ਕਪਾਲ ਮੋਚਨ ਮੇਲੇ ਵਿੱਚ ਪੁੱਜਣ ਲੱਗੇ ਸ਼ਰਧਾਲੂ
ਪੱਤਰ ਪ੍ਰੇਰਕ
ਯਮੁਨਾਨਗਰ, 9 ਨਵੰਬਰ
ਇੱਥੇ ਅੰਤਰਰਾਜੀ ਮੇਲਾ ਕਪਾਲ ਮੋਚਨ ਵਿੱਚ ਵੱਡੀ ਗਿਣਤੀ ਸ਼ਰਧਾਲੂ ਆਉਣੇ ਸ਼ੁਰੂ ਹੋਏ ਗਏ ਹਨ, ਜਦੋਂ ਕਿ ਮੇਲੇ ਦੀ ਰਸਮੀ ਸ਼ੁਰੂਆਤ 11 ਨਵੰਬਰ ਨੂੰ ਹੋਵੇਗੀ। ਇਸ ਸਬੰਧੀ ਉਪ ਮੰਡਲ ਅਫਸਰ ਬਿਲਾਸਪੁਰ ਅਤੇ ਮੇਲਾ ਪ੍ਰਬੰਧਕ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਦੀ ਅਗਵਾਈ ਹੇਠ ਮੇਲੇ ਦੇ ਲੋੜੀਂਦੇ ਪ੍ਰਬੰਧਾਂ ਦਾ ਕੰਮ ਅੰਤਿਮ ਪੜਾਅ ’ਤੇ ਹੈ। ਮੇਲੇ ਦਾ ਉਦਘਾਟਨ 11 ਨਵੰਬਰ ਨੂੰ ਹੋਵੇਗਾ, ਜਿਸ ਵਿੱਚ ਡਿਵੀਜ਼ਨਲ ਕਮਿਸ਼ਨਰ ਅੰਬਾਲਾ ਗੀਤਾ ਭਾਰਤੀ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਕਪਾਲ ਮੋਚਨ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਤਿੰਨ ਪਵਿੱਤਰ ਝੀਲਾਂ ਕਪਾਲ ਮੋਚਨ ਸਰੋਵਰ, ਲੋਨ ਮੋਚਨ ਸਰੋਵਰ ਅਤੇ ਸੂਰਜ ਕੁੰਡ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਪਲ ਮੋਚਨ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੇਲਾ ਅਜੇ ਸ਼ੁਰੂ ਵੀ ਨਹੀਂ ਹੋਇਆ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੇਲਾ ਸਥਲ ’ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਯਾਤਰੀਆਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੁਲੀਸ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਮੇਲੇ ਦੇ ਸਮੁੱਚੇ ਖੇਤਰ ਨੂੰ 4 ਸੈਕਟਰਾਂ ਵਿੱਚ ਵੰਡਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਮੇਲੇ ਵਿੱਚ ਨਾ ਲੈ ਕੇ ਆਉਣ। ਇਸ ਮੌਕੇ ਐੱਸਡੀਓ ਪੰਚਾਇਤੀ ਰਾਜ ਰਣਧੀਰ ਸਿੰਘ, ਮੇਲਾ ਅਫ਼ਸਰ ਤੇ ਬੀਡੀਪੀਓ ਕਾਰਤਿਕ ਚੌਹਾਨ ਤੇ ਬਿਲਾਸਪੁਰ ਦੇ ਤਹਿਸੀਲਦਾਰ ਗੌਰਵ ਸਭਰਵਾਲ ਆਦਿ ਹਾਜ਼ਰ ਸਨ।