ਪਿਹੋਵਾ: ਕਾਂਗਰਸ ਅਤੇ ਭਾਜਪਾ ਵਰਕਰਾਂ ’ਚ ਹੋਈਆਂ ਝੜਪਾਂ
ਸਤਪਾਲ ਰਾਮਗੜ੍ਹੀਆ
ਪਿਹੋਵਾ, 5 ਅਕਤੂਬਰ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ| ਦੁਪਹਿਰ ਬਾਅਦ ਮੱਠੀ ਪਈ ਵੋਟਿੰਗ ਦੀ ਰਫ਼ਤਾਰ ਦੇਰ ਸ਼ਾਮ ਤੱਕ ਵਧ ਗਈ। ਲੋਕ ਸਭਾ ਚੋਣਾਂ ਵਿੱਚ ਜਿੱਥੇ ਪਿਹੋਵਾ ਖੇਤਰ ਵਿੱਚ 60.6 ਫੀਸਦੀ ਵੋਟਿੰਗ ਹੋਈ ਸੀ, ਉਥੇ ਇਸ ਵਾਰ 65 ਫ਼ੀਸਦੀ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਪਿੰਡ ਮੁਰਤਜਾਪੁਰ ਅਤੇ ਅਰੁਣੇ ਵਿੱਚ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਮਾਮੂਲੀ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਪਿੰਡ ਅਰੁਨਾਏ ਵਿੱਚ ਕਾਂਗਰਸੀ ਵਰਕਰਾਂ ਨੇ ਭਾਜਪਾ ਉਮੀਦਵਾਰ ਜੈ ਭਗਵਾਨ ਸ਼ਰਮਾ ’ਤੇ ਧੱਕਾ-ਮੁੱਕੀ ਕਰਨ ਦੇ ਦੋਸ਼ ਲਾਏ। ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਨੇ ਮੌਕੇ ’ਤੇ ਮੌਜੂਦ ਬੀਐੱਲਓ ਅਤੇ ਸਰਪੰਚ ਦੇ ਪਤੀ ਨਾਲ ਬਹਿਸ ਕੀਤੀ ਅਤੇ ਧੱਕਾ-ਮੁੱਕੀ ਕੀਤੀ। ਇਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਅਤੇ ਦੋਵਾਂ ਧਿਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ। ਬਾਅਦ ਵਿੱਚ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲੀਸ ਨੇ ਦਖਲ ਦੇ ਕੇ ਮਾਮਲਾ ਠੰਡਾ ਕਰਵਾਇਆ। ਭਾਜਪਾ ਉਮੀਦਵਾਰ ਜੈ ਭਗਵਾਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਂਗਰਸੀ ਵਰਕਰ ਅਤੇ ਸਰਪੰਚ ਦਾ ਪਤੀ ਬੂਥ ਦੇ ਅੰਦਰ ਬੈਠੇ ਹਨ। ਇਸ ਸੂਚਨਾ ’ਤੇ ਉਹ ਪਿੰਡ ਦੇ ਬੂਥ ’ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਦੂਜੇ ਲੋਕਾਂ ਨੂੰ ਬੂਥ ਛੱਡਣ ਲਈ ਕਿਹਾ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮੁਰਤਜਾਪੁਰ ਵਿੱਚ ਵੀ ਇੱਕ ਹੋਰ ਵਿਅਕਤੀ ਵੋਟਰ ਦੇ ਨਾਲ ਬੂਥ ਦੇ ਅੰਦਰ ਗਿਆ ਅਤੇ ਈਵੀਐੱਮ ਦਾ ਬਟਨ ਦਬਾ ਦਿੱਤਾ ਪਰ ਵੋਟਰ ਕਿਸੇ ਹੋਰ ਦੇ ਹੱਕ ਵਿੱਚ ਵੋਟ ਪਾਉਣਾ ਚਾਹੁੰਦਾ ਸੀ। ਇਸ ਮਾਮਲੇ ਨੂੰ ਲੈ ਕੇ ਬਾਹਰ ਖੜ੍ਹੇ ਕਾਂਗਰਸੀਆਂ ਅਤੇ ਭਾਜਪਾ ਦੇ ਲੋਕਾਂ ਵਿਚਾਲੇ ਤਕਰਾਰ ਹੋ ਗਈ। ਜਿਨ੍ਹਾਂ ਨੂੰ ਪੁਲੀਸ ਨੇ ਬਾਹਰ ਕੱਢ ਦਿੱਤਾ, ਇੱਥੇ ਵੀ ਮਾਮਲਾ ਸ਼ਾਂਤੀਪੂਰਵਕ ਹੱਲ ਹੋ ਗਿਆ।