਿ ਇਲਾਕੇ ’ਚ ਘਰ ਘਰ ਪ੍ਰਚਾਰ ਕਰ ਕੇ ਲੋਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਰੱਖਣ ਤੇ ਕੂੜਾ ਸੈਕੰਡਰੀ ਡੰਪ ’ਤੇ ਨਾ ਸੁੱਟਣ ਸਬੰਧੀ ਪ੍ਰੇਰਿਤ ਕੀਤਾ। ਇਸ ਸਮੇਂ ਗੁਰਿੰਦਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ, ਸਮੂਹ ਮੋਟੀਵੇਟਰ ਅਤੇ ਸਫਾਈ ਸੇਵਕ, ਪਾਰਟੀ ਵਰਕਰ ਆਦਿ ਹਾਜ਼ਰ ਸਨ।