ਕਪਾਲ ਮੋਚਨ ਮੇਲੇ ਵਿੱਚ ਸ਼ਰਧਾਲੂ ਆਉਣੇ ਸ਼ੁਰੂ
ਦਵਿੰਦਰ ਸਿੰਘ
ਯਮੁਨਾਨਗਰ, 13 ਨਵੰਬਰ
ਇੱਥੇ ਇਤਿਹਾਸਕ ਤੀਰਥਰਾਜ ਕਪਾਲ ਮੋਚਨ ਤੀਰਥ ਵਿੱਚ ਵੱਖ-ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਯਮੁਨਾਨਗਰ ਜ਼ਿਲ੍ਹੇ ਵਿੱਚ ਬਿਲਾਸਪੁਰ ਦੇ ਨੇੜੇ ਸਥਿਤ ਇਸ ਤੀਰਥ ’ਤੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਦੇ ਮੌਕੇ ’ਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ ਅਤੇ ਤਿੰਨ ਪਵਿੱਤਰ ਸਰੋਵਰਾਂ ਜਿਨ੍ਹਾਂ ਵਿੱਚ ਰਿਣ ਮੋਚਨ, ਕਪਾਲ ਮੋਚਨ ਅਤੇ ਸੂਰਜ ਕੁੰਡ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦੀਵੇ ਬਾਲ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ । ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਇਸ਼ਨਾਨ ਕਰਕੇ ਭਗਵਾਨ ਸ਼ਿਵ ਵੀ ਬ੍ਰਹਮ ਕਪਾਲੀ ਦੇ ਦੋਸ਼ ਤੋਂ ਮੁਕਤ ਹੋਏ ਸੀ । ਇਸ ਕਰਕੇ ਇੱਥੋਂ ਦਾ ਗਊ ਵੱਛਾ ਮੰਦਰ ਸ਼ਰਧਾਲੂਆਂਦੀ ਖਿੱਚ ਦਾ ਕੇਂਦਰ ਹੈ। ਉਨ੍ਹਾਂ ਮੁਤਾਬਕ ਕੁਰੂਕਸ਼ੇਤਰ ਵਿੱਚ ਮਹਾਭਾਰਤ ਦੀ ਜੰਗ ਜਿੱਤਣ ਤੋਂ ਬਾਅਦ ਪਾਂਡਵ ਇੱਥੇ ਆਏ ਸਨ ਅਤੇ ਆਪਣੇ ਪਾਪਾਂ ਤੋ ਮੁਕਤੀ ਪਾਈ ਸੀ। ਇੱਕ ਪ੍ਰਾਚੀਨ ਕਥਾ ਅਨੁਸਾਰ ਸਿੰਧੂਵਣ ਦਾ ਇਹ ਸਥਾਨ ਰਿਸ਼ੀ-ਮੁਨੀਆਂ ਦੇ ਤਪੋਭੂਮੀ ਰਿਹਾ ਹੈ। ਪ੍ਰਾਚੀਨ ਕਾਲ ਤੋਂ ਇਸ ਧਰਤੀ ‘ਤੇ ਕਪਾਲੇਸ਼ਵਰ ਮਹਾਦੇਵ (ਕਲੇਸਰ) ਅਤੇ ਚੰਦੇਸ਼ਵਰ ਮਹਾਦੇਵ (ਕਾਲਾ ਅੰਬ) ਨਾਮਕ ਤੀਰਥ ਅਸਥਾਨ ਸਥਿਤ ਹਨ, ਜਿਨ੍ਹਾਂ ਵਿਚ 360 ਯੱਗ ਕੁੰਡ ਹਨ । ਇਸ ਤੋਂ ਇਲਾਵਾ ਇਸ ਸਥਾਨ ’ਤੇ ਸਮੇਂ ਸਮੇਂ ਤੇ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਵੀ ਆਏ ਸਨ । ਸ਼ਰਧਾਲੂ ਇੱਥੇ ਵੀ ਨਤਮਸਤਕ ਹੁੰਦੇ ਹਨ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਊਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਜਿੱਥੇ ਮਰੀਜ਼ਾਂ ਦੀ ਮੁਫਤ ਜਾਂਚ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਮਨੋਰੰਜਨ ਲਈ ਪੰਜਾਬੀ ਗੀਤਾਂ, ਭਜਨਾਂ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । ਪੁਲੀਸ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।