ਸ਼ਰਧਾਲੂਆਂ ਨੂੰ ਭਾਰਤੀ ਕਰੰਸੀ ਦੀ ਥਾਂ ਡਾਲਰ ਲਿਆਉਣ ਦਾ ਸੁਝਾਅ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਅਕਤੂਬਰ
ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਸੁਝਾਅ ਦਿੱਤਾ ਗਿਆ ਹੈ ਕਿ ਉਹ ਇਸ ਯਾਤਰਾ ’ਤੇ ਆਉਣ ਸਮੇਂ ਭਾਰਤੀ ਕਰੰਸੀ ਦੀ ਥਾਂ ਵਿਦੇਸ਼ੀ ਕਰੰਸੀ ਅਤੇ ਖਾਸ ਕਰਕੇ ਯੂਐੱਸ ਡਾਲਰ ਲੈ ਕੇ ਆਉਣ। ਇਸ ਵਾਰ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਹੈ ਅਤੇ ਇਸ ਸਬੰਧ ਵਿੱਚ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ 23 ਨਵੰਬਰ ਨੂੰ ਵਾਪਸ ਪਰਤੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਖਾਸ ਕਰਕੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਇਸ ਵਾਰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਆਉਣ ਸਮੇਂ ਆਪਣੇ ਨਾਲ ਭਾਰਤੀ ਕਰੰਸੀ ਲਿਆਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਇਸ ਸਬੰਧੀ ਭਾਰਤੀ ਕਰੰਸੀ ਬਦਲਣ ਵੇਲੇ ਮੁਸ਼ਕਲ ਆਉਣ ਅਤੇ ਇਸ ਦਾ ਭਾਅ ਘੱਟ ਮਿਲਣ ਦਾ ਖਦਸ਼ਾ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਤੋਂ ਬਾਅਦ ਸ਼ਰਧਾਲੂਆਂ ਨੂੰ ਇਸ ਬਾਰੇ ਅਗਾਊਂ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਵਿਦੇਸ਼ੀ ਕਰੰਸੀ ਵਜੋਂ ਅਮਰੀਕੀ ਡਾਲਰ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਇਨ੍ਹਾਂ ਨੂੰ ਤਬਦੀਲ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਆਉਣ ਤੋਂ ਪਹਿਲਾਂ ਭਾਰਤੀ ਕਰੰਸੀ ਨੂੰ ਯੂਐੱਸ ਡਾਲਰ ਜਾਂ ਪੌਂਡ ਵਿੱਚ ਤਬਦੀਲ ਕਰਵਾ ਲਿਆ ਜਾਵੇ।